ਅੰਮ੍ਰਿਤਸਰ/ਬਿਊਰੋ ਨਿਊਜ਼ : ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਖਿਲਾਫ ਚੱਲ ਰਹੇ ਵਿਵਾਦ ਦੇ ਮਾਮਲੇ ਵਿੱਚ ਤਖਤ ਦੇ ਪੰਜ ਪਿਆਰਿਆਂ ਨੇ ਉਨ੍ਹਾਂ ਨੂੰ ਤਨਖ਼ਾਹੀਆ ਐਲਾਨਿਆ ਹੈ। ਜਥੇਦਾਰ ਖਿਲਾਫ ਆਰੋਪ ਲਾਉਣ ਵਾਲੇ ਨੂੰ ਵੀ ਤਨਖ਼ਾਹ ਲਾਈ ਗਈ ਹੈ। ਇਸ ਸਬੰਧੀ ਜਾਰੀ ਕੀਤੇ ਹੁਕਮਨਾਮੇ ‘ਤੇ ਤਖ਼ਤ ਦੇ ਸੀਨੀਅਰ ਗ੍ਰੰਥੀ ਭਾਈ ਦਲੀਪ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਗੁਰਦਿਆਲ ਸਿੰਘ, ਵਧੀਕ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ, ਗ੍ਰੰਥੀ ਭਾਈ ਸੁਖਦੇਵ ਸਿੰਘ ਅਤੇ ਗ੍ਰੰਥੀ ਪਰਸ਼ੂ ਰਾਮ ਸਿੰਘ ਵੱਲੋਂ ਦਸਤਖ਼ਤ ਕੀਤੇ ਗਏ ਹਨ। ਦੂਜੀ ਧਿਰ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ। ਇਸ ਤਿੰਨ ਦਿਨ ਦੇ ਸਮੇਂ ਦੌਰਾਨ ਉਹ ਰੋਜ਼ਾਨਾ ਇੱਕ ਘੰਟਾ ਜੋੜੇ ਝਾੜਨ ਤੇ ਭਾਂਡੇ ਮਾਂਜਣ ਉਪਰੰਤ ਮੁਆਫ਼ੀ ਲਈ ਅਰਦਾਸ ਕਰਵਾਉਣ।