ਪ੍ਰਿੰ. ਸਰਵਣ ਸਿੰਘ ਦੀ ਇਹ ਪੁਸਤਕ ‘ਪੰਜਾਬੀ ਖੇਡ ਸਾਹਿਤ’ ਲੜੀ ਦਾ ਤੀਜਾ ਭਾਗ ਹੈ। ਪਹਿਲੇ ਭਾਗ ਦਾ ਨਾਂ ‘ਸ਼ਬਦਾਂ ਦੇ ਖਿਡਾਰੀ’ ਸੀ, ਦੂਜੇ ਦਾ ‘ਖੇਡ ਸਾਹਿਤ ਦੀਆਂ ਬਾਤਾਂ’। ਪਹਿਲੇ ਭਾਗ ਵਿੱਚ 24 ਖੇਡ ਲੇਖਕਾਂ ਤੇ ਉਨ੍ਹਾਂ ਦੀਆਂ ਲਿਖਤਾਂ ਦਾ ਜ਼ਿਕਰ ਸੀ, ਦੂਜੇ ਵਿੱਚ 28 ਲੇਖਕਾਂ ਦਾ। ਇਸ ਭਾਗ ਵਿੱਚ 24 ਲੇਖਕਾਂ ਤੇ ਉਨ੍ਹਾਂ ਦੀਆਂ ਖੇਡ ਲਿਖਤਾਂ ਦਾ ਵੇਰਵਾ ਹੈ। ਉਮੀਦ ਹੈ ਚੌਥਾ ਭਾਗ ਵੀ ਛੇਤੀ ਛਪੇਗਾ। ਪੇਸ਼ ਹੈ ‘ਖੇਡ ਸਾਹਿਤ ਦੇ ਮੋਤੀਆਂ’ ਦੀ ਝਲਕ:
ਓਮ ਪ੍ਰਕਾਸ਼ ਗਾਸੋ ਨੱਬਿਆਂ ਨੂੰ ਢੁੱਕਾ ਸਰਗਰਮ ਲੇਖਕ ਹੈ। ਸਕੂਲ ‘ਚ ਉਹ ਪੀਟੀ ਮਾਸਟਰ ਹੁੰਦਾ ਸੀ ਤੇ ਕਾਲਜ ਵਿੱਚ ਪੰਜਾਬੀ ਦਾ ਪ੍ਰੋਫ਼ੈਸਰ। ਉਹ ਹਰਫਨਮੌਲਾ ਲੇਖਕ ਹੈ ਜੋ ਖੇਡ ਪੁਸਤਕਾਂ ਦੀਆਂ ਅਨੇਕਾਂ ਭੂਮਿਕਾਵਾਂ ਲਿਖ ਚੁੱਕੈ। ਸਿੱਧੂ ਦਮਦਮੀ ਪੰਜਾਬੀ ਮੀਡੀਏ ਦਾ ਸਿਕੰਦਰ ਹੈ। ਉਹ ‘ਪੰਜਾਬੀ ਟ੍ਰਿਬਿਊਨ’ ਦਾ ਐਡੀਟਰ ਸੀ ਜਿਸ ਨੇ ‘ਸਤਰਾਂ ਤੇ ਸੈਨਤਾਂ’ ਕਾਲਮ ਸਣੇ ‘ਸਾਹਿਬਾਂ ਦੀ ਦੁਚਿੱਤੀ’, ‘ਗੁਆਚੀ ਗੱਲ’ ਤੇ ‘ਖ਼ਬਰ ਖ਼ਤਮ’ ਪੁਸਤਕਾਂ ਲਿਖੀਆਂ। ਗੁਰਭਜਨ ਗਿੱਲ ਦਾ ਜੁੱਸਾ ਕਬੱਡੀ ਖਿਡਾਰੀਆਂ ਵਰਗਾ ਸੀ ਪਰ ਹੈ ਉਹ ਸ਼ਬਦਾਂ ਦਾ ਖਿਡਾਰੀ। ਕਲਾਕਾਰਾਂ ਦਾ ਕਲਾਕਾਰ, ਕਵੀਆਂ ਦਾ ਕਵੀ ਤੇ ਮੇਲਿਆਂ ਦਾ ਮੇਲੀ। ਰਹਿੰਦਾ ਲੁਧਿਆਣੇ ਹੈ, ਧਮਕ ਲਾਹੌਰ, ਲੰਡਨ ਤੇ ਲਾਸ ਏਂਜਲਸ ਤਕ ਪੈਂਦੀ ਐ।
ਰਾਜਦੀਪ ਸਿੰਘ ਗਿੱਲ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਵਜੋਂ ਘੱਟ, ਖਿਡਾਰੀਆਂ ਦੇ ਮਸੀਹੇ ਵਜੋਂ ਵੱਧ ਜਾਣਿਆ ਜਾਂਦਾ ਹੈ। ਉਹ ਸਾਲਾਂ-ਬੱਧੀ ਖੇਡਾਂ ਖਿਡਾਰੀਆਂ ਦਾ ਰਹਿਬਰ ਰਿਹਾ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਖੋਜ ਅਖਾੜੇ ਦਾ ਰੁਸਤਮ ਹੈ। ਪੰਜਾਬੀ ਖੇਡ ਸਾਹਿਤ ਦੀ ਪਹਿਲੀ ਪੀਐਚਡੀ ਕਰਨ ਵਾਲੇ ਡਾ. ਸੁਖਦਰਸ਼ਨ ਚਹਿਲ ਦਾ ਉਹ ਮੁੱਢਲਾ ਗਾਈਡ ਸੀ। ਮਾਨ ਮਰਾੜ੍ਹਾਂ ਵਾਲੇ ਦਾ ਗੀਤ ‘ਜਿਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ’ ਬੇਹੱਦ ਮਕਬੂਲ ਹੋਇਆ ਜਿਸ ਨੂੰ ਲੱਖਾਂ ਲੋਕਾਂ ਨੇ ਸੁਣਿਆਂ। ਉਹਦੇ ਲਿਖੇ ਤੇ ਸੁਖਵਿੰਦਰ ਦੇ ਗਾਏ ਗੀਤ ਦਾ ਮੁਖੜਾ ਹੈ: ਜਿਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ।
ਬ੍ਰਿਗੇਡੀਅਰ ਲਾਭ ਸਿੰਘ ਓਲੰਪੀਅਨ ਸੰਦੌੜ ਦੇ ਟਿੱਬਿਆਂ ਦਾ ਹੀਰਾ ਹਿਰਨ ਹੈ ਜਿਸ ਨੇ ਪਹਿਲੀ ਛਾਲ ਨਾਲ ਹੀ ਪੰਜਾਬ ਸਕੂਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਉਸ ਦੀ ਸਵੈਜੀਵਨੀ ਬੜੀ ਦਿਲਚਸਪ ਹੈ। ਪਿਆਰਾ ਸਿੰਘ ਰਛੀਨ ‘ਮੱਲ ਦੀਆਂ ਗੱਲਾਂ’ ਵਾਲੇ ਪ੍ਰੋ. ਕਰਮ ਸਿੰਘ ਦਾ ਮੁਰੀਦ ਸੀ। ਉਸ ਨੂੰ ਕੁਸ਼ਤੀ ਅਖਾੜਿਆਂ ਦਾ ਰੁਸਤਮ ਲੇਖਕ ਕਿਹਾ ਜਾ ਸਕਦੈ। ਸੋਹਣ ਸਿੰਘ ਚੀਮੇ ਨੇ ਸਚਿੱਤਰ ਪੁਸਤਕ ‘ਖੇਡ ਮੈਦਾਨ ‘ਚ ਅੱਧੀ ਸਦੀ’ ਲਿਖੀ ਜਿਸ ਵਿੱਚ ਕਬੱਡੀ ਦਾ ਅੱਖੀਂ ਡਿੱਠਾ ਇਤਿਹਾਸ ਦਰਜ ਕੀਤਾ। ਕਰਨਲ ਬਲਬੀਰ ਸਿੰਘ ਨੂੰ ਗੋਡੇ ਦੀ ਸੱਟ ਲੈ ਬੈਠੀ, ਨਹੀਂ ਤਾਂ ਇੱਕ ਦੀ ਥਾਂ ਤਿੰਨ ਓਲੰਪਿਕਸ ਖੇਡਦਾ। ਉਸ ਦੀ ਸਵੈਜੀਵਨੀ ‘ਸੰਸਾਰਪੁਰ ਤੋਂ ਲੰਡਨ’ ਹੈ। ਅਮਰ ‘ਸੂਫ਼ੀ’ ਨੇ ਖੇਡਾਂ ਖਿਡਾਰੀਆਂ ਬਾਰੇ ਦੋਹੇ ਤੇ ਬੈਂਤ ਲਿਖੇ ਹਨ। ਕ੍ਰਿਕਟ ਕੋਚ ਰਾਜਿੰਦਰ ਸਿੰਘ ਨੱਬਿਆਂ ਨੂੰ ਢੁੱਕਿਆ ਖੇਡ ਲੇਖਕ ਹੈ। ਉਸ ਦੇ ਸੈਂਕੜੇ ਆਰਟੀਕਲ ਛਪੇ ਹਨ ਤੇ ਅੱਧੀ ਦਰਜਨ ਖੇਡ ਪੁਸਤਕਾਂ।
ਸੰਸਾਰਪੁਰ ਦੇ ਜੰਮਪਲ ਪ੍ਰੋ. ਪੋਪਿੰਦਰ ਸਿੰਘ ਕੁਲਾਰ ਦੀ ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਉਹਦੇ ਪੀਐਚਡੀ ਦੇ ਖੋਜ ਪ੍ਰਬੰਧ ਉਤੇ ਆਧਾਰਿਤ ਹੈ। ਦੁਨੀਆ ਦਾ ਕੋਈ ਹੋਰ ਪਿੰਡ ਨਹੀਂ ਜਿਥੇ 14 ਓਲੰਪੀਅਨ ਖਿਡਾਰੀਆਂ ਦੇ ਘਰ ਇਕੋ ਬੀਹੀ ਵਿੱਚ ਹੋਣ। ਸਰਕਾਰ ਨੂੰ ਇਹ ਬੀਹੀ ‘ਖੇਡ ਵਿਰਾਸਤ’ ਵਜੋਂ ਸੰਭਾਲਣੀ ਚਾਹੀਦੀ ਹੈ। ਮਾਹਿਲਪੁਰ ਨੂੰ ਫੁੱਟਬਾਲ ਦਾ ਘਰ ਬਣਾਉਣ ਵਿੱਚ ਵੱਡਾ ਯੋਗਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਹਰਭਜਨ ਸਿੰਘ ਦਾ ਹੈ ਜਿਨ੍ਹਾਂ ਬਾਰੇ ਪ੍ਰੋ. ਅਜੀਤ ਸਿੰਘ ਲੰਗੇਰੀ ਨੇ ਪੁਸਤਕ ਲਿਖੀ। ਇਕਬਾਲ ਸਿੰਘ ਸਰੋਆ ਨੇ ਹਾਕੀ ਦੇ ਪੁਰਾਣੇ ਖਿਡਾਰੀਆਂ ਬਾਰੇ ਪੁਸਤਕ ਲਿਖੀ ‘ਹਾਕੀ ਦੇ ਸੁਲਤਾਨ’। ਉਸ ਵਿੱਚ ਵੀਹ ਓਲੰਪੀਅਨਾਂ ਦੇ ਸ਼ਬਦ ਚਿੱਤਰ ਹਨ। ਕਹਾਣੀਕਾਰ ਗੁਰਮੀਤ ਕੜਿਆਲਵੀ ਖੇਡ ਸ਼ੈਲੀ ਦਾ ਵੀ ਚੈਂਪੀਅਨ ਹੈ। ਸ਼ਬਦਾਂ ਦੇ ਪਾਸ ਤੇ ਵਾਕਾਂ ਦੇ ਪੈਨਲਟੀ ਕਾਰਨਰ ਲਾਉਣ ਦਾ ‘ਗੋਲ ਕਿੰਗ’! ਗੁਰਮੀਤ ਪਲਾਹੀ ਹਾਕੀ ਬੱਲੇ ਦਾ ਨਹੀਂ, ਕਲਮ ਦਾ ਖਿਡਾਰੀ ਹੈ। ਸੈਂਕੜੇ ਲੇਖ ਲਿਖੇ ਅਤੇ ਹਜ਼ਾਰਾਂ ਰੁੱਖ ਬੂਟੇ ਲਾਏ ਤੇ ਲੁਆਏ ਹਨ। ਅਮਰੀਕ ਸਿੰਘ ਭਾਗੋਵਾਲੀਏ ਨੇ ਸ਼ੌਂਕ-ਸ਼ੌਂਕ ਵਿੱਚ ਘੋੜਿਆਂ ਤੇ ਬਲਦਾਂ ਦੇ ਸ਼ੌਂਕੀਆਂ ਬਾਰੇ ਚਾਰ ਪੁਸਤਕਾਂ ਛਪਵਾਈਆਂ ਜਿਨ੍ਹਾਂ ‘ਚੋਂ ‘ਸਰਦਾਰਾਂ ਦੇ ਘੋੜੇ’ ਕੌਫ਼ੀ ਟੇਬਲ ਬੁੱਕ ਹੈ।
ਮਹਿੰਦਰ ਸਿੰਘ ਚਕਰ ਦੇ ਦੋ ਨਾਵਲ ‘ਕੱਲਰ ਦੇ ਕੰਵਲ’ ਤੇ ‘ਸੂਰਾ ਸੋ ਪਹਿਚਾਨੀਏ’ ਛਪੇ ਸਨ। ਜੇ ਏਕੇ ਸੰਤਾਲੀ ਨਾਲ ਅਨਿਆਈ ਮੌਤੇ ਨਾ ਮਾਰਿਆ ਜਾਂਦਾ ਤਾਂ ਆਪਣੀ ਪੋਤੀ ‘ਸਿਮਰ ਚਕਰ’ ਨੂੰ ਓਲੰਪੀਅਨ ਮੁੱਕੇਬਾਜ਼ ਬਣੀ ਵੇਖਦਾ ਅਤੇ 13 ਨਵੰਬਰ 2021 ਨੂੰ ਅਰਜਨਾ ਅਵਾਰਡ ਲੈਣ ਲਈ ਉਹਦੇ ਨਾਲ ਰਾਸ਼ਟਰਪਤੀ ਭਵਨ ਜਾਂਦਾ। ਸਤਵਿੰਦਰ ਸੁਹੇਲਾ ਅਲਬੇਲਾ ਖੇਡ ਲੇਖਕ ਸੀ। ਉਸ ਨੇ ਬਲਵਿੰਦਰ ਫਿੱਡੇ ਬਾਰੇ ਰੰਗੀਨ ਪੁਸਤਕ ਛਾਪੀ। ਫਿਰ ਉਹ ਪੰਜਾਹ ਸਾਲ ਦੀ ਉਮਰੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਆਪ ਵੀ ਖੂਹ ‘ਚ ਛਾਲ ਮਾਰ ਗਿਆ। ਸਚਿੱਤਰ ਪੁਸਤਕ ‘ਸਮਾਲਸਰ ਮੇਰਾ ਪਿੰਡ’ ਬੀਬੀ ਜੱਗੀ ਬਰਾੜ ਵੱਲੋਂ ਆਪਣੇ ਬਾਬਲ ਪਿੰਡ ਨੂੰ ਭੇਟ ਕੀਤਾ ਅਨਮੋਲ ਤੋਹਫ਼ਾ ਹੈ। ਰਵਿੰਦਰ ਚੋਟ ਖੇਡਾਂ-ਖਿਡਾਰੀਆਂ ਦੇ ਮਨੋਵਿਗਿਆਨ ਬਾਰੇ ਲਿਖਣ ਵਾਲਾ ਖੇਡ ਲੇਖਕ ਹੈ। ਜਗਦੇਵ ਬਰਾੜ ਦੀ ਰੀਝ ਪਹਿਲਵਾਨ ਜਾਂ ਕਬੱਡੀ ਦਾ ਤਕੜਾ ਖਿਡਾਰੀ ਬਣਨ ਦੀ ਸੀ ਜੋ ਪੂਰੀ ਨਾ ਹੋ ਸਕੀ। ਉਸੇ ਰੀਝ ਨੂੰ ਪੂਰੀ ਕਰਨ ਲਈ ਉਹ ਖੇਡ ਲੇਖਕ ਬਣ ਗਿਆ। ਅਮਰਿੰਦਰ ਗਿੱਦਾ ਦੀ ਪੁਸਤਕ ‘ਭਾਰਤੀ ਹਾਕੀ ਦੇ ਨਾਬਰ’ ਪੜ੍ਹ ਕੇ ਮੈਂ ਉਹਦਾ ਨਾਂ ਹੀ ‘ਅਮਰਿੰਦਰ ਨਾਬਰ’ ਰੱਖ ਲਿਆ। ਇਸ ਪੁਸਤਕ ਵਿੱਚ ਉਸ ਨੇ ਹਾਕੀ ਦੇ ਨਾਬਰ ਖਿਡਾਰੀਆਂ ਤੇ ਨਾਬਰ ਕੋਚਾਂ ਦੀਆਂ ਬਾਤਾਂ ਪਾਈਆਂ ਜਿਵੇਂ ਉਹ ਵੀ ਦੁੱਲੇ ਭੱਟੀ ਹੋਣ!
ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਛਾਪੀ ਹੈ ਜਿਨ੍ਹਾਂ ਦੇ ਫੋਨ 92090-00001, 99151-03490, 98152-43917 ਹਨ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …