Breaking News
Home / ਪੰਜਾਬ / ਪੰਜ ਸਾਲਾਂ ‘ਚ ਪੰਜ ਲੱਖ ਨੌਜਵਾਨਾਂ ਨੂੰ ਦਿਆਂਗੇ ਨੌਕਰੀਆਂ : ਸਿੱਧੂ

ਪੰਜ ਸਾਲਾਂ ‘ਚ ਪੰਜ ਲੱਖ ਨੌਜਵਾਨਾਂ ਨੂੰ ਦਿਆਂਗੇ ਨੌਕਰੀਆਂ : ਸਿੱਧੂ

ਕਿਹਾ – ਕਾਂਗਰਸ ਅਗਲੀ ਪੀੜ੍ਹੀ ਲਈ ਲੜ ਰਹੀ ਹੈ ਚੋਣਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਛੱਤੀਸ਼ਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ‘ਚ ਮਹਿੰਗਾਈ ਵਧੀ ਹੈ ਅਤੇ ਹਰ ਚੀਜ਼ ‘ਤੇ ਜੀਐਸਟੀ ਲਾਗੂ ਹੋਇਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਕਰੋਨਾ ਕਾਲ ਦੌਰਾਨ ਲੱਖਾਂ ਨੌਜਵਾਨਾਂ ਦੀਆਂ ਨੌਕਰੀਆਂ ਖੁੱਸੀਆਂ ਹਨ।
ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਲੋਕਾਂ ਨੂੰ ਹਰ ਮੁਸ਼ਕਲ ਦਾ ਹੱਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਦਾ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਅਗਲੀ ਪੀੜੀ ਲਈ ਚੋਣਾਂ ਲੜ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਹਰ ਵਾਰ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਆਗੂ ਵੱਡੇ-ਵੱਡੇ ਵਾਅਦੇ ਲੈ ਕੇ ਲੋਕਾਂ ਅੱਗੇ ਖੜ੍ਹੇ ਹੋ ਜਾਂਦੇ ਹਨ, ਪਰ ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੁੰਦੀ। ਸਿੱਧੂ ਨੇ ਕਿਹਾ ਕਿ ਅਸੀਂ ਅਗਲੇ ਪੰਜ ਸਾਲਾਂ ਦੌਰਾਨ ਨੌਜਵਾਨਾਂ ਨੂੰ ਪੰਜ ਲੱਖ ਨੌਕਰੀਆਂ ਦਿਆਂਗੇ।
ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਮਜ਼ਦੂਰੀ ਕਰਦਾ ਹੈ ਕਿ ਉਸਦਾ ਬੀਪੀਐਲ ਕਾਰਡ ਬਣਾਇਆ ਜਾਵੇਗਾ। ਇਸ ਮੌਕੇ ਭੁਪੇਸ਼ ਬਘੇਲ ਅਤੇ ਨਵਜੋਤ ਸਿੱਧੂ ਨੇ ਭਾਜਪਾ ਖਿਲਾਫ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਪੈਂਫਲਿਟ ਵੀ ਜਾਰੀ ਕੀਤਾ। ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨੇ 2015 ਵਿਚ ਅੱਠ ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਿਰਫ਼ 440 ਨੌਕਰੀਆਂ ਦਿੱਤੀਆਂ। ਉਸ ਮਗਰੋਂ 2020 ਦੇ ‘ਆਪ’ ਦੇ ਮੈਨੀਫੈਸਟੋ ਵਿਚ ਰੁਜ਼ਗਾਰ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ। ਸਿੱਧੂ ਨੇ ਨੌਕਰੀਆਂ ਦੇ ਵਸੀਲਿਆਂ ਤੋਂ ਵੀ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਮਾਈਨਿੰਗ ਕਾਰਪੋਰੇਸ਼ਨ ਬਣਨ ਨਾਲ ਕਰੀਬ 50 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ ਅਤੇ ਸ਼ਰਾਬ ਕਾਰਪੋਰੇਸ਼ਨ ਨਾਲ ਵੀ 30 ਤੋਂ 50 ਹਜ਼ਾਰ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਇਸੇ ਤਰ੍ਹਾਂ ਪਬਲਿਕ ਟਰਾਂਸਪੋਰਟ ਨੂੰ ਬੜ੍ਹਾਵਾ ਦਿੱਤਾ ਜਾਵੇਗਾ ਜਿਸ ਵਿਚ 10,256 ਨੌਕਰੀਆਂ ਦਾ ਰਾਹ ਪੱਧਰਾ ਹੋਵੇਗਾ। ਹੈਲਥਕੇਅਰ ਵਿਚ 20 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਹਰ ਈਟੀਟੀ ਅਧਿਆਪਕ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ ਅਤੇ ਘੱਟੋ ਘੱਟ ਤਨਖ਼ਾਹ 40 ਹਜ਼ਾਰ ਰੁਪਏ ਹੋਵੇਗੀ। ਆਂਗਣਵਾੜੀ ਮੁਲਾਜ਼ਮਾਂ ਨੂੰ ਨਿਸ਼ਚਿਤ ਤਨਖ਼ਾਹ ਮਿਲੇਗੀ। ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਅੱਠ ਲੱਖ ਪ੍ਰੋਵਾਈਡਰਜ਼ ਲਈ ਨੌਕਰੀ ਦੇ ਮੌਕੇ ਪੈਦਾ ਕੀਤੇ ਜਾਣਗੇ। ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਰੁਜ਼ਗਾਰ ਲਈ ਵਿਦੇਸ਼ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 26 ਲੱਖ ਲੇਬਰ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਰਜਿਸਟਰਡ ਲੇਬਰ ਨੂੰ ਗ਼ਰੀਬੀ ਰੇਖਾ ਤੋਂ ਹੇਠਾਂ ਦੀ ਕੈਟਾਗਰੀ ਵਿਚ ਮੰਨਿਆ ਜਾਵੇਗਾ ਜਿਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਸਿੱਧੂ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਤਹਿਤ ਪੰਜ ਕਿੱਲੋ ਆਟਾ ਅਤੇ ਇੱਕ ਕਿੱਲੋ ਦਾਲ ਦਿੱਤੀ ਜਾਵੇਗੀ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …