6 ਤੋਂ 12 ਸਾਲ ਉਮਰ ਦੇ ਬੱਚਿਆਂ ਦੇ ਲਗਾਈ ਜਾਵੇਗੀ ਕੋਵੈਕਸੀਨ
ਨਵੀਂ ਦਿੱਲੀ/ਬਿਊਰੋ ਨਿਊਜ਼
ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ 6 ਤੋਂ 12 ਸਾਲ ਉਮਰ ਤੱਕ ਦੇ ਬੱਚਿਆਂ ਲਈ ਭਾਰਤ ਬਾਇਓਟੈਕ ਦੀ ਕਰੋਨਾ ਰੋਕੂ ਵੈਕਸੀਨ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਜਾਇਡਸ ਕੈਡਿਲਾ ਦੀ ਜਾਇਕੋਵ ਡੀ ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਲਈ ਮਨਜੂਰੀ ਦਿੱਤੀ ਗਈ ਹੈ। ਇਹ ਫੈਸਲਾ ਡਰੱਗ ਕੰਟਰੋਲਰ ਆਫ ਇੰਡੀਆ ਦੀ ਸਬਜੈਕਟ ਐਕਸਪਰਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਵਿਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ 2 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਉਣ ਲਈ ਡੈਟਾ ਮੰਗਿਆ ਗਿਆ ਸੀ। ਦੱਸਣਯੋਗ ਹੈ ਕਿ ਫਿਲਹਾਲ 12 ਤੋਂ 14 ਸਾਲ ਦੇ ਬੱਚਿਆਂ ਨੂੰ ਕੋਰਬੋਵੈਕਸ ਵੈਕਸੀਨ ਦਿੱਤੀ ਜਾ ਰਹੀ ਹੈ ਅਤੇ 15 ਤੋਂ 17 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਦਾ ਡੋਜ ਦਿੱਤਾ ਜਾ ਰਿਹਾ ਹੈ। ਅੱਜ ਮਿਲੀ ਮਨਜੂਰੀ ਤੋਂ ਬਾਅਦ ਭਾਰਤ ਵਿਚ 6 ਤੋਂ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਤਿੰਨ ਤਰ੍ਹਾਂ ਦੀਆਂ ਕਰੋਨਾ ਵੈਕਸੀਨ ਲਗਾਈਆਂ ਜਾਣਗੀਆਂ।