ਨਵਜੋਤ ਸਿੱਧੂ ਦੀ ਕਾਰਜਸ਼ੈਲੀ ‘ਤੇ ਚੁੱਕੇ ਕਈ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਨਵਜੋਤ ਸਿੰਘ ਸਿੱਧੂ ਦੇ ਬੇਬਾਕ ਬੋਲਾਂ ਨੂੰ ਲੈ ਕੇ ਰੋਸ ਪ੍ਰਗਟਾਇਆ।
ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ‘ਤੇ ਹੋਈ ਤਕਰੀਬਨ ਡੇਢ ਘੰਟੇ ਦੀ ਮੁਲਾਕਾਤ ‘ਚ ਕੈਪਟਨ ਨੇ ਸਿੱਧੂ ਦੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਲਾਉਣ ਦੀ ਆਦਤ ਨੂੰ ਲੈ ਕੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਸਿੱਧੂ ਦੀਆਂ ਟਿੱਪਣੀਆਂ ਆਪਣੀ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰਦੀਆਂ ਹਨ। ਜਾਣਕਾਰੀ ਮੁਤਾਬਿਕ ਸੋਨੀਆ ਗਾਂਧੀ ਨੇ ਦੋਵਾਂ ਨੂੰ ਰਲ ਕੇ ਕੰਮ ਕਰਨ ਦੀ ਸਲਾਹ ਦਿੱਤੀ। ਸੋਨੀਆ ਦਾ ਇਹ ਸੰਦੇਸ਼ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਸਾਂਝਾ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਨੇ ਹਦਾਇਤ ਦਿੱਤੀ ਹੈ ਕਿ ਸੂਬਾ ਸਰਕਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਆਪਸ ‘ਚ ਰਲ ਕੇ ਕੰਮ ਕਰਨਾ ਹੋਵੇਗਾ। ਧਿਆਨ ਰਹੇ ਕਿ ਸੋਨੀਆ ਦੇ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਬਿਨਾਂ ਮੀਡੀਆ ਨਾਲ ਮੁਖਾਤਿਬ ਹੋਏ ਚਲੇ ਗਏ ਸਨ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਮੁਲਾਕਾਤ ਕੀਤੀ। ਕੈਪਟਨ ਦੇ ਨਾਲ ਮੁਲਾਕਾਤ ਕਰਨ ਵਾਲਿਆਂ ‘ਚ ਰਾਜ ਕੁਮਾਰ ਵੇਰਕਾ, ਮੁਨੀਸ਼ ਤਿਵਾੜੀ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਜਸਬੀਰ ਸਿੰਘ ਗਿੱਲ ਡਿੰਪਾ ਸ਼ਾਮਿਲ ਸਨ।
ਵਜ਼ਾਰਤੀ ਫੇਰਬਦਲ ਬਾਰੇ ਕੋਈ ਚਰਚਾ ਨਹੀਂ ਹੋਈ : ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਦੌਰਾਨ 18 ਨੁਕਾਤੀ ਏਜੰਡੇ ‘ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਆਪਣਾ ਪੱਖ ਰੱਖਦੇ ਹੋਏ ਹਰ ਨੁਕਤੇ ਤੋਂ ਜਾਣੂ ਕਰਵਾਇਆ ਹੈ। ਰਾਵਤ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਜ਼ਾਰਤ ਵਿਚ ਫੇਰਬਦਲ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਮੁੱਖ ਮੰਤਰੀ ਨੇ ਪੰਜਾਬ ਮੰਤਰੀ ਮੰਡਲ ਵਿਚ ਵਾਲਮੀਕ ਸਮਾਜ ਦੀ ਨੁਮਾਇੰਦਗੀ ਨਾ ਹੋਣ ਦਾ ਮੁੱਦਾ ਜ਼ਰੂਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ ਆਪਸੀ ਤਾਲਮੇਲ ਬਣਾ ਕੇ ਚੱਲਣ ਦੀ ਹਦਾਇਤ ਕੀਤੀ ਹੈ।