ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਇਸਲਾਮੀ ਦੇਸ਼ ਵਿਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਨਿਗਰਾਨੀ ਕਰਦੀ ਸਰਬਉੱਚ ਬਾਡੀ ਨੇ ਸੋਮਵਾਰ ਉਕਤ ਖੁਲਾਸਾ ਕਰਦਿਆਂ ਕਿਹਾ ਕਿ ਧਾਰਮਿਕ ਯਾਤਰਾ ਦੌਰਾਨ ਸਿੱਖ ਸ਼ਰਧਾਲੂ ਆਪਣੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਆਉਂਦੇ ਹਨ ਤੇ ਕਈ ਥਾਈਂ ਚੈਕਿੰਗ ਤੇ ਕਸਟਮ ਜਾਂਚ-ਪੜਤਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਡਰ ਬਣਿਆ ਰਹਿੰਦਾ ਹੈ। ਇਸੇ ਤੋਂ ਬਚਾਅ ਲਈ ਹੁਣ ਪਾਕਿਸਤਾਨ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਛਪਾਈ ਹੋਵੇਗੀ।
ਇਵਾਕੂ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਚੇਅਰਮੈਨ ਸਿੱਦੀਕੁਲ ਫਾਰੂਕ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਪਾਕਿਸਤਾਨ ਵਿਚ ਹੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਫਾਰੂਕ ਨੇ ਕਿਹਾ ਕਿ ਭਾਰਤ ਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਪ੍ਰਿੰਟਿੰਗ ਪ੍ਰਕਿਰਿਆ ਵਿਚ ਲਗਾਇਆ ਗਿਆ ਹੈ। ਪਾਕਿਸਤਾਨ ਸਰਕਾਰ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ (ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਸਥਾਨ) ਵਿਖੇ ਸਥਿਤ ਪਵਿੱਤਰ ਖੂਹ ਵਿਚੋਂ ‘ਅੰਮ੍ਰਿਤ ਜਲ’ ਬਰਾਮਦ ਕਰਨ ਸਬੰਧੀ ਵੀ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਹ ਜਲ ਭਾਰਤ ਤੇ ਹੋਰ ਦੇਸ਼ਾਂ ਨੂੰ ਬਰਾਮਦ ਕਰੇਗਾ। ਫਾਰੂਕ ਨੇ ਕਿਹਾ ਕਿ ਨਨਕਾਣਾ ਸਾਹਿਬ ਵਿਚ ਬੇਬੇ ਨਾਨਕੀ ਦਾ ਖੂਹ 70 ਸਾਲਾਂ ਤੋਂ ਬੰਦ ਪਿਆ ਸੀ ਜਿਸ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਸਾਰੇ ਮਾਮਲਿਆਂ ਵਿਚ ਮਾਲਕੀ ਯਾਤਰੀਆਂ ਨੂੰ ਦਿੱਤੀ ਗਈ ਹੈ।
ਮੈਂ ਨਿੱਜੀ ਤੌਰ ‘ਤੇ ਹਿੰਦੂ ਤੇ ਸਿੱਖ ਸ਼ਰਧਾਲੂਆਂ ਦੇ ਦੌਰੇ ਲਈ ਇੰਤਜ਼ਾਮਾਂ ਦੀ ਨਿਗਰਾਨੀ ਕਰਦਾ ਹਾਂ ਤੇ ਹਰ ਸਾਲ ਹਿੰਦੂ ਤੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲਈ ਈਟੀਪੀਬੀ ਨੇ ਉਨ੍ਹਾਂ ਦੀ ਸਹੂਲਤ ਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਟਰੈਵਲ ਪ੍ਰਮੋਟਰਜ਼ ਨੂੰ ਰਜਿਸਟਰ ਕਰਨ ਦਾ ਫੈਸਲਾ ਕੀਤਾ ਹੈ। ਫਾਰੂਕ ਨੇ ਦੱਸਿਆ ਕਿ ਪਾਕਿਸਤਾਨ ਵਿਚ ਸਾਰੇ ਗੁਰਦੁਆਰਿਆਂ ਤੇ ਮੰਦਰਾਂ ਵਿਚ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਪਾਣੀ ਤੋਂ ਬਿਜਲੀ ਪੈਦਾ ਕਰਨ ਲਈ ਗੁਰਦੁਆਰਾ ਪੰਜਾ ਸਾਹਿਬ ਵਿਚ ਟਰਬਾਈਨ ਲਗਾਈ ਗਈ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …