ਕਿਹਾ : ਦੇਸ਼ ਦੀ ਵੰਡ ਤੋਂ ਹੀ ਸਿੱਖਾਂ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਬਣੀਆਂ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਪਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮਨਾਈ ਗਈ ਅਤੇ ਸ਼ਹੀਦਾਂ ਨਮਿਤ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਇਸ ਮੌਕੇ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ। ਇਸ ਮੌਕੇ ਕੌਮ ਦੇ ਨਾਂ ਆਪਣੇ ਸੰਦੇਸ਼ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ, ਰਾਜਸੀ ਅਤੇ ਆਰਥਿਕ ਪੱਧਰ ‘ਤੇ ਕਮਜ਼ੋਰ ਕਰਨ ਦੀਆਂ ਨੀਤੀਆਂ ਬਣਾਈਆਂ ਗਈਆਂ ਹਨ, ਜਿਸ ਦਾ ਸਿੱਟਾ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ‘ਤੇ ਕੀਤਾ ਗਿਆ ਫੌਜੀ ਹਮਲਾ ਹੈ। ਉਨ੍ਹਾਂ ਆਰੋਪ ਲਾਇਆ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਅਤੇ ਦਬਾਉਣ ਦੀਆਂ ਨੀਤੀਆਂ ਬਣਾਈਆਂ ਗਈਆਂ ਹਨ ਜੋ ਅੱਜ ਵੀ ਕੌਮ ਦੇ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜ੍ਹੀਆਂ ਹਨ। ਉਨ੍ਹਾਂ ਅੱਜ ਮੁੜ ਦੁਹਰਾਇਆ ਕਿ ਗੁਰਦੁਆਰਿਆਂ ਵਿੱਚ ਗੱਤਕਾ ਅਖਾੜੇ ਸਥਾਪਤ ਕੀਤੇ ਜਾਣ, ਸ਼ੂਟਿੰਗ ਰੇਂਜ ਸਥਾਪਤ ਕੀਤੀ ਜਾਵੇ ਅਤੇ ਆਧੁਨਿਕ ਹਥਿਆਰਾਂ ਦੀ ਵੀ ਸਿਖਲਾਈ ਦਿੱਤੀ ਜਾਵੇ। ਉਨ੍ਹਾਂ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅਰਦਾਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿਮਰਨਜੀਤ ਸਿੰਘ ਮਾਨ, ਦਲ ਖ਼ਾਲਸਾ ਦੇ ਆਗੂ ਤੇ ਹੋਰ ਜਥੇਬੰਦੀਆਂ ਦੇ ਆਗੂ ਪੁੱਜੇ ਹੋਏ ਸਨ।