ਸਾਰਾਗੜ੍ਹੀ ਦਿਵਸ ਮੌਕੇ ਡਾਕ ਟਿਕਟ ਜਾਰੀ ਤੇ ਕਿਤਾਬ ਰਿਲੀਜ਼
ਸ਼ਹੀਦ ਜਵਾਨਾਂ ਦੇ ਵਾਰਸਾਂ ਦਾ ਕੀਤਾ ਗਿਆ ਸਨਮਾਨ
ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਸਾਰਾਗੜ੍ਹੀ ਦੀ ਲੜਾਈ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਰੈਜੀਮੈਂਟ ਦੇ 21 ਬਹਾਦਰ ਜਵਾਨਾਂ ਦੀ ਯਾਦ ‘ਚ ਸੋਮਵਾਰ ਨੂੰ ਇੱਥੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ‘ਚ ਰਾਜ ਪੱਧਰੀ ਸਮਾਗਮ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਬਨਿਟ ਮੰਤਰੀ ਨੇ ਸ਼ਹੀਦੀ ਸਮਾਰਕ ‘ਤੇ ਨਤਮਸਤਕ ਹੋ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਾਰਾਗੜ੍ਹੀ ਵਿੱਚ ਦਿਖਾਈ ਗਈ ਬਹਾਦਰੀ ਵਰਗੀ ਮਿਸਾਲ ਪੂਰੇ ਸੰਸਾਰ ਵਿਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ, ਜਿੱਥੇ ਸਿਰਫ 21 ਜਵਾਨਾਂ ਨੇ ਦੁਸ਼ਮਣਾਂ ਦੇ 10 ਹਜ਼ਾਰ ਜਵਾਨਾਂ ਨਾਲ ਇੰਨੀ ਬਹਾਦਰੀ ਨਾਲ ਮੁਕਾਬਲਾ ਕੀਤਾ ਹੋਵੇ। ਇਹ ਲੜਾਈ ਨਾ ਸਿਰਫ਼ ਭਾਰਤ ਬਲਕਿ ਦੁਨੀਆਂ ਦੀਆਂ ਇਤਿਹਾਸਕ ਲੜਾਈਆਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ।
ਇਸ ਸਮਾਗਮ ਵਿਚ ਸ਼ਹੀਦ ਜਵਾਨਾਂ ਦੇ ਵਾਰਸ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ। ਮੁੱਖ ਮਹਿਮਾਨ ਨੇ ਇਸ ਲੜਾਈ ਦੇ ਇਤਿਹਾਸ ਨਾਲ ਸਬੰਧਤ ਇੱਕ ਕਿਤਾਬ ਵੀ ਰਿਲੀਜ਼ ਕੀਤੀ। ਇਸ ਮੌਕੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਜੇਐੱਸ ਚੀਮਾ ਅਤੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਜੀਐੱਸ ਜੋਸਨ ਨੇ ਸਿੱਖ ਜਵਾਨਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਦਿਹਾਤੀ ਹਲਕੇ ਤੋਂ ਵਿਧਾਇਕ ਰਜਨੀਸ਼ ਦਹੀਆ ਤੇ ਸ਼ਹਿਰੀ ਹਲਕੇ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੇਜਰ ਜਨਰਲ ਐੱਚਐੱਸ ਵਾਂਦਰਾ, ਡਿਪਟੀ ਜੀਓਸੀ, ਡੀਐੱਸ ਮੂਰਤੀ, ਬ੍ਰਿਗੇਡੀਅਰ ਜੇਐੱਸ ਅਰੋੜਾ ਤੇ ਕੈਪਟਨ ਅਮਰਜੀਤ ਸਿੰਘ ਵੀ ਮੌਜੂਦ ਸਨ।
ਸਾਬਕਾ ਫੌਜੀਆਂ ਵੱਲੋਂ ਕੈਬਨਿਟ ਮੰਤਰੀ ਦਾ ਘਿਰਾਓ
ਸਮਾਗਮ ਵਿੱਚ ਪੁੱਜੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਜੀਓਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਗਾਰਡੀਅਨ ਆਫ ਗਵਰਨੈਂਸ (ਜੀਓਜੀ) ਵਜੋਂ ਭਰਤੀ ਕੀਤੇ ਗਏ ਸਾਬਕਾ ਫੌਜੀਆਂ ਨੇ ਪਹਿਲਾਂ ਤਾਂ ਕੈਬਨਿਟ ਮੰਤਰੀ ਦੀ ਆਮਦ ‘ਤੇ ਕਾਲੀਆਂ ਝੰਡੀਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਤੇ ਬਾਅਦ ਵਿੱਚ ਉਨ੍ਹਾਂ ਦੇ ਸੰਬੋਧਨ ਦੌਰਾਨ ਪੰਡਾਲ ਵਿਚੋਂ ਉੱਠ ਕੇ ਬਾਹਰ ਚਲੇ ਗਏ। ਮੁੱਖ ਮਹਿਮਾਨ ਦੀ ਆਮਦ ਮੌਕੇ ਪੁਲਿਸ ਨੂੰ ਕੈਬਨਿਟ ਮੰਤਰੀ ਦੀ ਗੱਡੀ ਨਿਰਧਾਰਤ ਗੇਟ ਦੀ ਬਜਾਏ ਦੂਜੇ ਗੇਟ ਤੋਂ ਅੰਦਰ ਲਿਜਾਣੀ ਪਈ। ਇਸ ਦੌਰਾਨ ਪੁਲਿਸ ਅਤੇ ਜੀਓਜੀ ਵਿਚਾਲੇ ਤਿੱਖੀ ਬਹਿਸ ਹੋਈ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਵੀ ਤਲਖ਼ ਲਹਿਜ਼ੇ ਵਿਚ ਗੱਲ ਕਰਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਜੀਓਜੀ ਦੇ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਨੌਕਰੀ ਤੋਂ ਹਟਾਏ ਜਾਣ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵਾਇਰਲ ਆਡੀਓ ਸਬੰਧੀ ਮੀਡੀਆ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਸਰਾਰੀ ਉਥੋਂ ਚਲੇ ਗਏ। ਕੈਬਨਿਟ ਮੰਤਰੀ ਦੇ ਗੰਨਮੈਨਾਂ ਨੇ ਮੀਡੀਆ ਨਾਲ ਕਥਿਤ ਬਦਸਲੂਕੀ ਵੀ ਕੀਤੀ।
ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ‘ਚ ਗੁਰਮਤਿ ਸਮਾਗਮ
ਅੰਮ੍ਰਿਤਸਰ : ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰਾਗੜ੍ਹੀ ਜੰਗ ਦੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਜਿਸ ਵੀ ਖੇਤਰ ਵਿਚ ਪੈਰ ਰੱਖਿਆ, ਉਥੇ ਹੀ ਸਿਦਕਦਿਲੀ ਅਤੇ ਸਮਰਪਣ ਭਾਵਨਾ ਨਾਲ ਕਾਮਯਾਬੀ ਹਾਸਲ ਕੀਤੀ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …