Breaking News
Home / ਭਾਰਤ / ਰਾਜ ਸਭਾ ’ਚ ਸੰਸਦ ਮੈਂਬਰਾਂ ਦੀ ਹੋਈ ਕੁੱਟਮਾਰ

ਰਾਜ ਸਭਾ ’ਚ ਸੰਸਦ ਮੈਂਬਰਾਂ ਦੀ ਹੋਈ ਕੁੱਟਮਾਰ

ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਲਗਾਏ ਗੰਭੀਰ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਮਾਨਸੂਨ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਅੱਜ ਵਿਰੋਧੀ ਪਾਰਟੀਆਂ ਵੱਲੋਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਇਕ ਸਾਂਝਾ ਪੈਦਲ ਮਾਰਚ ਕੱਢਿਆ ਗਿਆ। ਕਾਂਗਰਸੀ ਸੰਸਦ ਮੈਂਬਰ ਰਾਹੁੁਲ ਗਾਂਧੀ ਦੀ ਅਗਵਾਈ ’ਚ ਕੱਢੇ ਗਏ ਇਸ ਮਾਰਚ ’ਚ 15 ਰਾਜਨੀਤਿਕ ਦਲ ਸ਼ਾਮਲ ਹੋਏ। ਇਸ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਆਰੋਪ ਲਗਾਇਆ ਅਤੇ ਸਦਨ ’ਚ ਸੰਸਦ ਮੈਂਬਰਾਂ ਨਾਲ ਬਦਸਲੂਕੀ ਹੋਣ ਦੀ ਗੱਲ ਆਖੀ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਦੇਸ਼ ਨੂੰ ਵੇਚਣ ਦਾ ਕੰਮ ਕਰ ਰਿਹਾ ਹੈ। ਦੋ-ਤਿੰਨ ਉਦਯੋਗਪਤੀਆਂ ਨੂੰ ਦੇਸ਼ ਦੀ ਆਤਮੀ ਵੇਚੀ ਜਾ ਰਹੀ ਹੈ ਅਤੇ ਸਦਨ ਦੇ ਅੰਦਰ ਵਿਰੋਧੀ ਧਿਰ ਦੀ ਕੋਈ ਗੱਲ ਨਹੀਂ ਸੁੁਣੀ ਜਾਂਦੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ 60 ਫੀਸਦੀ ਲੋਕਾਂ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਹ ਵੀ ਆਰੋਪ ਲਗਾਇਆ ਕਿ ਪਹਿਲੀ ਵਾਰ ਰਾਜ ਸਭਾ ’ਚ ਸੰਸਦ ਮੈਂਬਰਾਂ ਨਾਲ ਕੁੱਟਮਾਰ ਹੋਈ ਹੈ। ਉਨ੍ਹਾਂ ਆਖਿਆ ਕਿ ਬਾਹਰੋਂ ਕੁਝ ਵਿਅਕਤੀਆਂ ਨੂੰ ਸਦਨ ’ਚ ਬੁਲਾਇਆ ਗਿਆ ਜਿਨ੍ਹਾਂ ਨੇ ਸੰਸਦ ਮੈਂਬਰਾਂ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਰਾਜ ਸਭਾ ’ਚ ਲੰਘੇ ਦਿਨੀਂ ਮਾਰਸ਼ਲ ਲਾਅ ਲਗਾਇਆ ਗਿਆ। ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਪਾਕਿਸਤਾਨ ਦੀ ਸਰਹੱਦ ’ਤੇ ਖੜ੍ਹੇ ਹੋਈਏ। ਸਰਕਾਰ ਹਰ ਦਿਨ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ।
ਸੰਜੇ ਰਾਉਤ ਨੇ ਅੱਗੇ ਆਖਿਆ ਕਿ ਇਸ ਲੋਕ ਮਾਰੂ ਸਰਕਾਰ ਖਿਲਾਫ਼ ਅਸੀਂ ਲੜਦੇ ਰਹਾਂਗੇ। ਇਸ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ, ਐਨ ਸੀ ਪੀ ਦੇ ਪ੍ਰਫੁਲ ਪਟੇਲ ਸਮੇਤ ਕਈ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਮੋਦੀ ਸਰਕਾਰ ’ਤੇ ਹਮਲਾ ਬੋਲਿਆ ਅਤੇ ਗੰਭੀਰ ਆਰੋਪ ਲਗਾਏ। ਤੁਹਾਨੂੰ ਦੱਸ ਦੇਈਏ ਕਿ ਖੇਤੀ ਕਾਨੂੰਨਾਂ, ਮਹਿੰਗਾਈ, ਪੈਗਾਸਸ ਆਦਿ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ’ਚ ਪੂਰਾ ਸੈਸ਼ਨ ਹੰਗਾਮਿਆਂ ਭਰਪੂਰ ਰਿਹਾ। ਇਸੇ ਕਾਰਨ ਮਾਨਸੂਨ ਸੈਸ਼ਨ ਨੂੰੂ ਸਮੇਂ ਤੋਂ ਪਹਿਲਾਂ ਖਤਮ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸਰਕਾਰ ਦਾ ਆਰੋਪ ਹੈ ਕਿ ਵਿਰੋਧੀ ਧਿਰ ਨੇ ਸੰਸਦ ’ਚ ਸਾਰੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕੀਤਾ ਹੈ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …