ਕਿਹਾ, ਅੱਜ ਕੰਮ ਨਾ ਕੀਤਾ ਤਾਂ ਪੰਜਾਬ ਰਹਿਣਯੋਗ ਸੂਬਾ ਨਹੀਂ ਰਹੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ। ਸਿੱਧੂ ਨੇ ਅਕਾਲੀ ਦਲ ’ਤੇ ਸਿਆਸੀ ਹਮਲਾ ਕਰਦਿਆਂ ਆਖਿਆ ਕਿ ਅੱਜ ਵਿਧਾਨ ਸਭਾ ਵਿਚ ਜੋ ਖਲਲ ਅਕਾਲੀ ਦਲ ਨੇ ਪਾਇਆ, ਉਹ ਅਕਾਲੀ ਦਲ ਸੋਚੀ ਸਮਝੀ ਚਾਲ ਸੀ। ਕਿਉਂਕਿ ਉਨ੍ਹਾਂ ਵਿਚ ਸੱਚ ਸੁਣਨ ਦੀ ਹਿੰਮਤ ਨਹੀਂ ਹੈ। ਸਿੱਧੂ ਨੇ ਕਿਹਾ ਕਿ ਜਦੋਂ ਕਿਸਾਨਾਂ ਦੇ ਮੁੱਦੇ ’ਤੇ ਬਹਿਸ ਹੋ ਰਹੀ ਸੀ, ਉਦੋਂ ਵੀ ਉਨ੍ਹਾਂ ਵਿਰੋਧ ਕੀਤਾ। ਖੇਤੀ ਕਾਨੂੰਨਾਂ ਨੂੰ ਲੈ ਅਕਾਲੀ ਦਲ ’ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਵਿਵਾਦਤ ਤਿੰਨੋ ਖੇਤੀ ਕਾਨੂੰਨ ਬਾਦਲਾਂ ਦੀ ਮਰਜ਼ੀ ਨਾਲ ਆਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਮਦਨ ਬਾਕੀ ਸੂਬਿਆਂ ਨਾਲੋਂ ਬਹੁਤ ਘੱਟ ਹੈ ਅਤੇ ਪੰਜਾਬ ਕਰਜ਼ਾ ਲੈ ਕੇ ਕਰਜ਼ਾ ਉਤਾਰ ਰਿਹਾ ਹੈ। ਸਿੱਧੂ ਨੇ ਕਿਹਾ ਕਿ ਆਮਦਨ ਵਧਾਉਣ ਲਈ ਜੇਕਰ ਅਸੀਂ ਕੰਮ ਨਾ ਕੀਤਾ ਤਾਂ ਪੰਜਾਬ ਸੂਬਾ ਰਹਿਣਯੋਗ ਨਹੀਂ ਰਹੇਗਾ ਅਤੇ ਪੰਜਾਬ ’ਚ ਸਿਵਲ ਵਾਰ ਵੀ ਹੋ ਸਕਦੀ ਹੈ।