Breaking News
Home / ਪੰਜਾਬ / ਚੰਨੀ ਵਿਰੁੱਧ ਨਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਜਾਂਚ ਦੇ ਆਦੇਸ਼

ਚੰਨੀ ਵਿਰੁੱਧ ਨਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਜਾਂਚ ਦੇ ਆਦੇਸ਼

ਰਾਜਪਾਲ ਨੇ ਡੀ.ਜੀ.ਪੀ. ਨੂੰ ਉੱਚ ਪੱਧਰੀ ਜਾਂਚ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਨਜਾਇਜ਼ ਮਾਈਨਿੰਗ ਦੇ ਆਰੋਪ ਹੇਠ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਾਜਪਾਲ ਵਲੋਂ ਕੀਤੇ ਗਏ ਇਨ੍ਹਾਂ ਆਦੇਸ਼ਾਂ ਅਨੁਸਾਰ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾ ਮੁਰਗਮ ਆਈ.ਏ.ਐਸ. ਵਲੋਂ ਰਾਜ ਦੇ ਡੀ.ਜੀ.ਪੀ.ਵੀ.ਕੇ. ਭਾਵਰਾ ਨੂੰ ਇਕ ਪੱਤਰ ਲਿਖ ਕੇ ਉਕਤ ਹੁਕਮਾਂ ਦੀ ਸੂਚਨਾ ਦਿੰਦਿਆਂ ਕਿਹਾ ਗਿਆ ਹੈ ਕਿ ਇਹ ਜਾਂਚ ਸਭ ਤੋਂ ਉੱਚ ਪੱਧਰ ‘ਤੇ ਹੋਵੇ ਅਤੇ ਇਸ ਦੀ ਰਿਪੋਰਟ ਰਾਜ ਭਵਨ ਨੂੰ ਭੇਜੀ ਜਾਵੇ ਪਰ ਹੁਕਮਾਂ ‘ਚ ਜਾਂਚ ਦੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ।
ਇਨ੍ਹਾਂ ਆਦੇਸ਼ਾਂ ਨੂੰ ਲੈ ਕੇ ਸਰਕਾਰੀ ਤੇ ਕਾਂਗਰਸ ਹਲਕਿਆਂ ‘ਚ ਕਾਫ਼ੀ ਪ੍ਰੇਸ਼ਾਨੀ ਨਜ਼ਰ ਆ ਰਹੀ ਹੈ, ਕਿਉਂਕਿ ਇਸ ਦਾ ਸੰਬੰਧ ਨਾਜਾਇਜ਼ ਮਾਈਨਿੰਗ ਨਾਲ ਹੈ ਅਤੇ ਈ.ਡੀ. ਵਲੋਂ ਮੁੱਖ ਮੰਤਰੀ ਦੀ ਸਾਲੀ ਦੇ ਬੇਟੇ ਵਿਰੁੱਧ ਕੀਤੀ ਗਈ ਕਾਰਵਾਈ ਵੀ ਨਾਜਾਇਜ਼ ਮਾਈਨਿੰਗ ਨਾਲ ਹੈ। ਉਸ ‘ਤੇ ਵੀ ਮੁੱਖ ਤੌਰ ‘ਤੇ ਰੋਪੜ, ਚਮਕੌਰ ਸਾਹਿਬ ਨਾਜਾਇਜ਼ ਮਾਈਨਿੰਗ ਨਾਲ ਸੰਬੰਧਿਤ ਹੋਣ ਦੇ ਆਰੋਪ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚਰਨਜੀਤ ਸਿੰਘ ਚੰਨੀ ‘ਤੇ ਨਾਜਾਇਜ਼ ਮਾਈਨਿੰਗ ਨਾਲ ਸੰਬੰਧਿਤ ਹੋਣ ਦੇ ਆਰੋਪ ਲਗਾ ਚੁੱਕੇ ਹਨ। ਪੁਲਿਸ ਵਿਭਾਗ ਵਲੋਂ ਇਹ ਜਾਂਚ ਦਾ ਕੰਮ ਕਿਸ ਅਧਿਕਾਰੀ ਨੂੰ ਸੌਂਪਿਆ ਗਿਆ ਹੈ, ਵਿਭਾਗ ਵਲੋਂ ਇਸ ਸੰਬੰਧੀ ਚੁੱਪੀ ਸਾਧੀ ਹੋਈ ਹੈ, ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕੀ ਪੁਲਿਸ ਵਿਭਾਗ ਆਪਣੇ ਹੀ ਮੁੱਖ ਮੰਤਰੀ ਵਿਰੁੱਧ ਜਾਂਚ ਕਰਨ ਦਾ ਹੌਸਲਾ ਕਰ ਸਕੇਗਾ। ਦੂਜੇ ਪਾਸੇ ਰਾਜਪਾਲ ਦੇ ਹੁਕਮਾਂ ‘ਤੇ ਅਮਲ ਨੂੰ ਸੂਬੇ ਦਾ ਪੁਲਿਸ ਵਿਭਾਗ ਬਹੁਤਾ ਲਟਕਾ ਵੀ ਨਹੀਂ ਸਕੇਗਾ ਪਰ ਸਰਕਾਰੀ ਹਲਕਿਆਂ ਦਾ ਮੰਨਣਾ ਹੈ ਕਿ ਡੀ.ਜੀ.ਪੀ. (ਪੰਜਾਬ) ਇਨ੍ਹਾਂ ਹੁਕਮਾਂ ‘ਤੇ ਅੱਗੋਂ ਕਾਰਵਾਈ ਸੰਬੰਧੀ ਚੋਣ ਕਮਿਸ਼ਨ ਦੀ ਪ੍ਰਵਾਨਗੀ ਜ਼ਰੂਰ ਮੰਗ ਸਕਦੇ ਹਨ, ਕਿਉਂਕਿ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਰਾਜ ਦਾ ਸਮੁੱਚਾ ਪ੍ਰਸ਼ਾਸਨ ਸਿੱਧਾ ਚੋਣ ਕਮਿਸ਼ਨ ਦੇ ਅਧਿਕਾਰ ਖ਼ੇਤਰ ਹੇਠ ਹੈ।
ਰੇਤ ਮਾਫ਼ੀਆ ਖ਼ਿਲਾਫ਼ ਜਾਂਚ ਦੇ ਹੁਕਮਾਂ ਦਾ ‘ਆਪ’ ਵੱਲੋਂ ਸਵਾਗਤ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੇ ਰਾਜਪਾਲ ਵੱਲੋਂ ਰੇਤ ਮਾਫ਼ੀਆ ‘ਚ ਮੁੱਖ ਮੰਤਰੀ ਚੰਨੀ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਲਈ ਡੀਜੀਪੀ ਨੂੰ ਦਿੱਤੇ ਹੁਕਮਾਂ ਦਾ ਸਵਾਗਤ ਕੀਤਾ ਹੈ। ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਰਾਜਪਾਲ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪ ਕੇ ਮੁੱਖ ਮੰਤਰੀ ਚੰਨੀ ਖਿਲਾਫ ਜਾਂਚ ਦੀ ਮੰਗ ਕੀਤੀ ਸੀ। ਚੱਢਾ ਨੇ ਰਾਜਪਾਲ ਦਾ ‘ਆਪ’ ਦੀ ਮੰਗ ਨੂੰ ਮੰਨਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਪੁਲਿਸ ਇਸ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦੇਵੇਗੀ।
ਚੋਣ ਕਮਿਸ਼ਨ ਹੁਕਮਾਂ ‘ਤੇ ਰੋਕ ਲਾਵੇ: ਜਾਖੜ
ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਰਾਜਪਾਲ ਦੇ ਇਨ੍ਹਾਂ ਹੁਕਮਾਂ ‘ਤੇ ਇਤਰਾਜ਼ ਜਤਾਇਆ ਹੈ। ਜਾਖੜ ਨੇ ਕਿਹਾ ਕਿ ਜ਼ਾਹਿਰਾ ਤੌਰ ‘ਤੇ ਸੁਪਰੀਮ ਕੋਰਟ ਨੇ ਵੀ ਡਰੱਗ ਕੇਸ ਦਾ ਫ਼ੈਸਲਾ ਕਰਨ ਸਮੇਂ ਚੋਣ ਪ੍ਰਕਿਰਿਆ ਨੂੰ ਧਿਆਨ ਵਿਚ ਰੱਖਿਆ ਪ੍ਰੰਤੂ ਰਾਜਪਾਲ ਨੇ ਮੁੱਖ ਮੰਤਰੀ ਖ਼ਿਲਾਫ਼ ਪੜਤਾਲ ਦੇ ਹੁਕਮ ਜਾਰੀ ਕਰਨ ਲਈ ਚੋਣਾਂ ਦੇ ਸਮੇਂ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਪੜਤਾਲ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਹੈ ਪ੍ਰੰਤੂ ਚੋਣਾਂ ਮੌਕੇ ਪੜਤਾਲ ਦੀ ਟਾਈਮਿੰਗ ਗ਼ਲਤ ਹੈ। ਜਾਖੜ ਨੇ ਕਿਹਾ ਕਿ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਕਰਕੇ ਸੰਘਵਾਦ ਨੂੰ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ਦੇ ਅਮਲ ‘ਤੇ ਰੋਕ ਲਾਈ ਜਾਵੇ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …