ਪਾਰਕ ਵਿਚ ਖ਼ੁਦ ਤਿਆਰ ਕੀਤੇ ਤਾਜ਼ੇ ਲਜ਼ੀਜ਼ ਭੋਜਨ ਦਾ ਮਿਲ ਕੇ ਅਨੰਦ ਮਾਣਿਆਂ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਦਸਾਂ ਸਾਲ ਤੋਂ ਵਿਚਰ ਰਹੀ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ 25 ਜੂਨ ਨੂੰ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਫ਼ੈਰੀ ‘ਤੇ ਟੂਰ ਲਾਇਆ। ‘30,000 ਆਈਲੈਂਡ ਕੂਈਨ ਕਰੂਜ਼ ਲਾਈਨ’ ਉੱਪਰ ਬਾਅਦ ਦੁਪਹਿਰ ਇਕ ਵਜੇ ਤੋਂ ਚਾਰ ਵਜੇ ਤੱਕ ਤਿੰਨ ਘੰਟੇ ਲੰਮੀ ਦਿਲਚਸਪ ਰਾਈਡ ਦਾ ਅਨੰਦ mfnx ਤੋਂ ਬਾਅਦ ਨੇੜੇ ਹੀ ਇਕ ਪਾਰਕ ਵਿਚ ਜਾ ਮੁਕਾਮ ਕੀਤਾ ਅਤੇ ਉੱਥੇ ਹੰਢੇ-ਵਰਤੇ ਕੁੱਕ ਰਜਿੰਦਰ ‘ਰਾਜੂ’ ਦੀ ਅਗਵਾਈ ਵਿਚ ਖ਼ੁਦ ਤਾਜ਼ਾ ਖਾਣਾ ਤਿਆਰ ਕਰਕੇ ਸਾਰਿਆਂ ਮਿਲ ਕੇ ਛਕਿਆ। ਇਸ ਤਰ੍ਹਾਂ ਇਸ ਕਲੱਬ ਦਾ ਇਹ ਟੂਰ ਅਤੇ ਪਿਕਨਿਕ ‘ਟੂ-ਇਨ-ਵੰਨ’ ਹੋ ਗਏ ਜਿਸ ਨੂੰ ਸਾਰੇ ਮੈਂਬਰਾਂ ਨੇ ਖ਼ੂਬ ਮਾਣਿਆਂ। ਕਲੱਬ ਦੇ ਮੈਂਬਰਾਂ ਦੀ ਗ਼ੁਜ਼ਾਰਿਸ਼ ‘ਤੇ ਬਰੈਂਪਟਨ ਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਅਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਇਸ ਟੂਰ-ਕਮ-ਪਿਕਨਿਕ ਵਿਚ ‘ਸਪੈਸ਼ਲ਼ ਇਨਵਾਈਟੀਜ਼’ ਵਜੋਂ ਸ਼ਾਮਲ ਹੋਏ।
ਕਲੱਬ ਦੇ ਮੈਂਬਰ ਸਵੇਰੇ 8.30 ਵਜੇ ਤੱਕ ਏਅਰਪੋਰਟ ਰੋਡ ਤੇ ਕੰਟਰੀਸਾਈਡ ਡਰਾਈਵ ਵਾਲੇ ਪਲਾਜ਼ੇ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਜਿੱਥੇ ਸਕੂਲ ਬੱਸ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।
ਖਾਣ-ਪੀਣ ਦੀਆਂ ਵਸਤਾਂ, ਪਾਣੀ ਦੇ ਕਰੇਟ, ਸਾਫ਼ਟ-ਡਰਿੰਕਸ ਤੇ ਹੋਰ ‘ਸਾਜ਼ੋ-ਸਮਾਨ’ ਬੱਸ ਵਿਚ ਟਿਕਾਉਣ ਤੋਂ ਬਾਅਦ ਸਾਰੇ ਮੈਂਬਰ ਬੱਸ ਦੇ ਅੱਗੇ ਗਰੁੱਪ-ਫ਼ੋਟੋ ਲਈ ਜੁੜ ਗਏ ਅਤੇ ਫਿਰ ਜਲਦੀ ਹੀ ਉਹ ਬੱਸ ਵਿਚ ਸਵਾਰ ਹੋ ਗਏ। ਇਸ ਤਰ੍ਹਾਂ ਠੀਕ ਪੌਣੇ ਨੌਂ ਵਜੇ ਬੱਸ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ। ਬੈਰੀ ਅਤੇ ਉਸ ਤੋਂ ਅੱਗੇ ਪੈਰੀ ਸਾਊਂਡ ਨੂੰ ਜਾਣ ਵਾਲੇ ਹਾਈਵੇਅ ਨੰਬਰ 400 ਦੇ ਦੋਵੇਂ ਪਾਸੇ ਸਾਰੇ ਹਰੇ-ਭਰੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈਂਦੇ ਗਏ। ਬੈਰੀ ਤੋਂ ਅੱਗੇ ਜਾ ਕੇ ਸਾਢੇ ਕੁ ਦਸ ਵਜੇ ਜਦੋਂ ਸਾਰਿਆਂ ਨੂੰ ਕੁਝ ਭੁੱਖ ਮਹਿਸੂਸ ਹੋਣ ਲੱਗੀ ਤਾਂ ਕਲੱਬ ਦੇ ਵਾਲੰਟੀਅਰ ਜੀਤ ਨੇ ਹਰ ਵਾਰ ਦੀ ਤਰ੍ਹਾਂ ਕੁਲਵੰਤ ਧਾਲੀਵਾਲ ਦੇ ‘ਸੱਬ ਰੈੱਸਟੋਰੈਂਟ’ ਤੋਂ ਆਏ ਹੋਏ ‘ਸੱਬ’ ਸੱਭਨਾਂ ਨੂੰ ਵਰਤਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੇ ਨਾਲ ਹੀ ‘ਸਾਫ਼ਟ ਡਰਿੰਕਸ’ ਵੀ ਚੱਲ ਪਈਆਂ। ਸਵਾ ਬਾਰਾਂ ਵਜੇ ਬੱਸ ਪੈਰੀ ਸਾਊਂਡ ਫ਼ੈਰੀ ਸਟੇਸ਼ਨ ਦੇ ਸਾਹਮਣੇ ਵਾਲੀ ਪਾਰਕਿੰਗ ਵਿਚ ਜਾ ਖੜ੍ਹੀ ਹੋਈ।
ਜੰਗੀਰ ਸਿੰਘ ਸੈਂਹਬੀ ਜਿਨ੍ਹਾਂ ਨੇ ਇਸ ਟੂਰ ਦੇ ਲਈ ਬੱਸ ਅਤੇ ਫ਼ੈਰੀ ਦੀਆਂ ਟਿਕਟਾਂ ਦੀ ਅਗਾਊਂ-ਬੁਕਿੰਗ ਕਰਵਾਉਣ ਵਿਚ ਕਲੱਬ ਦੀ ਮਦਦ ਕੀਤੀ ਸੀ, ਦੇ ਨਾਲ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਫ਼ੈਰੀ ਦੀਆਂ ਟਿਕਟਾਂ ਲੈਣ ਚਲੇ ਗਏ ਅਤੇ ਬਾਕੀ ਮੈਂਬਰ ਛੋਟੇ-ਛੋਟੇ ਗਰੁੱਪਾਂ ਵਿਚ ਰੁੱਖਾਂ ਦੀ ਛਾਂ ਹੇਠ ਖੜੇ ਆਪਸੀ ਗੱਪ-ਸ਼ੱਪ ਵਿਚ ਰੁੱਝ ਗਏ।
ਠੀਕ ਇਕ ਵਜੇ ‘30000 ਕੁਈਨ ਫ਼ੈਰੀ ਕਰੂਜ਼’ ਜਿਸ ਵਿਚ ਇਕ ਸਮੇਂ 200 ਯਾਤਰੀਆਂ ਦੇ ਬੈਠਣ ਦੀ ਜਗ੍ਹਾ ਸੀ, ਦੇ ਕੈਪਟਨ ਨੇ ਹੂਟਰ ਦੀ ਲੰਮੀ ਆਵਾਜ਼ ਨਾਲ ਇਸ ਨੂੰ ਪੈਰੀ ਸਾਊਂਡ ਲੇਕ ਦੇ ਡੂੰਘੇ ਪਾਣੀ ਵਿਚ ਠੇਲ੍ਹ ਲਿਆ।
ਰਸਤੇ ਵਿਚ ਉਹ ਵੱਖ-ਵੱਖ ਟਾਪੂਆਂ ਜਿਨ੍ਹਾਂ ਦੇ ਨਾਂ ਵੱਖ-ਵੱਖ ਮਸ਼ਹੂਰ ਵਿਅੱਕਤੀਆਂ ਅਤੇ ਥਾਵਾਂ ਦੇ ਨਾਂ ‘ਤੇ ਰੱਖੇ ਹੋਏ ਸਨ, ਬਾਰੇ ਦਿਲਚਸਪ ਜਾਣਕਾਰੀ ਦਿੰਦਾ ਹੋਇਆ ਇਸ ਨੂੰ ਅੱਗੇ ਤੋਰੀ ਗਿਆ। ਇਕ ਥਾਂ ‘ਤੇ ਬਣੇ ਪੁਰਾਣੇ ਅਧੂਰੇ ਜਿਹੇ ਜਾਪਦੇ ਪੁਲ਼ ਬਾਰੇ ਉਸ ਨੇ ਦੱਸਿਆ ਕਿ ਇਹ ਪੁਲ਼ ਡੇਢ ਸੌ ਸਾਲ ਤੋਂ ਵੱਧ ਪੁਰਾਣਾ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਫ਼ੈਰੀਆਂ ਜਾਂ ਹੋਰ ਛੋਟੇ ਜਹਾਜਾਂ ਦੇ ਲੰਘਣ ਸਮੇਂ ਇਸ ਦਾ ਵਿਚਕਾਰਲਾ ਹਿੱਸਾ ਦੂਸਰੀ ਦਿਸ਼ਾ ਵੱਲ ਬਿਲਕੁਲ 90 ਡਿਗਰੀ ‘ਤੇ ਘੁੰਮ ਜਾਂਦਾ ਹੈ ਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਇਹ ਫਿਰ ਆਪਣੀ ਪਹਿਲੀ ਹਾਲਤ ਵਿਚ ਆ ਜਾਂਦਾ ਹੈ, ਅਤੇ ਬੱਸਾਂ, ਗੱਡੀਆਂ, ਕਾਰਾਂ ਆਦਿ ਦਾ ਟਰੈਫ਼ਿਕ ਇਸ ਦੇ ਉੱਪਰ ਆਮ ਵਾਂਗ ਚੱਲਣ ਲੱਗ ਪੈਂਦਾ ਹੈ। ਫ਼ੈਰੀ ਦੇ ਟੁੱਟੇ ਹੋਏ ਜਾਪਦੇ ਪੁਲ਼ ਤੋਂ ਅੱਗੇ ਲੰਘਣ ਤੋਂ ਬਾਅਦ ਸਾਰਿਆਂ ਨੇ ਜਦੋਂ ਪਿੱਛੇ ਨਿਗਾਹ ਮਾਰੀ ਤਾਂ ਉਹ ਪੁਲ਼ ਹੌਲੀ-ਹੌਲ਼ੀ ਘੁੰਮਦਾ ਹੋਇਆ ‘ਅੱਧੇ-ਅਧੂਰੇ’ ਤੋਂ ‘ਸੰਪੂਰਨ-ਪੁਲ’ ਦਾ ਰੂਪ ਧਾਰਨ ਕਰ ਰਿਹਾ ਸੀ।
ਫ਼ੈਰੀ ਵਿਚ ਸਵਾਰ ਸਾਰੇ ਟੂਰਿਸਟ ਕੁਦਰਤ ਦੇ ਵੱਖ-ਵੱਖ ਰੰਗ ਮਾਣ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਇਨ੍ਹਾਂ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਸੈੱਲ-ਫ਼ੋਨਾਂ ਵਿਚ ਕੈਦ ਕਰਨ ਵਿਚ ਰੁੱਝੇ ਹੋਏ ਸਨ। ਕਲੱਬ ਦੇ ਬਹੁਤੇ ਮੈਂਬਰ ਫ਼ੈਰੀ ਦੀ ਸੱਭ ਤੋਂ ਉੱਪਰਲੀ ਮੰਜ਼ਲ ‘ਤੇ ਹੀ ਸਨ, ਜਦਕਿ ਕੁਝ ਸ਼ਾਇਦ ਧੁੱਪ ਦੇ ਸੇਕ ਤੋਂ ਡਰਦੇ ਜਾਂ ਕਿਸੇ ਹੋਰ ਕਾਰਨ ਇਸ ਤੋਂ ਹੇਠਲੀ, ਭਾਵ ਵਿਚਕਾਰਲੀ ਮੰਜ਼ਿਲ ਵਿਚ ਵੀ ਬੈਠੇ ਸਨ।
ਇਸ ਖ਼ੁਸ਼ੀ ਭਰਪੂਰ ਮਾਹੌਲ ਵਿਚ ਫ਼ੈਰੀ ‘ਤੇ ਘੁੰਮਦਿਆਂ ਪਤਾ ਹੀ ਲੱਗਾ ਕਿ ਕਦੋਂ ਚਾਰ ਵੱਜ ਗਏ ਅਤੇ ਫ਼ੈਰੀ ਪਾਣੀ ਵਿਚ ਆਪਣਾ ਵਿੰਗ-ਤੜਿੰਗਾ ਰੂਟ ਤੈਅ ਕਰਕੇ ਕਦੋਂ ਪਾਣੀ ਦੇ ਕਿਨਾਰੇ ਆਪਣੇ ਸਟੇਸ਼ਨ ‘ਤੇ ਆ ਲੱਗੀ। ਬਾਹਰ ਆ ਕੇ ਸਾਰੇ ਬੱਸ ਵੱਲ ਚੱਲ ਪਏ ਅਤੇ ਇਸ ਵਿਚ ਬੈਠ ਕੇ ਦਸਾਂ ਕੁ ਮਿੰਟਾਂ ਵਿਚ ਹੀ ਨੇੜਲੇ ਵਿਸ਼ਾਲ ‘ਪੈਰੀ ਸਾਊਂਡ ਡਿਸਟ੍ਰਿਕਟ ਮਿਊਜ਼ੀਅਮ ਪਾਰਕ’ ਵਿਚ ਪਹੁੰਚ ਗਏ। ਮਿਊਜ਼ੀਅਮ ਦੇ ਸਾਹਮਣੇ ਪਾਰਕ ਵਿਚ ਵਧੀਆ ਜਿਹੀ ਥਾਂ ਦੀ ਚੋਣ ਕਰਕੇ ਉੱਥੇ ਜਾ ਡੇਰੇ ਜਮਾਏ।
ਜੰਗੀਰ ਸਿੰਘ ਸੈਂਹਬੀ ਹੁਰਾਂ ਵੱੋਲੋਂ ਸਮੇਂ-ਸਮੇਂ ਅਤੇ ਇਸ ਵਾਰ ਵੀ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਦੁਪਹਿਰ ਦੇ ਖਾਣੇ ਲਈ ‘ਸੱਬ ਰੈਸਟੋਰੈਂਟ’ ਦੇ ਮਾਲਕ ਕੁਲਵੰਤ ਧਾਲੀਵਾਲ ਅਤੇ ਸ਼ਾਮ ਦਾ ਖਾਣਾ ਤਿਆਰ ਕਰਨ ਲਈ ਰਾਜੂ ਤੇ ਹੋਰ ਸਹਿਯੋਗੀਆਂ ਦਾ ਸ਼ੁਕਰੀਆ ਅਦਾ ਕੀਤਾ ਗਿਆ।
ਕਲੱਬ ਦੇ ਇਸ ਟੂਰ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਇਸ ਨੂੰ ਸਫ਼ਲ ਬਨਾਉਣ ਲਈ ਇਸ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਜੰਗੀਰ ਸਿੰਘ ਸੈਂਹਬੀ, ਡਾ. ਸੁਖਦੇਵ ਸਿੰਘ ਝੰਡ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਸ਼ਾਮੀਂ ਪੌਣੇ ਅੱਠ ਵਜੇ ਚੱਲ ਕੇ ਰਾਤ ਦੇ ਗਿਆਰਾਂ ਵਜੇ ਬੱਸ ਏਅਰਪੋਰਟ ਰੋਡ ਤੇ ਕੰਟਰੀਸਾਈਡ ਪਲਾਜ਼ੇ ਦੀ ਪਾਰਕਿੰਗ ਵਿਚ ਪਹੁੰਚੀ ਜਿੱਥੋਂ ਆਪੋ-ਆਪਣੀਆਂ ਗੱਡੀਆਂ ਵਿਚ ਸਾਰੇ ਘਰੋ-ਘਰੀ ਵਾਪਸ ਗਏ। ਇਸ ਤਰ੍ਹਾਂ ਟੀਪੀਏਆਰ ਕਲੱਬ ਦਾ ਇਹ ਟੂਰ-ਕਮ-ਪਿਕਨਿਕ ਦਾ ਪ੍ਰੋਗਰਾਮ ਬੇਹੱਦ ਸਫ਼ਲ ਰਿਹਾ ਜਿਸ ਦੇ ਲਈ ਕਲੱਬ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …