Breaking News
Home / ਪੰਜਾਬ / ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ ਬਣੇ

ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ 44ਵੇਂ ਪ੍ਰਧਾਨ ਬਣੇ

ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ
ਕਰਨੈਲ ਸਿੰਘ ਪੰਜੋਲੀ ਜਨਰਲ ਸਕੱਤਰ ਨਿਯੁਕਤ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਸੋਮਵਾਰ ਨੂੰ ਹੋਏ ਜਨਰਲ ਇਜਲਾਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਕਰਨੈਲ ਸਿੰਘ ਪੰਜੋਲੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।
ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਏ ਜਨਰਲ ਇਜਲਾਸ ਦੌਰਾਨ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਵੋਟਾਂ ਪਾ ਕੇ ਕੀਤੀ ਗਈ ਹੈ ਜਦੋਂਕਿ ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ ਬਿਨਾਂ ਕਿਸੇ ਵਿਰੋਧ ਦੇ ਨਾਮਜ਼ਦ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਦੀ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਹਰਜਾਪ ਸਿੰਘ ਸੁਲਤਾਨਵਿੰਡ, ਸੁਰਜੀਤ ਸਿੰਘ ਕੰਗ, ਗੁਰਿੰਦਰਪਾਲ ਸਿੰਘ ਗੋਰਾ, ਜੋਧ ਸਿੰਘ ਸਮਰਾ, ਬੀਬੀ ਗੁਰਪ੍ਰੀਤ ਕੌਰ, ਸਰਵਣ ਸਿੰਘ ਕੁਲਾਰ, ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਡੋਗਰਾਂਵਾਲਾ, ਬਲਵਿੰਦਰ ਸਿੰਘ ਵੇਈਂਪੂਈ, ਅਮਰਜੀਤ ਸਿੰਘ ਬੰਡਾਲਾ ਅਤੇ ਵਿਰੋਧੀ ਧਿਰ ਦੇ ਇਕ ਮੈਂਬਰ ਵਜੋਂ ਗੁਰਪ੍ਰੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਜਲਾਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪਾਏ ਰੌਲੇ-ਰੱਪੇ ਕਾਰਨ ਸਾਰੇ ਮਤੇ ਨਹੀਂ ਪੜ੍ਹੇ ਜਾ ਸਕੇ ਅਤੇ ਸਮਾਗਮ ਦੀ ਸਮਾਪਤੀ ਲਈ ਅਰਦਾਸ ਕਰ ਦਿੱਤੀ ਗਈ। ਸਮਾਗਮ ਦੇ ਸ਼ੁਰੂ ਵਿਚ ਹੀ ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਪਤਾ ਸਰੂਪਾਂ ਦਾ ਮਾਮਲਾ ਉਠਾਉਣ ਦਾ ਯਤਨ ਕੀਤਾ ਜਦੋਂਕਿ ਚੋਣ ਦੇ ਮੱਧ ਦੌਰਾਨ ਵਿਰੋਧੀ ਧਿਰ ਦੇ ਇਨ੍ਹਾਂ ਸਾਰੇ ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਵਿਚ ਦੋ ਮੈਂਬਰ ਲੈਣ ਦੀ ਮੰਗ ਨੂੰ ਲੈ ਕੇ ਰੌਲਾ ਪਾਇਆ, ਜਿਸ ਨਾਲ ਮਰਿਆਦਾ ਵੀ ਭੰਗ ਹੋਈ। ਇਜਲਾਸ ਦੇ ਸ਼ੁਰੂ ਵਿਚ ਸਿੱਖ ਰਵਾਇਤਾਂ ਮੁਤਾਬਕ ਅਰਦਾਸ ਕੀਤੀ ਗਈ ਅਤੇ ਗੁਰਮੰਤਰ ਦਾ ਜਾਪ ਕੀਤਾ ਗਿਆ। ਬੀਬੀ ਜਗੀਰ ਕੌਰ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦਿਆਂ ਨਵੇਂ ਪ੍ਰਧਾਨ ਦੀ ਚੋਣ ਲਈ ਮੈਂਬਰਾਂ ਦਾ ਨਾਂ ਪੇਸ਼ ਕਰਨ ਲਈ ਆਖਿਆ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਰਜੀਤ ਸਿੰਘ ਭਿੱਟੇਵੱਡ ਨੇ ਪ੍ਰਧਾਨ ਵਾਸਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਪੇਸ਼ ਕੀਤਾ, ਜਿਸ ਦੀ ਤਾਈਦ ਮਜੀਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਰਵਿੰਦਰ ਸਿੰਘ ਖਾਲਸਾ ਨੇ ਕੀਤੀ।
ਇਸ ਦੌਰਾਨ ਦੂਜੀ ਧਿਰ ਵਲੋਂ ਅਮਰੀਕ ਸਿੰਘ ਸ਼ਾਹਪੁਰ ਨੇ ਪ੍ਰਧਾਨ ਵਾਸਤੇ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਪੇਸ਼ ਕੀਤਾ। ਇਸ ਮੌਕੇ ਵੋਟਾਂ ਪਾ ਕੇ ਚੋਣ ਕੀਤੀ ਗਈ। ਕੁੱਲ ਹਾਜ਼ਰ 142 ਮੈਂਬਰਾਂ ਨੇ ਵੋਟਾਂ ਪਾਈਆਂ, ਜਿਸ ਵਿਚੋਂ ਧਾਮੀ ਨੂੰ 122 ਅਤੇ ਕਾਹਨੇਕੇ ਨੂੰ ਸਿਰਫ 19 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਇਕ ਵੋਟ ਰੱਦ ਹੋ ਗਈ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਬਿਨਾਂ ਵਿਰੋਧ ਚੁਣ ਲਿਆ ਗਿਆ। ਜਿਵੇਂ ਹੀ ਜਨਰਲ ਸਕੱਤਰ ਦੇ ਅਹੁਦੇ ਵਾਸਤੇ ਹਾਕਮ ਧਿਰ ਵਲੋਂ ਕਰਨੈਲ ਸਿੰਘ ਪੰਜੋਲੀ ਦਾ ਨਾਂ ਪੇਸ਼ ਕੀਤਾ ਤਾਂ ਦੂਜੀ ਧਿਰ ਨੇ ਵੀ ਇਸ ਅਹੁਦੇ ਵਾਸਤੇ ਗੁਰਪ੍ਰੀਤ ਸਿੰਘ ਦਾ ਨਾਂ ਐਲਾਨਿਆ।
ਪੰਜੋਲੀ ਨੂੰ 112 ਅਤੇ ਗੁਰਪ੍ਰੀਤ ਸਿੰਘ ਨੂੰ ਸਿਰਫ 21 ਵੋਟਾਂ ਹੀ ਪ੍ਰਾਪਤ ਹੋਈਆਂ। ਇਕ ਵੋਟ ਰੱਦ ਹੋਈ। ਇਸ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਚੱਲ ਰਹੀ ਧਰਮ ਪ੍ਰਚਾਰ ਲਹਿਰ ਨੂੰ ਹੋਰ ਜ਼ੋਰ ਸ਼ੋਰ ਨਾਲ ਚਲਾਉਣਗੇ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪਾਏ ਰੌਲੇ ਰੱਪੇ ਨੂੰ ਹੁੱਲੜਬਾਜ਼ੀ ਆਖਦਿਆਂ ਕਿਹਾ ਕਿ ਇਸ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਮਰਿਆਦਾ ਦੀ ਉਲੰਘਣਾ ਹੋਈ ਹੈ।
ਧਾਮੀ ਪਿਛਲੇ ਇਕ ਵਰ੍ਹੇ ਤੋਂ ਸੰਸਥਾ ਦੇ ਆਨਰੇਰੀ ਮੁੱਖ ਸਕੱਤਰ ਹਨ। ਉਹ 40 ਸਾਲਾਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਨਵੀਂ ਨਿਯੁਕਤੀ ਮਗਰੋਂ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਧਰ ਦਮਦਮੀ ਟਕਸਾਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਅਤੇ ਜਗਤਾਰ ਸਿੰਘ ਰੋਡੇ ਨੇ ਜਨਰਲ ਇਜਲਾਸ ਦਾ ਬਾਈਕਾਟ ਕੀਤਾ।
ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਮੰਗ
ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਸ਼ਰਧਾਲੂਆਂ ਲਈ ਰੱਖੀ ਗਈ ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾਇਆ ਜਾਵੇ। ਕੇਂਦਰ ਸਰਕਾਰ ਕੋਲੋਂ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਸਬੰਧ ‘ਚ ਜਨਰਲ ਇਜਲਾਸ ਵਿਚ ਮਤਾ ਪਾਸ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੌਮ ਦੇ ਕਈ ਮਸਲਿਆਂ ਦਾ ਭਾਰਤ ਸਰਕਾਰ ਪਾਸੋਂ ਸਰਲੀਕਰਨ ਵੀ ਮੰਗਿਆ ਗਿਆ ਹੈ ਤੇ ਕਈ ਮਸਲੇ ਰਾਜ ਸਰਕਾਰ ਨਾਲ ਵੀ ਸਬੰਧਤ ਹਨ। ਇਕ ਮਤੇ ਰਾਹੀਂ ਸਿੱਖ ਸੰਸਥਾਵਾਂ ਵਿਚ ਸਰਕਾਰੀ ਦਖ਼ਲ ਦੀ ਆਲੋਚਨਾ ਕਰਦਿਆਂ ਅਜਿਹੀ ਦਖਲਅੰਦਾਜ਼ੀ ਬੰਦ ਕਰਨ ਦੀ ਮੰਗ ਕੀਤੀ ਗਈ।

 

Check Also

ਕਾਂਗਰਸ ਪਾਰਟੀ ਨੇ ਪੰਜਾਬ ‘ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਤੇ ਸੰਗਰੂਰ ਤੋਂ ਖਹਿਰਾ ਨੂੰ ਦਿੱਤੀ ਟਿਕਟ ਚੰਡੀਗੜ੍ਹ : …