ਕਾਰ ਕੰਪਨੀ ਨੇ ਲੁਧਿਆਣਾ ‘ਚ ਪਲਾਂਟ ਲਗਾਉਣ ਦਾ ਕੀਤਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ ਮਿਸ਼ਨ ਨਿਵੇਸ਼ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਹੈ ਜਦੋਂ ਕਾਰ ਕੰਪਨੀ ਬੀਐਮਡਬਲਿਊ ਨੇ ਕਾਰਾਂ ਦਾ ਸਪੇਅਰ ਪਾਰਟ ਤਿਆਰ ਕਰਨ ਲਈ ਪੰਜਾਬ ‘ਚ ਕਾਰਖਾਨਾ ਲਗਾਉਣ ਦਾ ਫੈਸਲਾ ਕੀਤਾ। ਬੀਐਮਡਬਲਿਊ ਵੱਲੋਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਮੰਡੀ ਗੋਬਿੰਦਗੜ੍ਹ ਵਿਚ ਇਹ ਕਾਰਖਾਨਾ ਲਗਾਇਆ ਜਾਵੇਗਾ ਅਤੇ ਅਗਲੇ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਬੀਐਮਡਬਲਿਊ ਕੰਪਨੀ ਦੇ ਅਧਿਕਾਰੀ ਅੱਜ ਪੰਜਾਬ ਪਹੁੰਚੇ ਸਨ ਅਤੇ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਮੰਡੀ ਗੋਬਿੰਦਗੜ੍ਹ ਵਿਚ ਲਗਾਏ ਜਾਣ ਵਾਲੇ ਪ੍ਰੋਜੈਕਟ ਸਬੰਧੀ ਚਰਚਾ ਕੀਤੀ ਗਈ ਅਤੇ ਮੁੱਖ ਮੰਤਰੀ ਮਾਨ ਨੇ ਇਸ ਪ੍ਰੋਜੈਕਟ ਲਈ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੀਟਿੰਗ ਦੌਰਾਨ ਇਹ ਵੀ ਤੈਅ ਹੋਇਆ ਕਿ ਕੰਪਨੀ ਅਗਲੇ ਮਹੀਨੇ ਹੀ ਆਪਣੇ ਪਲਾਂਟ ਦਾ ਕੰਮ ਸ਼ੁਰੂ ਕਰ ਦੇਵੇਗੀ। ਜ਼ਿਕਰਯੋਗ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨੀ ਦੌਰਾ ਕੀਤਾ ਗਿਆ ਸੀ ਉਸ ਸਮੇਂ ਕੰਪਨੀ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਗਿਆ ਸੀ।