ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਕੀਤੀ ਹੜਤਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਰੋਡਵੇਜ਼ ਦੀ ਠੇਕਾ ਮੁਲਾਜ਼ਮ ਯੂਨੀਅਨ ਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਡੀਪੂ ਬੰਦ ਕਰਕੇ ਅੱਜ 28 ਜੂਨ ਤੋਂ ਤਿੰਨ ਦਿਨਾਂ ਲਈ ਹੜਤਾਲ ਕੀਤੀ ਜਾ ਰਹੀ ਹੈ। ਅੱਜ ਹੜਤਾਲ ਨੂੰ ਲੈ ਕੇ ਬੀਬੀਆਂ ਸਭ ਤੋਂ ਵੱਧ ਪ੍ਰੇਸ਼ਾਨ ਦੇਖੀਆਂ ਗਈਆਂ। ਕੈਪਟਨ ਸਰਕਾਰ ਨੇ ਬੀਬੀਆਂ ਲਈ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੋਈ ਹੈ ਅਤੇ ਬੱਸਾਂ ਦੀ ਇਹ ਹੜਤਾਲ ਤਿੰਨ ਦਿਨ ਚੱਲ ਸਕਦੀ ਹੈ। ਹੜਤਾਲ ਕਰਨ ਵਾਲੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੋ ਵਰਕਰ ਪਿਛਲੇ ਕਾਫ਼ੀ ਸਮੇਂ ਤੋਂ ਠੇਕੇ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਇਸ ਦੇ ਚੱਲਦਿਆਂ ਅੱਜ ਪੰਜਾਬ ਵਿਚ ਜਿੰਨੇ ਵੀ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਡਿਪੂ ਹਨ, ਉਨ੍ਹਾਂ ’ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਭਲਕੇ 29 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਨੂੰ ਲੈ ਕੇ ਵੱਡੀ ਗਿਣਤੀ ਵਿਚ ਕਰਮਚਾਰੀ ਪਟਿਆਲਾ ਵਿਖੇ ਪਹੁੰਚਣਗੇ। ਇਸੇ ਦੌਰਾਨ ਕੱਚੇ ਮੁਲਾਜ਼ਮਾਂ ਦਾ ਕਹਿਣਾ ਸੀ ਜੇਕਰ ਉਹਨਾਂ ਦੀ ਮੰਗ ਨਾ ਪੂਰੀ ਕੀਤੀ ਗਈ ਤਾਂ ਹੜਤਾਲ ਅਣਮਿੱਥੇ ਸਮੇਂ ਲਈ ਵਧਾ ਦਿੱਤੀ ਜਾਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ ਸਾਰੇ ਪਾਸੇ ਹੜਤਾਲਾਂ ਅਤੇ ਧਰਨਾ ਪ੍ਰਦਰਸ਼ਨ ਚੱਲ ਰਹੇ ਹਨ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਹੜਤਾਲ ’ਤੇ ਹਨ, ਸਰਕਾਰੀ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਹੈ, ਕੱਚੇ ਅਧਿਆਪਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵੀ ਧਰਨਾ ਪ੍ਰਦਰਸ਼ਨ ਚੱਲ ਰਹੇ ਹਨ। ਇਹੋ ਜਿਹੇ ਸਾਰੇ ਧਰਨਾ ਪ੍ਰਦਰਸ਼ਨ ਕੈਪਟਨ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ।