ਨਵੀਂ ਦਿੱਲੀ : ਐਤਵਾਰ ਦੇਰ ਰਾਤ ਫਿਨਲੈਂਡ ਤੋਂ ਪਰਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਸੋਮਵਾਰ ਨੂੰ ਰਾਜ ਭਵਨ ਦੇ ਬਾਹਰ ਇਕ ਵਿਅਕਤੀ ਨੇ ਸਿਆਹੀ ਸੁੱਟ ਦਿੱਤੀ। ਉਹ ਸੋਮਵਾਰ ਦੁਪਹਿਰ 12 ਵਜੇ ਉਪ ਰਾਜਪਾਲ ਨੂੰ ਮਿਲਣ ਗਏ ਸਨ। ਉਪ ਰਾਜਪਾਲ ਨਾਲ ਅੱਧੇ ਘੰਟੇ ਦੀ ਮੁਲਾਕਾਤ ਮਗਰੋਂ ਜਿਵੇਂ ਹੀ ਸਿਸੋਦੀਆ ਨੇ ਬਾਹਰ ਆ ਕੇ ਮੀਡੀਆ ਨਾਲ ਗੱਲ ਕਰਨੀ ਚਾਹੀ ਤਾਂ ਇਸੇ ਦੌਰਾਨ ਬ੍ਰਜੇਸ਼ ਸ਼ੁਕਲਾ ਨਾਂ ਦੇ ਵਿਅਕਤੀ ਨੇ ਉਨ੍ਹਾਂ ‘ਤੇ ਸਿਆਹੀ ਸੁੱਟ ਦਿੱਤੀ। ਉਹ ਡੇਂਗੂ ਤੇ ਚਿਕਨਗੁਨੀਆ ਦੇ ਜ਼ੋਰ ਦੌਰਾਨ ਦਿੱਲੀ ਸਰਕਾਰ ਦੇ ਮੰਤਰੀਆਂ ਦੇ ਰਾਜਧਾਨੀ ਤੋਂ ਬਾਹਰ ਹੋਣ ਤੋਂ ਨਾਰਾਜ਼ ਸਨ। ਓਧਰ, ਮਨੀਸ਼ ਸਿਸੋਦੀਆ ਨੇ ਇਸ ਘਟਨਾ ਨੂੰ ਭਾਜਪਾ ਤੇ ਕਾਂਗਰਸ ਦੀ ਸਾਜ਼ਿਸ਼ ਦੱਸਿਆ ਹੈ। ਮਨੀਸ਼ ਸਿਸੋਦੀਆ ‘ਤੇ ਸਿਆਹੀ ਸੁੱਟਣ ਤੋਂ ਬਾਅਦ ਬ੍ਰਜੇਸ਼ ਸ਼ੁਕਲਾ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਮੰਤਰੀ ਸਾਡੇ ਪੈਸੇ ਨਾਲ ਬਾਹਰ ਘੁੰਮ ਰਹੇ ਹਨ। ਇਨ੍ਹਾਂ ਦਿਨਾਂ ਵਿਚ ਰਾਜਧਾਨੀ ‘ਚ ਚਿਕਨਗੁਨੀਆ ਤੇ ਡੇਂਗੂ ਕਾਰਨ ਲੋਕਾਂ ਨੂੰ ਭਾਜੜਾਂ ਪਈਆਂ ਹਨ। ਉਧਰ ਉੱਤਰੀ ਜ਼ਿਲ੍ਹੇ ਦੇ ਡੀਸੀਪੀ ਮਧੁਰ ਵਰਮਾ ਨੇ ਕਿਹਾ ਹੈ ਕਿ ਸਿਸੋਦੀਆ ‘ਤੇ ਸਿਆਹੀ ਸੁੱਟਣ ਦੇ ਦੋਸ਼ੀ ਬ੍ਰਜੇਸ਼ ਸ਼ੁਕਲਾ ਖ਼ਿਲਾਫ਼ ਦਿੱਲੀ ਸਰਕਾਰ ਨੇ ਸ਼ਿਕਾਇਤ ਕੀਤੀ ਹੈ। ਉਸ ਕੋਲੋਂ ਪੁੱਛਗਿੱਛ ਕੀਤਾ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬ੍ਰਜੇਸ਼ ਸ਼ੁਕਲਾ (41) ਆਰਟੀਆਈ ਵਰਕਰ ਹੈ। ਪਹਿਲਾਂ ਉਹ ‘ਆਪ’ ਨਾਲ ਜੁੜਿਆ ਸੀ। ਬਾਅਦ ਵਿਚ ਉਸ ਨੇ ਸਵਰਾਜ ਜਨਤਾ ਪਾਰਟੀ ਬਣਾਈ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …