40 ਸਾਲ ਤੋਂ ਉਪਰ ਉਮਰ ਵਾਲੇ ਵਿਅਕਤੀਆਂ ਨੂੰ ਲੱਗੇ ਬੂਸਟਰ ਡੋਜ਼ : ਭਾਰਤੀ ਵਿਗਿਆਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕੋਵਿਡ 19 ਦਾ ਨਵਾਂ ਵੇਰੀਐਂਟ ਓਮੀਕਰੋਨ ਹੁਣ 33 ਦੇਸ਼ਾਂ ਤੱਕ ਪਹੁੰਚ ਗਿਆ ਹੈ। ਫਰਾਂਸ ਵਿਚ ਓਮੀਕਰੋਨ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 8 ਹੋ ਗਈ ਹੈ। ਫਰਾਂਸ ਦੀ ਸਿਹਤ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਫਰਾਂਸ ਵਿਚ ਓਮੀਕਰੋਨ ਦਾ ਪਹਿਲਾ ਮਾਮਲਾ ਵਿਦੇਸ਼ ਵਿਭਾਗ ਵਿਚ ਮਿਲਿਆ ਸੀ। ਇਸੇ ਤਰ੍ਹਾਂ ਅਮਰੀਕਾ ਵਿਚ ਵੀ ਓਮੀਕਰੋਨ ਦੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 7 ਹੋ ਗਈ ਹੈ। ਮਲੇਸ਼ੀਆ ਦੇ ਸਿਹਤ ਮੰਤਰੀ ਨੇ ਵੀ ਦੱਸਿਆ ਕਿ ਦੇਸ਼ ਵਿਚ ਓਮੀਕਰੋਨ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਦੱਖਣੀ ਅਫਰੀਕਾ ਤੋਂ ਸਿੰਗਾਪੁਰ ਪਰਤੇ ਦੋ ਵਿਅਕਤੀ ਵੀ ਓਮੀਕਰੋਨ ਤੋਂ ਪੀੜਤ ਪਾਏ ਗਏ ਹਨ। ਇਸੇ ਦੌਰਾਨ ਮਹਾਰਾਸ਼ਟਰ ਵਿਚ ਓਮੀਕਰੋਨ ਦੇ ਸ਼ੱਕੀ ਵਿਅਕਤੀਆਂ ਦੀ ਗਿਣਤੀ ਵੀ 28 ਹੋ ਗਈ ਹੈ ਅਤੇ ਦਿੱਲੀ ਦੇ ਹਸਪਤਾਲ ਵਿਚ 12 ਸ਼ੱਕੀ ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਹੈ।
ਇਸੇ ਦੌਰਾਨ ਓਮੀਕਰੋਨ ਦੇ ਵਧਦੇ ਖਤਰੇ ਨੂੰ ਦੇਖਦਿਆਂ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਰੋਨਾ ਦਾ ਬੂਸਟਰ ਡੋਜ਼ ਲਗਵਾ ਲਿਆ ਹੈ। ਭਾਰਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ 40 ਸਾਲ ਤੋਂ ਉਪਰ ਉਮਰ ਵਾਲੇ ਵਿਅਕਤੀਆਂ ਨੂੰ ਬੂਸਟਰ ਡੋਜ਼ ਲੱਗਣੀ ਚਾਹੀਦੀ ਹੈ, ਜਿਨ੍ਹਾਂ ਨੂੰ ਖਤਰਾ ਜ਼ਿਆਦਾ ਹੈ, ਉਨ੍ਹਾਂ ’ਤੇ ਧਿਆਨ ਦੇਣ ਦੀ ਲੋੜ ਹੈ।