Breaking News
Home / ਭਾਰਤ / ਭਾਰਤ ਦੀਆਂ ਸਕੌਰਪੀਨ ਪਣਡੁੱਬੀਆਂ ਬਾਰੇ ਜਾਣਕਾਰੀ ਹੋਈ ਲੀਕ

ਭਾਰਤ ਦੀਆਂ ਸਕੌਰਪੀਨ ਪਣਡੁੱਬੀਆਂ ਬਾਰੇ ਜਾਣਕਾਰੀ ਹੋਈ ਲੀਕ

logo-2-1-300x105-3-300x105ਪਰੀਕਰ ਵੱਲੋਂ ਜਲ ਸੈਨਾ ਮੁਖੀ ਨੂੰ ਪੜਤਾਲ ਦਾ ਹੁਕਮઠ
ਆਸਟਰੇਲੀਅਨ ਅਖ਼ਬਾਰ ਨੇ ਸਬੰਧਤ ਜਾਣਕਾਰੀ ਵੈੱਬਸਾਈਟ ‘ਤੇ ਪਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਫਰਾਂਸ ਦੀ ਇਕ ਕੰਪਨੀ ਦੇ ਸਹਿਯੋਗ ਨਾਲ ਮੁੰਬਈ ਵਿੱਚ ਭਾਰਤੀ ਜਲ ਸੈਨਾ ਲਈ ਤਿਆਰ ਕੀਤੀਆਂ ਜਾ ਰਹੀਆਂ ਛੇ ਅਤਿ-ਆਧੁਨਿਕ ਪਣਡੁੱਬੀਆਂ ਦੀ ਸਮਰੱਥਾ ਨਾਲ ਜੁੜੀ 22 ਹਜ਼ਾਰ ਤੋਂ ਵੱਧ ਸਫਿਆਂ ਦੀ ਬੇਹੱਦ ਗੁਪਤ ਜਾਣਕਾਰੀ ਲੀਕ ਹੋ ਗਈ ਹੈ। ਮਜ਼ਗਾਓਂ ਪੱਤਣ ਉਤੇ 3.5 ਅਰਬ ਡਾਲਰ ਦੀ ਲਾਗਤ ਨਾਲ ਫਰਾਂਸੀਸੀ ਜਹਾਜ਼ ਨਿਰਮਾਤਾ ਡੀਸੀਐਨਐਸ ਵੱਲੋਂ ਬਣਾਈਆਂ ਜਾਣ ਵਾਲੀਆਂ ਸਕੌਰਪੀਨ ਪਣਡੁੱਬੀਆਂ ਦੀ ਲੜਾਕੂ ਸਮਰੱਥਾ ਬਾਰੇ ਜਾਣਕਾਰੀ ਆਸਟਰੇਲੀਆ ਦੇ ਅਖ਼ਬਾਰ ‘ਦਿ ਆਸਟਰੇਲੀਅਨ’ ਨੇ ਵੈੱਬਸਾਈਟ ਉਤੇ ਪਾ ਦਿੱਤੀ ਹੈ। ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੂੰ ਇਸ ਪੂਰੇ ਮਾਮਲੇ ਦੀ ਪੜਤਾਲ ਕਰਨ ਦਾ ਹੁਕਮ ਦਿੱਤਾ ਹੈ। ਡੀਸੀਐਨਐਸ ਤੋਂ ਵੀ ਇਸ ਬਾਰੇ ਰਿਪੋਰਟ ਮੰਗੀ ਗਈ ਹੈ।
ਪਰੀਕਰ ਨੇ ਦਿੱਲੀ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਹੈਕਿੰਗ ਹੋਈ ਹੈ। ਮੈਂ ਜਲ ਸੈਨਾ ਮੁਖੀ ਨੂੰ ਕਿਹਾ ਹੈ ਕਿ ਉਹ ਪੂਰੇ ਮਾਮਲੇ ਦੀ ਪੜਤਾਲ ਕਰਨ ਅਤੇ ਪਤਾ ਕਰਨ ਕਿ ਕੀ ਲੀਕ ਹੋਇਆ ਹੈ? ਉਸ ਵਿੱਚ ਸਾਡੇ ਬਾਰੇ ਕੀ ਜਾਣਕਾਰੀ ਹੈ ਅਤੇ ਕਿਸ ਹੱਦ ਤਕ ਹੈ?ਮੈਨੂੰ ਇਸ ਬਾਰੇ ਜਾਣਕਾਰੀ ਰਾਤ ਤਕਰੀਬਨ 12 ਵਜੇ ਮਿਲੀ ਸੀ।’ ਜਲ ਸੈਨਾ ਨੇ ਕਿਹਾ, ‘ਲੱਗਦਾ ਹੈ ਕਿ ਲੀਕ ਦਾ ਸੂਤਰ ਭਾਰਤ ਵਿੱਚ ਨਹੀਂ ਬਲਕਿ ਵਿਦੇਸ਼ੀ ਹੈ।’
‘ਦਿ ਆਸਟਰੇਲੀਅਨ’ ਨੇ ਕਿਹਾ ਕਿ ਪਣਡੁੱਬੀਆਂ ਦੇ ਸੂਚਨਾ ਇਕੱਤਰ ਕਰਨ ਸਬੰਧੀ ਫਰੀਕੁਐਂਸੀ, ਵੱਖ-ਵੱਖ ਗਤੀ ‘ਤੇ ਉਸ ਦੇ ਆਵਾਜ਼ ਦੇ ਪੱਧਰ ਅਤੇ ਉਸ ਦੀ ਗੋਤਾ ਲਗਾਉਣ ਦੀ ਸਮਰੱਥਾ, ਸੀਮਾ ਅਤੇ ਠਹਿਰਾਅ ਤੋਂ ਇਲਾਵਾ ਯੁੱਧ ਸਮਰਥਾ ਬਾਰੇ ਜਾਣਕਾਰੀ ਲੀਕ ਹੋਈ ਹੈ। ਇਹ ਬੇਹੱਦ ਸੰਵੇਦਨਸ਼ੀਲ ਸੂਚਨਾਵਾਂ ਹਨ, ਜੋ ਕਿ ਬੇਹੱਦ ਗੁਪਤ ਹੁੰਦੀਆਂ ਹਨ। ਉਸ ਨੇ ਕਿਹਾ ਕਿ ਡੀਸੀਐਨਐਸ ਦਸਤਾਵੇਜ਼ ਉਤੇ ‘ਰੀਸਟ੍ਰਿਕਟਡ ਸਕੌਰਪੀਨ ਇੰਡੀਆ’ ਦਰਜ ਹੈ। ਇਸ ਵਿੱਚ ਭਾਰਤ ਦੀ ਪਣਡੁੱਬੀ ਦੀ ਲੜਾਕੂ ਸਮਰੱਥਾ ਬਾਰੇ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਹੈ। ਭਾਰਤ ਦੇ ਪਾਕਿਸਤਾਨ ਅਤੇ ਚੀਨ ਵਰਗੇ ਵਿਰੋਧੀ ਮੁਲਕਾਂ ਲਈ ਇਹ ਜਾਣਕਾਰੀ ਹਾਸਲ ਕਰ ਲੈਣਾ ਉਨ੍ਹਾਂ ਦੇ ਖੁਫ਼ੀਆ ਵਿਭਾਗ ਲਈ ਲਾਭਕਾਰੀ ਸਾਬਿਤ ਹੋ ਸਕਦੀ ਹੈ।
ਜਲ ਸੈਨਾ ਸੂਤਰਾਂ ਮੁਤਾਬਕ ਜਾਣਕਾਰੀ ਲੀਕ ਹੋਣਾ ‘ਗੰਭੀਰ ਚਿੰਤਾ ਦਾ ਵਿਸ਼ਾ’ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਲੀਕ ਹੋਏ ਦਸਤਾਵੇਜ਼ ਪੁਰਾਣੇ ਸੀ ਅਤੇ ਭਾਰਤੀ ਪਣਡੁੱਬੀਆਂ ਦੇ ਮੁਢਲੇ ਡਿਜ਼ਾਈਨ ਵਿੱਚ ‘ਕਈ ਬਦਲਾਅ’ ਹੋਏ ਹਨ। ਸੁਸਾਇਟੀ ਆਫ ਪਾਲਿਸੀ ਸਟੱਡੀਜ਼ ਦੇ ਨਿਰਦੇਸ਼ਕ ਕਮਾਂਡਰ (ਰਿਟਾ.) ਉਦੈ ਭਾਸਕਰ ਨੇ ਕਿਹਾ, ‘ਸਾਨੂੰ ਪਹਿਲਾਂ ਲੀਕ ਹੋਏ ਦਸਤਾਵੇਜ਼ਾਂ ਦੀ ਪੜਤਾਲ ਕਰਨੀ ਪਵੇਗੀ ਕਿ ਕੀ ਇਹ ਭਾਰਤ ਦੀ ਸਕੌਰਪੀਨ ਪਣਡੁੱਬੀਆਂ ਨਾਲ ਜੁੜੇ ਹਨ ਕਿਉਂਕਿ ਡੀਸੀਐਨਐਸ ਹੋਰ ਮੁਲਕਾਂ ਨੂੰ ਵੀ ਪਣਡੁੱਬੀਆਂ ਸਪਲਾਈ ਕਰਦੀ ਹੈ। ਜੇਕਰ ਇਹ ਦਸਤਾਵੇਜ਼ ਸਹੀ ਹਨ ਤਾਂ ਇਹ ਨਿਸ਼ਚਿਤ ਤੌਰ ‘ਤੇ ਭਾਰਤੀ ਪਣਡੁੱਬੀਆਂ ਨਾਲ ਸਮਝੌਤਾ ਹੋਵੇਗਾ। ਐਨੀ ਜਾਣਕਾਰੀ ਲੀਕ ਹੋਣਾ ਪਣਡੁੱਬੀਆਂ ਦੇ ਪਤਾ ਲੱਗਣ ਦੀ ਸਮਰੱਥਾ ਨਾਲ ਸਮਝੌਤਾ ਹੋਵੇਗਾ।’

ਫਰਾਂਸ ਦੇ ਕੌਮੀ ਰੱਖਿਆ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਪੜਤਾਲઠ
ਨਵੀਂ ਦਿੱਲੀ : ਡੀਸੀਐਨਐਸ ਨੇ ਇਸ ਲੀਕ ਨੂੰ ‘ਗੰਭੀਰ ਮਸਲਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਫਰਾਂਸ ਦੇ ਕੌਮੀ ਰੱਖਿਆ ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੈਰਿਸ ਸਥਿਤ ਡੀਸੀਐਨਐਸ ਦੇ ਬਿਆਨ ਮੁਤਾਬਕ, ‘ਇਸ ਪੜਤਾਲ ਨਾਲ ਪਤਾ ਲੱਗੇਗਾ ਕਿ ਲੀਕ ਹੋਏ ਦਸਤਾਵੇਜ਼ ਕਿਸ ਬਾਰੇ ਹਨ ਅਤੇ ਇਨ੍ਹਾਂ ਦਾ ਡੀਸੀਐਨਐਸ ਦੇ ਖਪਤਕਾਰਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਇਸ ਪੜਤਾਲ ਦੌਰਾਨ ਲੀਕੇਜ ਦੀ ਜ਼ਿੰਮੇਵਾਰੀ ਵੀ ਨਿਰਧਾਰਤ ਹੋਵੇਗੀ।’ ਭਾਰਤ ਲਈ ਫਰਾਂਸੀਸੀ ਰਾਜਦੂਤ ਅਲੈਗਜ਼ੈਂਦਰ ਜ਼ਿਗਲਰ ਨੇ ਦੱਸਿਆ ਕਿ ਫਰਾਂਸ ਵੱਲੋਂ ਜਾਣਕਾਰੀ ਲੀਕ ਹੋਣ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਉਹ ਭਾਰਤ ਨਾਲ ਕਰੀਬੀ ਸਹਿਯੋਗ ਕਰਕੇ ਕੰਮ ਕਰ ਰਹੇ ਹਨ।

Check Also

ਪਤੰਜਲੀ ਨੇ ਸੁਪਰੀਮ ਕੋਰਟ ’ਚ ਫਿਰ ਮੰਗੀ ਮੁਆਫੀ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਹੁਣ 23 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ …