ਭਾਜਪਾ ਆਗੂਆਂ ਨੇ ਮੌਕੇ ਤੋਂ ਭੱਜਣ ਲਈ ਪੁਲਿਸ ਦਾ ਲਿਆ ਸਹਾਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਹਨ। ਇਸੇ ਦੌਰਾਨ ਅੱਜ ਗਾਜ਼ੀਪੁਰ ਬਾਰਡਰ ’ਤੇ ਭਾਜਪਾ ਵਰਕਰਾਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਭਾਜਪਾਈਆਂ ਦੀ ਖੂਬ ‘ਸੇਵਾ’ ਕੀਤੀ ਅਤੇ ਭਾਜਪਾਈਆਂ ਨੂੰ ਉਥੋਂ ਭੱਜਣ ਲਈ ਮਜ਼ਬੂਰ ਹੋਣਾ ਪਿਆ। ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਉਸ ਵੇਲੇ ਹੋਈ, ਜਦੋਂ ਭਾਜਪਾ ਵਰਕਰ ਉਸ ਜਗ੍ਹਾ ’ਤੇ ਇਕੱਠੇ ਹੋਣ ਲੱਗ ਪਏ ਜਿੱਥੇ ਕਿਸਾਨ ਧਰਨੇ ’ਤੇ ਬੈਠੇ ਹੋਏ ਸਨ। ਇਹ ਭਾਜਪਾ ਵਰਕਰ ਗਾਜ਼ੀਪੁਰ ਬਾਰਡਰ ’ਤੇ ਆਪਣੇ ਆਗੂ ਅਮਿਤ ਬਾਲੀਮੀਕੀ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ ਅਤੇ ਉਥੇ ਅਚਾਨਕ ਰੌਲਾ ਰੱਪਾ ਸ਼ੁਰੂ ਹੋ ਗਿਆ। ਇਸ ਦੌਰਾਨ ਡਾਂਗਾਂ ਚੱਲੀਆਂ, ਜਿਸ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋਏ। ਭਾਜਪਾ ਸਮਰਥਕਾਂ ਦਾ ਆਰੋਪ ਹੈ ਕਿ ਕਿਸਾਨਾਂ ਨੇ ਉਨ੍ਹਾਂ ਦੀਆਂ ਗੱਡੀਆਂ ’ਤੇ ਪਥਰਾਅ ਕੀਤਾ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਕਿਸਾਨਾਂ ਦੇ ਗੁੱਸੇ ਨੂੰ ਦੇਖ ਕੇ ਭਾਜਪਾਈ ਭੱਜਣ ਲਈ ਮਜ਼ਬੂਰ ਹੋ ਗਏ ਅਤੇ ਭਾਜਪਾ ਆਗੂ ਨੂੰ ਵੀ ਉਥੋਂ ਸੁਰੱਖਿਅਤ ਨਿਕਲਣ ਲਈ ਪੁਲਿਸ ਦੀ ਮੱਦਦ ਲੈਣੀ ਪਈ। ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਵਰਕਰ ਕਿਸਾਨਾਂ ਦੇ ਮੰਚ ’ਤੇ ਆ ਗਏ ਤੇ ਆਪਣੇ ਨੇਤਾ ਦਾ ਸਵਾਗਤ ਕਰਨ ਲੱਗੇ ਸਨ। ਟਿਕੈਤ ਨੇ ਕਿਹਾ ਕਿ ਜੇਕਰ ਭਾਜਪਾਈਆਂ ਨੂੰ ਕਿਸਾਨਾਂ ਦਾ ਮੰਚ ਜ਼ਿਆਦਾ ਪਸੰਦ ਹੈ ਤਾਂ ਉਹ ਪਾਰਟੀ ਛੱਡ ਕੇ ਕਿਸਾਨ ਸੰਗਠਨ ’ਚ ਸ਼ਾਮਲ ਹੋ ਸਕਦੇ ਹਨ।