24 ਮਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਲਖੀਮਪੁਰ ਖੀਰੀ ਹਿੰਸਾ ਮਾਮਲੇ ਦਾ ਮੁੱਖ ਆਰੋਪੀ ਹੈ ਅਸ਼ੀਸ਼ ਮਿਸ਼ਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਆਰੋਪੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ’ਤੇ ਅੱਜ ਆਰੋਪ ਤੈਅ ਹੋਣੇ ਸਨ। ਪ੍ਰੰਤੂ ਕੋਰਟ ਵੱਲੋਂ 24 ਮਈ ਤੱਕ ਸੁਣਵਾਈ ਨੂੰ ਟਾਲ ਦਿੱਤਾ ਗਿਆ। ਅਸ਼ੀਸ਼ ਮਿਸ਼ਰਾ ਦੇ ਵਕੀਲ ਨੇ ਡਿਸਚਾਰਜ ਐਪਲੀਕੇਸ਼ਨ ਦਿੰਦੇ ਹੋਏ ਦਲੀਲ ਦਿੱਤੀ ਕਿ ਮੰਤਰੀ ਦਾ ਮੁੰਡਾ ਰਾਜ ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰੀਆ ਨੂੰ ਰਿਸੀਵ ਕਰਨ ਲਈ ਜਾ ਰਿਹਾ ਸੀ ਜਦੋਂ ਲਖੀਮਪੁਰ ਖੀਰੀ ਦੀ ਘਟਨਾ ਵਾਪਰੀ। ਅਸ਼ੀਸ਼ ਮਿਸ਼ਰਾ ਦੇ ਵਕੀਲ ਨੇ ਇਸ ਹਿੰਸਾ ਨੂੰ ਮਹਿਜ਼ ਇਕ ਘਟਨਾ ਦੱਸਿਆ ਅਤੇ ਵਕੀਲ ਨੇ ਕਿਹਾ ਕਿ ਇਸ ਨੂੰ ਸੋਚੀ ਸਮਝੀ ਸਾਜਿਸ਼ ਕਰਾਰ ਨਹੀਂ ਦਿੱਤਾ ਜਾ ਸਕਦਾ। ਇਸ ’ਤੇ ਕਿਸਾਨ ਪੱਖੀ ਵਕੀਲ ਮੁਹੰਮਦ ਅਮਾਨ ਨੇ ਇਤਰਾਜ ਦਾਖਲ ਕਰਦਿਆਂ ਅਰਜੀ ਦਾਇਰ ਕੀਤੀ ਗਈ, ਜਿਸ ਤੋਂ ਬਾਅਦ ਕੋਰਟ ਨੇ ਅਗਲੀ ਸੁਣਵਾਈ ਲਈ 24 ਮਈ ਤਹਿ ਕੀਤੀ ਹੈ। ਧਿਆਨ ਰਹੇ ਕਿ ਲੰਘੀ 3 ਅਕਤੂਬਰ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ’ਤੇ ਅਸ਼ੀਸ਼ ਮਿਸ਼ਰਾ ਨੇ ਗੱਡੀ ਚੜ੍ਹਾ ਦਿੱਤੀ ਸੀ, ਜਿਸ ਕਾਰਨ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਕਿਸਾਨਾਂ ਦੀ ਮੌਤ ਤੋਂ ਬਾਅਦ ਫੈਲੀ ਹਿੰਸਾ ਦੌਰਾਨ 4 ਕਿਸਾਨਾਂ ਸਮੇਤ 8 ਵਿਅਕਤੀਆਂ ਦੀ ਜਾਨ ਚਲੀ ਗਈ।