Breaking News
Home / ਭਾਰਤ / ਫਾਈਜ਼ਰ ਤੇ ਮੋਡਰਨਾ ਦੇ ਕਰੋਨਾ ਟੀਕਿਆਂ ਦਾ ਭਾਰਤ ਆਉਣ ਦਾ ਰਸਤਾ ਸਾਫ

ਫਾਈਜ਼ਰ ਤੇ ਮੋਡਰਨਾ ਦੇ ਕਰੋਨਾ ਟੀਕਿਆਂ ਦਾ ਭਾਰਤ ਆਉਣ ਦਾ ਰਸਤਾ ਸਾਫ

ਵਿਦੇਸ਼ੀ ਵੈਕਸੀਨ ਦੀ ਦੇਸ਼ ਦੀ ਲੈਬ ‘ਚ ਜਾਂਚ ਦੀ ਜ਼ਰੂਰਤ ਨਹੀਂ
ਡੀਸੀਜੀਆਈ ਨੇ ਨਿਯਮਾਂ ‘ਚ ਦਿੱਤੀ ਛੋਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਵਿਦੇਸ਼ੀ ਕੰਪਨੀਆਂ ਦੀ ਵੈਕਸੀਨ ਲਈ ਸਰਕਾਰ ਨੇ ਨਿਯਮਾਂ ਵਿਚ ਛੋਟ ਦਿੱਤੀ ਹੈ। ਭਾਰਤ ਦੇ ਡਰੱਗ ਰੈਗੂਲੇਟਰ (ਡੀਸੀਜੀਆਈ) ਨੇ ਵਿਦੇਸ਼ ਵਿਚ ਬਣੀ ਕੋਵਿਡ ਵੈਕਸੀਨ ਦੀ ਹਰ ਖੇਪ ਨੂੰ ਕੇਂਦਰੀ ਡਰੱਗ ਲੈਬ, ਕਸੌਲੀ ਵਿਚ ਟੈਸਟ ਕਰਨ ਦੀ ਲੋੜ ਖ਼ਤਮ ਕਰ ਦਿੱਤੀ ਹੈ। ਹੁਣ ਵਿਦੇਸ਼ ਵਿਚ ਬਣੇ ਕਰੋਨਾ ਦੇ ਟੀਕਿਆਂ ਨੂੰ ਦੇਸ਼ ਵਿਚ ਟਰਾਇਲ ਵਿਚੋਂ ਨਹੀਂ ਗੁਜ਼ਰਨਾ ਹੋਵੇਗਾ, ਬਸ਼ਰਤੇ ਕਿ ਉਸ ਨੂੰ ਬਾਹਰੀ ਦੇਸ਼ਾਂ ਵਿਚ ਇਸਤੇਮਾਲ ਦੀ ਮਨਜੂਰੀ ਮਿਲੀ ਹੋਵੇ ਅਤੇ ਵਿਸ਼ਵ ਸਿਹਤ ਸੰਗਠਨ ਕੋਲੋਂ ਐਮਰਜੈਂਸੀ ਵਰਤੋਂ ਦੀ ਵੀ ਇਜਾਜ਼ਤ ਮਿਲੀ ਹੋਵੇ। ਹਾਲਾਂਕਿ ਦੇਸ਼ ਵਿਚ ਬਣ ਰਹੀ ਵੈਕਸੀਨ ਦੇ ਹਰ ਬੈਚ ਦੇ ਸੈਂਪਲ ਦੀ ਜਾਂ ਲੈਬ ਵਿਚ ਪਹਿਲਾਂ ਦੀ ਤਰ੍ਹਾਂ ਹੁੰਦੀ ਰਹੇਗੀ।
ਡੀਸੀਜੀਆਈ ਦੇ ਇਸ ਫੈਸਲੇ ਨਾਲ ਅਮਰੀਕੀ ਕੰਪਨੀ ਫਾਈਜ਼ਰ ਅਤੇ ਮੋਡਰਨਾ ਦੇ ਟੀਕਿਆਂ ਨੂੰ ਭਾਰਤ ‘ਚ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਇਹ ਦੋਨੋਂ ਕੰਪਨੀਆਂ ਇਸਦੀ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਸਨ। ਜ਼ਿਕਰਯੋਗ ਹੈ ਕਿ ਵਿਦੇਸ਼ ਤੋਂ ਮੰਗਵਾਏ ਟੀਕਿਆਂ ਨੂੰ ਦੇਸ਼ ਵਿਚ ਹੋਈ ਪਰਖ਼ ਨਾਲ ਮੇਲ ਕੇ ਦੇਖਿਆ ਜਾਂਦਾ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਾਸੀਆਂ ਦੇ ਜੈਨੇਟਿਕਸ ਵਿਚ ਫ਼ਰਕ ਹੁੰਦਾ ਹੈ। ਇਸ ਕਦਮ ਨਾਲ ਵੈਕਸੀਨ ਜ਼ਿਆਦਾ ਗਿਣਤੀ ਵਿਚ ਉਪਲੱਬਧ ਹੋ ਸਕੇਗੀ। ਦੱਸਣਯੋਗ ਹੈ ਕਿ ਫਾਈਜ਼ਰ ਤੇ ਸਿਪਲਾ ਫਾਰਮਾ ਕੰਪਨੀਆਂ ਨੇ ਭਾਰਤ ਨੂੰ ਵੈਕਸੀਨ ਭੇਜਣ ਤੋਂ ਪਹਿਲਾਂ ਇਹ ਮੰਗ ਰੱਖੀਆਂ ਸਨ ਤੇ ਹੁਣ ‘ਡੀਸੀਜੀਆਈ’ ਨੇ ਇਹ ਫ਼ੈਸਲਾ ਲਿਆ ਹੈ। ਭਾਰਤ ਵਿਚ ਵੈਕਸੀਨ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਇਸੇ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …