ਰੇਲਵੇ ਭਰਤੀ ਘੁਟਾਲਾ ਮਾਮਲੇ ’ਚ ਚਾਰ ਟਿਕਾਣਿਆਂ ’ਤੇ ਛਾਪੇਮਾਰੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਅੱਜ ਬੁੱਧਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਓਐਸਡੀ ਰਹੇ ਭੋਲਾ ਯਾਦਵ ਨੂੰ ਗਿ੍ਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿ੍ਰਫਤਾਰੀ ਰੇਲਵੇ ਭਰਤੀ ਘੁਟਾਲੇ ਨਾਲ ਜੁੜੇ ਮਾਮਲੇ ਵਿਚ ਹੋਈ ਹੈ। ਏਨਾ ਹੀ ਨਹੀਂ ਸੀਬੀਆਈ ਨੇ ਬਿਹਾਰ ਦੇ ਪਟਨਾ ਅਤੇ ਦਰਭੰਗਾ ਵਿਚ ਭੋਲਾ ਯਾਦਵ ਦੇ ਚਾਰ ਟਿਕਾਣਿਆਂ ’ਤੇ ਛਾਪੇ ਵੀ ਮਾਰੇ ਹਨ। ਜ਼ਿਕਰਯੋਗ ਹੈ ਕਿ ਭੋਲਾ ਯਾਦਵ 2004 ਤੋਂ 2009 ਤੱਕ ਲਾਲੂ ਯਾਦਵ ਦੇ ਓਐਸਡੀ ਰਹੇ। ਲਾਲੂ ਯਾਦਵ ਉਸ ਸਮੇਂ ਕੇਂਦਰ ਸਰਕਾਰ ਵਿਚ ਰੇਲ ਮੰਤਰੀ ਸਨ। ਉਸੇ ਸਮੇਂ ਰੇਲਵੇ ਵਿਚ ਭਰਤੀ ਘੁਟਾਲਾ ਹੋਇਆ ਸੀ। ਭੋਲਾ ਯਾਦਵ ’ਤੇ ਆਰੋਪ ਹੈ ਕਿ ਉਹ ਹੀ ਭਰਤੀ ਘੁਟਾਲੇ ਦਾ ਸਰਗਣਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸੀਬੀਆਈ ਵਲੋਂ ਲੰਘੇ ਮਈ ਮਹੀਨੇ ਇਸ ਮਾਮਲੇ ਵਿਚ ਲਾਲੂ ਯਾਦਵ ਨਾਲ ਜੁੜੀਆਂ 17 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਸੀਬੀਆਈ ਦੀ ਇਹ ਕਾਰਵਾਈ ਕਰੀਬ 14 ਘੰਟੇ ਚੱਲੀ ਸੀ। ਇਹ ਛਾਪੇ ਲਾਲੂ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਦੇ ਪਟਨਾ, ਗੋਪਾਲਗੰਜ ਅਤੇ ਦਿੱਲੀ ਸਥਿਤ ਥਾਵਾਂ ’ਤੇ ਮਾਰੇ ਗਏ ਸਨ।