Breaking News
Home / ਪੰਜਾਬ / ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਿਆ : ਸਿੱਧੂ

ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਿਆ : ਸਿੱਧੂ

ਕਿਸਾਨਾਂ ਦਾ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਦਾਅਵਾ
ਪਟਿਆਲਾ : ਪਟਿਆਲਾ ਨੇੜਲੇ ਪਿੰਡ ਜਲਾਲਪੁਰ ਵਿੱਚ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਕਾਨੂੰਨ ਬਣਾਉਣਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਿਸ ‘ਚ ਕੇਂਦਰ ਸਰਕਾਰ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਇਸਦੇ ਬਾਵਜੂਦ ਖੇਤੀ ਕਾਨੂੰਨ ਥੋਪ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ‘ਤੇ ਦੋਹਰਾ ਡਾਕਾ ਮਾਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਭਾਵੇਂ ਰਹਿੰਦੇ ਕਾਰਜਕਾਲ ਦੌਰਾਨ ਸਾਰੇ ਵਰਗਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ ਪਰ ਕਿਸਾਨਾਂ ਦੇ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਮੁਕੰਮਲ ਤੌਰ ‘ਤੇ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ ਐੱਸਵਾਈਐੱਲ ਦੇ ਮਾਮਲੇ ‘ਤੇ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਂਗ ਦਲੇਰਾਨਾ ਕਦਮ ਚੁੱਕਣੇ ਚਾਹੀਦੇ ਹਨ।
ਭਾਵੇਂ ਕਿ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਜਲਾਲਪੁਰ ਦੇ ਘਰ ਆਏ ਸਨ ਪਰ ਪਿਛਲੇ ਦਿਨੀਂ ਕੁਝ ਕਾਂਗਰਸੀ ਕਾਰਕੁਨਾਂ ਵੱਲੋਂ ਜਲਾਲਪੁਰ ਦੀ ਨੁਕਤਾਚੀਨੀ ਕਰਨ ਮਗਰੋਂ ਸਿੱਧੂ ਬਤੌਰ ਪ੍ਰਧਾਨ ਫਿਰ ਦੋ ਮੰਤਰੀਆਂ, ਦੋ ਵਿਧਾਇਕਾਂ ਤੇ ਹੋਰਾਂ ਸਮੇਤ ਖੁਦ ਚੱਲ ਕੇ ਜਲਾਲਪੁਰ ਦੇ ਘਰ ਪੁੱਜੇ। ਜਲਾਲਪੁਰ ਦੇ ਘਰ ਪਹੁੰਚਦਿਆਂ ਹੀ ਸਿੱਧੂ ਨੇ ਕਿਹਾ ਕਿ ਜਲਾਲਪੁਰ ਦੀ ਚੋਣ ਨੂੰ ਉਹ (ਸਿੱਧੂ) ਆਪਣੀ ਚੋਣ ਸਮਝ ਕੇ ਲੜਨਗੇ, ਇਸ ਲਈ ਜਲਾਲਪੁਰ ਦਾ ਵਿਰੋਧ ਕਰਨ ਦੀ ਕੋਈ ਵੀ ਕਾਰਵਾਈ ਸਿੱਧੇ ਰੂਪ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਵਿਰੋਧਤਾ ਦੇ ਤੁੱਲ ਹੋਵੇਗੀ।
ਪਾਰਟੀ ਵਰਕਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਖਿਲਾਫ ਕਾਰਵਾਈ ਮੰਗੀ
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ, ਵਿਧਾਇਕ ਕੁਲਬੀਰ ਜ਼ੀਰਾ ਅਤੇ ਦਵਿੰਦਰ ਘੁਬਾਇਆ ਨੇ ਜਲਾਲਪੁਰ ਨੂੰ ਕਾਂਗਰਸ ਪਾਰਟੀ ਦਾ ਮਜ਼ਬੂਤ ਥੰਮ੍ਹ ਦੱਸਦਿਆਂ ਸਿੱਧੂ ਕੋਲ ਜਲਾਲਪੁਰ ਦਾ ਵਿਰੋਧ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਸਿਫਾਰਸ਼ ਕੀਤੀ। ਰੰਧਾਵਾ ਅਤੇ ਚੰਨੀ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਨ ਵਾਲਿਆਂ ਖਿਲਾਫ ਵਧੇਰੇ ਸਖਤੀ ਨਾਲ ਪੇਸ਼ ਆਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਵਰਕਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕੇ। ਵਿਧਾਇਕ ਜ਼ੀਰਾ ਨੇ ਨਾਅਰਾ ਵੀ ਦਿੱਤਾ ਕਿ ‘ਘਰ ਘਰ ਚੱਲੀ ਗੱਲ, ਸਿੱਧੂ ਕਰਨਗੇ ਪਾਰਟੀ ਦੇ ਮਸਲੇ ਹੱਲ’।

Check Also

ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਦਰਮਿਆਨ ਟਕਰਾਅ

ਖਨੌਰੀ ਬਾਰਡਰ ਨੌਜਵਾਨ ਕਿਸਾਨ ਦੀ ਗਈ ਜਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੀ 13 ਫਰਵਰੀ ਤੋਂ ਸ਼ੁਰੂ …