ਬੀ.ਐਲ. ਪੁਰੋਹਿਤ ਨੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਖਾਤਮੇ ਲਈ ਆਮ ਲੋਕਾਂ ਤੋਂ ਸਹਿਯੋਗ ਮੰਗਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਪੱਟੀ ਨਾਲ ਸਬੰਧਤ ਸਰਪੰਚਾਂ ਨਾਲ ਗੱਲਬਾਤ ਕਰਦਿਆਂ ਸਰਹੱਦ ਪਾਰੋਂ ਹੁੰਦੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਸਹਿਯੋਗ ਮੰਗਿਆ ਹੈ।
ਉਨ੍ਹਾਂ ਸਰਹੱਦੀ ਇਲਾਕੇ ‘ਚ ਹੁੰਦੀ ਗ਼ੈਰਕਾਨੂੰਨੀ ਮਾਈਨਿੰਗ ਉਤੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਇਸ ਮਾਈਨਿੰਗ ਨਾਲ ਸਰਹੱਦ ਉਤੇ ਬਣੇ ਫੌਜ ਦੇ ਮੋਰਚੇ, ਬੰਕਰ ਅਤੇ ਪੁਲਾਂ ਤੱਕ ਨੂੰ ਨੁਕਸਾਨ ਹੋ ਰਿਹਾ ਹੈ, ਜੋ ਰਾਸ਼ਟਰ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਸਰਹੱਦੀ ਲੋਕਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਸਰਹੱਦੀ ਲੋਕ ਤਸਕਰੀ ਤੇ ਮਾਈਨਿੰਗ ਵਰਗੇ ਖਤਰਿਆਂ ਤੋਂ ਸੁਚੇਤ ਹੋ ਜਾਣ ਤਾਂ ਇਹ ਕੁਰੀਤੀਆਂ ਨੂੰ ਜਲਦੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸਰਹੱਦੀ ਖੇਤਰ ਦੇ 6 ਜ਼ਿਲ੍ਹਿਆਂ ਵਿੱਚ ਨਾਗਰਿਕ ਸੁਰੱਖਿਆ ਕਮੇਟੀਆਂ ਬਣਾਉਣ ਜੋ ਕਿ ਆਪਣੇ-ਆਪਣੇ ਇਲਾਕੇ ਵਿੱਚ ਸਮਾਜਿਕ ਮੁੱਦਿਆਂ ‘ਤੇ ਕੰਮ ਕਰਨ। ਸਰਹੱਦੀ ਖੇਤਰ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਫੌਜ ਦੀ ਅਗਨੀਪਥ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਰਾਜਪਾਲ ਨੇ ਕਿਹਾ ਕਿ ਸਰਹੱਦ ਪਾਰੋਂ ਤਸਕਰੀ ਦੁਸ਼ਮਣ ਦੇਸ਼ ਦੀ ਚਾਲ ਹੈ ਜੋ ਕਿ ਸਿੱਧੇ ਤੌਰ ‘ਤੇ ਸਾਡੇ ਨਾਲ ਨਹੀਂ ਲੜ ਸਕਦਾ, ਪਰ ਅਜਿਹੀਆਂ ਸਾਜ਼ਿਸ਼ਾਂ ਨਾਲ ਦੇਸ਼ ਨੂੰ ਕਮਜ਼ੋਰ ਕਰਨ ਦੀ ਨੀਅਤ ਰੱਖਦਾ ਹੈ। ਉਨ੍ਹਾਂ ਤਸਕਰੀ ਦੇ ਖਾਤਮੇ ਲਈ ਪੰਚਾਂ-ਸਰਪੰਚਾਂ ਦੇ ਨਾਲ-ਨਾਲ ਮੀਡੀਆ ਤੋਂ ਵੀ ਸਹਿਯੋਗ ਮੰਗਿਆ। ਰਾਜਪਾਲ ਨੇ ਦੱਸਿਆ ਕਿ ਉਹ ਇਕ ਸਾਲ ਵਿੱਚ ਤੀਜੀ ਵਾਰ ਇਸ ਮਿਸ਼ਨ ‘ਤੇ ਆਏ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਤਸਕਰਾਂ ਅਤੇ ਪੁਲੀਸ ਦੀ ਕਥਿਤ ਮਿਲੀਭੁਗਤ ਹੈ ਤੇ ਇਸ ਗੱਠਜੋੜ ਨੂੰ ਵੀ ਤੋੜਨ ਦੀ ਲੋੜ ਹੈ। ਰਾਜਪਾਲ ਨੇ ਇਸ ਤੋਂ ਬਾਅਦ ਪੁਲਿਸ, ਬੀਐੱਸਐੱਫ, ਫੌਜ, ਰਾਅ, ਇੰਟੈਲੀਜੈਂਸ, ਪ੍ਰਸ਼ਾਸਨ ਅਤੇ ਸਰਹੱਦੀ ਖੇਤਰ ਵਿੱਚ ਦੇਸ਼ ਦੀ ਸੁਰੱਖਿਆ ਲਈ ਕੰਮ ਕਰਦੀਆਂ ਏਜੰਸੀਆਂ ਦੇ ਮੁਖੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ, ਲਾਲਜੀਤ ਸਿੰਘ ਭੁੱਲਰ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਪ੍ਰਿੰਸੀਪਲ ਸੈਕਟਰੀ ਜੇਐਮ ਬਾਲਾਮੁਰੂਗਨ, ਪ੍ਰਿੰਸੀਪਲ ਸੈਕਟਰੀ ਰਮੇਸ਼ ਕੁਮਾਰ ਗੇਂਟਾ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ, ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਹਰ ਪਿੰਡ ਵਿੱਚ 11 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਬਣਾਉਣ ਦੇ ਨਿਰਦੇਸ਼
ਪਠਾਨਕੋਟ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਾਜਾਇਜ਼ ਖਣਨ ਰੋਕਣ ਲਈ ਪ੍ਰਸ਼ਾਸਨ ਅਤੇ ਪੁਲਿਸ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਉਹ ਇੱਥੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਦਾ ਪਤਾ ਕਰਨ ਲਈ ਸਰਪੰਚਾਂ ਤੇ ਪੰਚਾਂ ਨੂੰ ਮਿਲਣ ਆਏ ਸਨ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਮੁੱਖ ਸਕੱਤਰ ਵੀ ਕੇ ਜੰਜੂਆ, ਡੀਜੀਪੀ ਗੌਰਵ ਯਾਦਵ, ਵਿਧਾਇਕ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪੁਰੋਹਿਤ ਨੇ ਕਿਹਾ ਕਿ ਸਰਹੱਦੀ ਖੇਤਰ ਵਿਚ ਨਾਜਾਇਜ਼ ਖਣਨ ਰੋਕਣ ਲਈ ਹਰ ਪਿੰਡ ਵਿਚ 11 ਮੈਂਬਰੀ ਸੁਰੱਖਿਆ ਕਮੇਟੀ ਬਣਾਈ ਜਾਵੇ। ਉਨ੍ਹਾਂ ਨਾਜਾਇਜ਼ ਖਣਨ ਕਰਨ ਵਾਲਿਆਂ ਨੂੰ ਦੇਸ਼ ਦਾ ਗੱਦਾਰ ਐਲਾਨਦਿਆਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਖਣਨ ਐਕਟ ਤੋਂ ਇਲਾਵਾ ਦੇਸ਼ ਧਰੋਹ ਦਾ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਹੋਣ ਨਾਲ ਸਰਹੱਦੀ ਖੇਤਰ ਅੰਦਰ ਪੁਲਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਉਥੇ ਬਣੇ ਹੋਏ ਬੀਐੱਸਐੱਫ ਤੇ ਫੌਜ ਦੇ ਬੰਕਰ ਟੁੱਟ ਰਹੇ ਹਨ। ਇਸ ਦੇ ਨਾਲ ਸਰਹੱਦੀ ਖੇਤਰ ਵਿੱਚ ਡਰੋਨਾਂ ਦੀਆਂ ਗਤੀਵਿਧੀਆਂ ਕਾਫੀ ਵਧ ਗਈਆਂ ਹਨ। ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਹਰ ਪਿੰਡ ਵਿੱਚ 11 ਮੈਂਬਰੀ ਪੇਂਡੂ ਸੁਰੱਖਿਆ ਕਮੇਟੀ ਬਣਾਈ ਜਾਵੇ। ਇਹ ਕਮੇਟੀ ਚੌਕਸ ਰਹੇ ਅਤੇ ਜਦ ਵੀ ਕਿਸੇ ਪਿੰਡ ਵਿੱਚ ਕੋਈ ਮਸ਼ਕੂਕ ਨਜ਼ਰ ਆਵੇ ਤਾਂ ਉਸ ਬਾਰੇ ਉਥੋਂ ਦੇ ਸਰਪੰਚ ਰਾਹੀਂ ਪੁਲਿਸ ਤੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਕਹੇ ਜਾ ਸਕਦੇ ਕਿਉਂਕਿ ਨਾਜਾਇਜ਼ ਖਣਨ ਸ਼ਰ੍ਹੇਆਮ ਹੋ ਰਹੀ ਹੈ। ਇਸ ਦੀ ਕਿਵੇਂ ਇਜਾਜ਼ਤ ਦਿੱਤੀ ਜਾ ਰਹੀ ਹੈ।
ਰਾਜਪਾਲ ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਪਾਕਿ ਤੋਂ ਡਰੋਨ ਆਇਆ
ਗੁਰਦਾਸਪੁਰ : ਰਾਜਪਾਲ ਬੀਐੱਲ ਪੁਰੋਹਿਤ ਤੇ ਡੀਜੀਪੀ ਗੌਰਵ ਯਾਦਵ ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਹੀ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵੱਲ ਡਰੋਨ ਭੇਜਿਆ ਗਿਆ। ਇਸ ਮੌਕੇ ਬੀਐਸਐਫ ਜਵਾਨਾਂ ਨੇ ਨੌਂ ਗੋਲੀਆਂ ਚਲਾਈਆਂ ਤੇ ਡਰੋਨ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ। ਬੀਐੱਸਐੱਫ ਅਧਿਕਾਰੀਆਂ ਅਨੁਸਾਰ ਪਾਕਿਸਤਾਨ ਵੱਲੋਂ ਸਰਹੱਦ ਨੇੜੇ ਡਰੋਨ ਭੇਜਿਆ ਗਿਆ ਪਰ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ ਜਿਸ ਕਾਰਨ ਡਰੋਨ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਪੂਰੇ ਖੇਤਰ ਵਿਚ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ
ਕਿਹਾ : ਧਰਮਾਂ ਪ੍ਰਤੀ ਗਲਤ ਸੋਚ ਰੱਖਣ ਵਾਲਾ ਵਿਅਕਤੀ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ …