Breaking News
Home / ਘਰ ਪਰਿਵਾਰ / ਕੀ ਪੂਤਿਨ ਅਮਰੀਕਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ?

ਕੀ ਪੂਤਿਨ ਅਮਰੀਕਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ?

ਸੁਰਜੀਤ ਸਿੰਘ ਫਲੋਰਾ
647-829-9397
ਵਲਾਦੀਮੀਰ ਪੁਤਿਨ ਦੁਆਰਾ ਯੂਕਰੇਨ ਵਿਰੁੱਧ ਜੰਗ ਛੇੜਨੀ ਘਿਨਾਉਣਾ ਅਤੇ ਹਾਸੋਹੀਣਾ ਕਾਰਾ ਹੈ। ਵਿਸ਼ਵ ਮੰਚ ‘ਤੇ ਪੂਤਿਨ ਹਿਟਲਰ ਵਾਂਗ ਕੰਮ ਕਰ ਰਹੇ ਹਨ। ਪੂਤਿਨ ਕਿਉਂਕਿ ਰੂਸੀ ਖੇਤਰ ਨੂੰ ਵਧਾਉਣਾ ਚਾਹੁੰਦਾ ਹੈ, ਇਸੇ ਲਈ ਉਸ ਨੇ ਇਕ ਸੁਤੰਤਰ, ਪ੍ਰਭੂਸੱਤਾ ਸੰਪੰਨ ਰਾਸ਼ਟਰ ਉੱਤੇ ਹਮਲਾ ਕੀਤਾ ਹੈ। ਕੀ ਪੂਤਿਨ ਸਿਰਫ਼ ਯੂਕਰੇਨ ‘ਤੇ ਹਮਲਾ ਕਰਕੇ ਰੂਸੀ ਖੇਤਰ ਨੂੰ ਵਧਾਉਣਾ ਚਾਹੁੰਦਾ ਹੈ, ਜਾਂ ਹੋਰ ਕਈ ਕਾਰਨ ਹਨ?
ਪਹਿਲਾਂ, ਪੁਤਿਨ ਅਮਰੀਕਾ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੁੰਦਾ ਹੈ ਅਤੇ ਇਕ ਉੱਭਰ ਰਹੇ ਰਾਸ਼ਟਰ ਨੂੰ ਪ੍ਰਫੁੱਲਿਤ ਨਹੀਂ ਹੋਣ ਦੇਣਾ ਚਾਹੁੰਦਾ। ਜਿਵੇਂ ਅਮਰੀਕਾ ਨੇ ਵੀਅਤਨਾਮ ‘ਤੇ ਹਮਲਾ ਕੀਤਾ ਸੀ, ਰੂਸ ਨੇ ਵੀ ਹੁਣ ਉਸੇ ਤਰ੍ਹਾਂ ਯੂਕਰੇਨ ‘ਤੇ ਧਾਵਾ ਬੋਲਿਆ ਹੈ। ਪੂਤਿਨ ਯੂਕਰੇਨ ਨੂੰ ਰੂਸ ਦਾ ਹਿੱਸਾ ਮੰਨਦਾ ਹੈ, ਭਾਵੇਂ ਇਹ ਇਕ ਸੁਤੰਤਰ ਲੋਕਤੰਤਰ ਹੈ। ਉਹ ਸਾਂਝੇ ਸੱਭਿਆਚਾਰ ਅਤੇ ਯੂਕਰੇਨ ਵਿਚ ਰਹਿ ਰਹੇ ਰੂਸੀਆਂ ਉੱਤੇ ਸਮੂਹਿਕ ਅੱਤਿਆਚਾਰਾਂ ਨੂੰ ਹਮਲੇ ਦੇ ਕਾਰਨਾਂ ਵਜੋਂ ਦੱਸ ਰਿਹਾ ਹੈ।
ਹਾਲਾਂਕਿ ਉਸ ਨੂੰ ਡਰ ਹੈ ਕਿ ਯੂਕਰੇਨ ਆਪਣੇ-ਆਪ ਨੂੰ ਨਾਟੋ ਨਾਲ ਜੋੜ ਦੇਵੇਗਾ ਜਿਸ ਨੇ ਪਹਿਲਾਂ ਹੀ ਪੂਰਬੀ ਅਤੇ ਮੱਧ ਯੂਰਪ ਦੇ ਬਹੁਤ ਸਾਰੇ ਸਹਿਯੋਗੀ ਲੱਭ ਲਏ ਹਨ। ਹੁਣ ਨਾਟੋ ਆਪਣੇ ਸਾਰੇ ਸਹਿਯੋਗੀਆਂ ਲਈ ਸੁਰੱਖਿਆ ਦੀ ਹਾਮੀ ਭਰਦਾ ਹੈ ਅਤੇ ਯੂਕਰੇਨ ਚਾਹੁੰਦਾ ਹੈ ਕਿ ਰੂਸ ਤੋਂ ਵੱਡੇ ਪੱਧਰ ‘ਤੇ ਹਮਲਿਆਂ ਨੂੰ ਰੋਕਿਆ ਜਾਵੇ ਜਿਵੇਂ ਹੁਣ ਹੋ ਰਹੇ ਹਨ। ਯੂਕਰੇਨ ਦੇ ਨਾਟੋ ਵਿਚ ਸ਼ਾਮਲ ਹੋਣ ਦਾ ਮਤਲਬ ਹੈ ਅਮਰੀਕਾ ਦਾ ਸਮਰਥਨ ਅਤੇ ਰੂਸ ਜਾਣਦਾ ਹੈ ਕਿ ਉਸ ਤੋਂ ਬਾਅਦ ਯੂਕਰੇਨ ‘ਤੇ ਹਮਲਾ ਕਰਨਾ ਅਮਰੀਕਾ ‘ਤੇ ਹਮਲਾ ਕਰਨ ਦੇ ਬਰਾਬਰ ਹੋਵੇਗਾ ਜੋ ਰੂਸ ਅਤੇ ਪੂਰੀ ਦੁਨੀਆ ਲਈ ਘਾਤਕ ਹੋਵੇਗਾ। ਰੂਸ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਨਾਟੋ ਵਿਚ ਸ਼ਾਮਲ ਹੁੰਦਾ ਹੈ ਤਾਂ ਨਾਟੋ ਦੀਆਂ ਫ਼ੌਜਾਂ ਯੂਕਰੇਨ ਦੀ ਮਦਦ ਕਰਨਗੀਆਂ। ਪਰ ਸਵਾਲ ਇਹ ਹੈ ਕਿ ਰੂਸ ਨਾਟੋ ਨੂੰ ਇੰਨੀ ਨਫ਼ਰਤ ਕਿਉਂ ਕਰਦਾ ਹੈ? ਇਸ ਨੂੰ ਸਮਝਣ ਲਈ, ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਨਾਟੋ ਕੀ ਹੈ। ਇਸ ਦੌਰਾਨ ਦੂਜਾ ਵਿਸ਼ਵ ਯੁੱਧ 1939 ਅਤੇ 1945 ਦੇ ਵਿਚਕਾਰ ਹੋਇਆ।
ਸੋਵੀਅਤ ਸੰਘ ਨੇ ਫਿਰ ਪੂਰਬੀ ਯੂਰਪ ਦੇ ਕੁਝ ਹਿੱਸਿਆਂ ਤੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਸੰਨ 1948 ਵਿਚ ਬਰਲਿਨ ਨੂੰ ਵੀ ਘੇਰ ਲਿਆ ਗਿਆ ਸੀ। ਫਿਰ ਸੰਯੁਕਤ ਰਾਜ ਅਮਰੀਕਾ ਨੇ ਸੋਵੀਅਤ ਯੂਨੀਅਨ ਦੀ ਵਿਸਥਾਰਵਾਦੀ ਨੀਤੀ ਨੂੰ ਰੋਕਣ ਲਈ 1949 ਵਿਚ ਨਾਟੋ ਦੀ ਸਥਾਪਨਾ ਕੀਤੀ। ਜਦੋਂ ਨਾਟੋ ਦਾ ਗਠਨ ਕੀਤਾ ਗਿਆ ਸੀ, ਉਦੋਂ ਇਸ ਵਿਚ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਫਰਾਂਸ, ਕੈਨੇਡਾ, ਇਟਲੀ, ਨੀਦਰਲੈਂਡ, ਆਈਸਲੈਂਡ, ਬੈਲਜੀਅਮ, ਲਕਜ਼ਮਬਰਗ, ਨਾਰਵੇ, ਪੁਰਤਗਾਲ ਅਤੇ ਡੈਨਮਾਰਕ ਸਮੇਤ 12 ਦੇਸ਼ ਸ਼ਾਮਲ ਸਨ। ਅੱਜ ਨਾਟੋ ਵਿਚ 30 ਦੇਸ਼ ਸ਼ਾਮਲ ਹਨ।
ਨਾਟੋ ਇਕ ਫ਼ੌਜੀ ਗੱਠਜੋੜ ਹੈ ਜਿਸ ਦਾ ਉਦੇਸ਼ ਇਕ ਸਾਂਝੀ ਸੁਰੱਖਿਆ ਨੀਤੀ ‘ਤੇ ਕੰਮ ਕਰਨਾ ਹੈ। ਜੇ ਕੋਈ ਹੋਰ ਦੇਸ਼ ਨਾਟੋ ਵਿਚ ਸ਼ਾਮਲ ਕਿਸੇ ਵੀ ਮੁਲਕ ‘ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਬਾਕੀ ਮੈਂਬਰ ਦੇਸ਼ਾਂ ‘ਤੇ ਹਮਲਾ ਮੰਨਿਆ ਜਾਂਦਾ ਹੈ ਅਤੇ ਨਾਟੋ ਦੇ ਸਾਰੇ ਮੈਂਬਰ ਦੇਸ਼ ਉਸ ਦੇਸ਼ ਦੀ ਸੁਰੱਖਿਆ ਵਿਚ ਮਦਦ ਕਰਦੇ ਹਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਦੋ ਧੜਿਆਂ ਵਿਚ ਵੰਡਿਆ ਗਿਆ ਸੀ। ਦੋ ਮਹਾ-ਸ਼ਕਤੀਸਾਲੀ ਦੇਸ਼ ਸਨ। ਇਕ ਸੀ ਸੰਯੁਕਤ ਰਾਜ ਅਮਰੀਕਾ ਅਤੇ ਦੂਜਾ ਸੋਵੀਅਤ ਯੂਨੀਅਨ ਸੀ। ਇਸ ਨੂੰ ਸੀਤ ਯੁੱਧ ਦੀ ਸ਼ੁਰੂਆਤ ਵੀ ਮੰਨਿਆ ਜਾਂਦਾ ਹੈ। 25 ਦਸੰਬਰ 1991 ਨੂੰ ਸੋਵੀਅਤ ਸੰਘ ਟੁੱਟ ਗਿਆ। ਫਿਰ 15 ਨਵੇਂ ਦੇਸ਼ ਬਣਾਏ ਗਏ। ਇਹ 15 ਦੇਸ਼ ਅਰਮੀਨੀਆ, ਅਜ਼ਰਬਾਈਜਾਨ, ਬੇਲਾਰੂਸ, ਐਸਟੋਨੀਆ, ਜਾਰਜੀਆ, ਕਜ਼ਾਕਿਸਤਾਨ, ਕਿਰਗਿਸਤਾਨ, ਲਾਤਵੀਆ, ਲਿਥੂਆਨੀਆ, ਮੋਲਡੋਵਾ, ਰੂਸ, ਤਜ਼ਾਕਿਸਤਾਨ, ਤੁਰਕਮੇਨਸਤਾਨ, ਯੂਕਰੇਨ ਅਤੇ ਉਜ਼ਬੇਕਿਸਤਾਨ ਹਨ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਦੁਨੀਆ ਵਿਚ ਇੱਕੋ-ਇੱਕ ਮਹਾ-ਸ਼ਕਤੀ ਬਚੀ ਸੀ ਸੰਯੁਕਤ ਰਾਜ ਅਮਰੀਕਾ। ਉਦੋਂ ਤੋਂ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦਾ ਦਾਇਰਾ ਵਧਿਆ ਹੈ। ਸੋਵੀਅਤ ਸੰਘ ਤੋਂ ਵੱਖ ਹੋਏ ਦੇਸ਼ ਨਾਟੋ ਵਿਚ ਸ਼ਾਮਲ ਹੋ ਗਏ। ਐਸਟੋਨੀਆ, ਲਾਤਵੀਆ ਅਤੇ ਲਿਥੂਆਨੀਆ 2004 ਵਿਚ ਨਾਟੋ ਵਿਚ ਸ਼ਾਮਲ ਹੋਏ।
ਸੰਨ 2008 ਵਿਚ ਜਾਰਜੀਆ ਅਤੇ ਯੂਕਰੇਨ ਨੂੰ ਵੀ ਨਾਟੋ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਹਾਲਾਂਕਿ ਇਹ ਕੋਈ ਵੀ ਦੇਸ਼ ਨਾਟੋ ਵਿਚ ਸ਼ਾਮਲ ਨਹੀਂ ਹੋ ਸਕਿਆ ਹੈ। ਰੂਸੀ ਰਾਸ਼ਟਰਪਤੀ ਪੂਤਿਨ ਨੇ ਨਾਟੋ ਦੇ ਵਿਸਥਾਰ ‘ਤੇ ਇਤਰਾਜ਼ ਜਤਾਇਆ ਹੈ। ਪਿਛਲੇ ਸਾਲ ਦਸੰਬਰ ‘ਚ ਪੂਤਿਨ ਨੇ ਕਿਹਾ ਸੀ, ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਪੂਰਬ ‘ਚ ਨਾਟੋ ਦਾ ਵਿਸਥਾਰ ਸਵੀਕਾਰ ਨਹੀਂ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਇਕ ਸਮਾਂ ਸੀ ਜਦੋਂ ਪੂਤਿਨ ਰੂਸ ਨੂੰ ਨਾਟੋ ਵਿਚ ਸ਼ਾਮਲ ਕਰਨਾ ਚਾਹੁੰਦਾ ਸੀ। ਪਰ ਹੁਣ ਉਹ ਨਾਟੋ ਨੂੰ ਨਫ਼ਰਤ ਕਰ ਰਿਹਾ ਹੈ। ਤੁਰਕੀ, ਐਸਟੋਨੀਆ, ਲਾਤਵੀਆ, ਲਿਥੂਆਨੀਆ ਰੂਸ ਦੀ ਸਰਹੱਦ ਨਾਲ ਲੱਗਦੇ ਨਾਟੋ ਦੇ ਮੈਂਬਰ ਮੁਲਕ ਹਨ। ਜੇਕਰ ਯੂਕਰੇਨ ਨਾਟੋ ਵਿਚ ਸ਼ਾਮਲ ਹੁੰਦਾ ਹੈ ਤਾਂ ਰੂਸ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਜਾਵੇਗਾ। ਯੂਕਰੇਨ ਦੇ ਨਾਟੋ ਵਿਚ ਸ਼ਾਮਲ ਹੋਣ ਨਾਲ ਨਾਟੋ ਦੀਆਂ ਮਿਜ਼ਾਈਲਾਂ ਕੁਝ ਹੀ ਮਿੰਟਾਂ ਵਿਚ ਯੂਕਰੇਨ ਦੀ ਧਰਤੀ ‘ਤੇ ਉਤਰ ਜਾਣਗੀਆਂ। ਪੂਤਿਨ ਨੇ ਦਲੀਲ ਦਿੱਤੀ ਹੈ ਕਿ ਰੂਸ ਲਈ ਇਹ ਵੱਡੀ ਚੁਣੌਤੀ ਹੈ।
ਪੂਤਿਨ ਸ਼ੀਤ ਯੁੱਧ ਦੇ ਸਮੇਂ ਇਕ ਜਾਸੂਸ ਸੀ, ਉਹ ਯੂਕਰੇਨ ਨੂੰ ਨਾਟੋ ਵਿਚ ਸ਼ਾਮਲ ਹੋਣ ਦੇ ਖ਼ਤਰੇ ਨੂੰ ਭਾਂਪਦਾ ਹੈ। ਇਸ ਲਈ ਉਹ ਯੂਕਰੇਨ ਨੂੰ ਕਦੇ ਵੀ ਨਾਟੋ ਵਿਚ ਸ਼ਾਮਲ ਨਹੀਂ ਹੋਣ ਦੇ ਸਕਦਾ। ਯੂਕਰੇਨ ਦਾ ਨਾਟੋ ਵਿਚ ਸ਼ਾਮਲ ਹੋਣਾ ਉਸ ਲਈ ਆਪਣੇ ਸਭ ਤੋਂ ਵੱਡੇ ਵਿਰੋਧੀਆਂ ਵਿਰੁੱਧ ਹਾਰ ਵਾਂਗ ਹੋਵੇਗਾ। ਇਸ ਤੱਥ ਦੇ ਮੱਦੇਨਜ਼ਰ ਕਿ ਯੂਕਰੇਨ ਵੀ ਨਾਟੋ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਹੈ, ਇਸੇ ਲਈ ਪੁਤਿਨ ਲਈ ਅਜਿਹਾ ਹੋਣ ਤੋਂ ਰੋਕਣ ਲਈ ਯੂਕਰੇਨ ਉੱਤੇ ਹਮਲਾ ਕਰਨਾ ਹੀ ਇੱਕੋ-ਇੱਕ ਬਦਲ ਬਚਿਆ ਸੀ। ਪੂਤਿਨ ਨਾਟੋ ਵਿਚ ਸ਼ਾਮਲ ਹੋਣ ਵਿਚ ਯੂਕਰੇਨ ਦੀ ਦਿਲਚਸਪੀ ਨੂੰ ਰੂਸ ਲਈ ਸਿੱਧਾ ਖ਼ਤਰਾ ਮੰਨਦਾ ਹੈ ਅਤੇ ਅਜਿਹਾ ਹੋਣ ਤੋਂ ਰੋਕਣ ਲਈ ਕੁਝ ਵੀ ਕਰੇਗਾ ਅਤੇ ਕਰ ਰਿਹਾ ਹੈ। ਜੇਕਰ ਤੁਸੀਂ ਉਸ ਦੇ ਹਮਲੇ ਤੋਂ ਪਹਿਲਾਂ ਦੀ ਪ੍ਰੈੱਸ ਕਾਨਫਰੰਸ ਦਾ ਵਿਸ਼ਲੇਸ਼ਣ ਕਰਦੇ ਹੋ ਤਾਂ ਉਹ ਸਪਸ਼ਟ ਤੌਰ ‘ਤੇ ਕਹਿ ਰਿਹਾ ਹੈ ਕਿ ਮੈਂ ਰੂਸ ਨੂੰ ਕਮਜ਼ੋਰ ਨਹੀਂ ਸਮਝਦਾ। ਸਾਡੇ ‘ਤੇ ਕੋਈ ਵੀ ਪਾਬੰਦੀਆਂ ਲਾਈਆਂ ਜਾਣ, ਅਸੀਂ ਉਨ੍ਹਾਂ ਲਈ ਲੜਨ ਲਈ ਤਿਆਰ ਹਾਂ। ਇਹ ਰਵੱਈਆ ਰੂਸੀ ਲੀਡਰਸ਼ਿਪ ਤੋਂ ਗਾਇਬ ਸੀ ਕਿਉਂਕਿ ਯੂਐੱਸਐੱਸਆਰ ਦੀ ਹੋਂਦ ਖ਼ਤਮ ਹੋ ਗਈ ਸੀ ਪਰ ਪੂਤਿਨ ਉਸ ਡਰਾਉਣੇ ਕਾਰਕ ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਯੂਕਰੇਨ ‘ਤੇ ਹਮਲਾ ਕਰਨਾ ਉਸ ਲਈ ਅਜਿਹਾ ਕਰਨ ਦਾ ਸਭ ਤੋਂ ਤੇਜ਼ ਅਤੇ ਸ਼ਾਇਦ ਸਭ ਤੋਂ ਸਸਤਾ ਤਰੀਕਾ ਹੈ।
ਦੂਜੇ ਪਾਸੇ ਪੂਤਿਨ ਜਾਣਦਾ ਹੈ ਕਿ ਯੂਰਪ ਰੂਸ ਦੇ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਸ ਲਈ ਭਾਵੇਂ ਅਮਰੀਕਾ ਕੁਝ ਵੀ ਕਹੇ, ਉਹ ਰੂਸ ‘ਤੇ ਲੰਬੇ ਸਮੇਂ ਲਈ ਪਾਬੰਦੀਆਂ ਨਹੀਂ ਲਾ ਸਕਦਾ। ਇਹ ਕਦਮ ਅਮਰੀਕਾ ਅਤੇ ਯੂਰਪੀ ਮੁਲਕਾਂ ਦੀ ਆਰਥਿਕਤਾ ਨੂੰ ਰੂਸ ਦੀ ਆਰਥਿਕਤਾ ਨਾਲੋਂ ਵੱਧ ਤੇਜ਼ੀ ਨਾਲ ਅਪੰਗ ਕਰ ਦੇਵੇਗਾ।
ਇਸ ਤੋਂ ਇਲਾਵਾ ਇਕ ਹੋਰ ਕੌੜੀ ਸੱਚਾਈ ਇਹ ਹੈ ਕਿ ਪੂਤਿਨ ਦੀ ਪ੍ਰਸਿੱਧੀ ‘ਚ ਮਹਾਮਾਰੀ ਤੋਂ ਬਾਅਦ ਵੱਡੇ ਪੱਧਰ ‘ਤੇ ਗਿਰਾਵਟ ਆਈ ਹੈ। ਉਸ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ ਜਿਨ੍ਹਾਂ ਦਾ ਉਦੇਸ਼ ਉਸ ਨੂੰ ਗੱਦੀ ਤੋਂ ਲਾਹ ਦੇਣਾ ਅਤੇ ਉਸ ਦੇ ਗ਼ਲਤ ਕੰਮਾਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕਰਨਾ ਹੈ। ਇਸ ਲਈ, ਉਹ ਅਸਲ ਚਿੰਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਹਮਲਾ ਉੱਥੋਂ ਦੇ ਲੋਕਾਂ ਨੂੰ ਇਹ ਦੇਖਣ ਦਾ ਮੌਕਾ ਦਿੰਦਾ ਹੈ ਕਿ ਪੂਤਿਨ ਕਿੰਨਾ ਕ੍ਰਾਂਤੀਕਾਰੀ ਨੇਤਾ ਹੈ ਕਿਉਂਕਿ ਉਹ ਯੂਕਰੇਨ ‘ਤੇ ਹਮਲਾ ਕਰਕੇ ਅਤੇ ਇਸ ਨੂੰ ਦੁਬਾਰਾ ਆਪਣੇ ਦੇਸ਼ ਦਾ ਹਿੱਸਾ ਬਣਾ ਕੇ ਰੂਸ ਨੂੰ ਮਹਾਨ ਯੂਐੱਸਐੱਸਆਰ ਬਣਾਉਣ ਲਈ ਕੰਮ ਕਰ ਰਿਹਾ ਹੈ।
ਇਸ ਗੱਲ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਨ ਦੇ ਅੰਤ ਵਿਚ ਕੋਈ ਵੀ ਦੇਸ਼ ਜੰਗ ਦੀ ਸ਼ੁਰੂਆਤ ਕਰਦਾ ਹੈ, ਭੂ-ਰਾਜਨੀਤਕ ਝੜਪਾਂ ਕਾਰਨ ਮਾਸੂਮ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਪਰ ਨਾਲ ਹੀ ਸ਼ਾਂਤੀ ਦੀ ਗੁੰਜਾਇਸ਼ ਵੀ ਹੁੰਦੀ ਹੈ। ਉਮੀਦ ਹੈ ਕਿ ਇਹ ਜਲਦੀ ਆਵੇਗੀ।

Check Also

ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕੁੱਝ ਉਪਾਅ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …