ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਤੇਲ ਦੇ ਰੇਟ ਲਗਾਤਾਰ ਵਧਣੇ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਪੰਜ ਰਾਜਾਂ ਦੇ ਚੋਣ ਨਤੀਜੇ ਆਉਂਦਿਆਂ ਹੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣੇ ਸ਼ੁਰੂ ਹੋਏ ਹਨ। ਜਿਸ ਤੋਂ ਲਗਦਾ ਹੈ ਕਿ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਚੋਣਾਂ ਖ਼ਤਮ ਹੋਣ ਦੀ ਉਡੀਕ ਹੀ ਕਰ ਰਹੀਆਂ ਸਨ। ਪਿਛਲੇ 3 ਦਿਨਾਂ ਵਿਚ ਕ੍ਰਮਵਾਰ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿਚ 60 ਪੈਸੇ ਤੇ 71 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ। ਜਿਸ ਨਾਲ ਪੈਟਰੋਲ ਦਾ ਰੇਟ ਲਗਭਗ 93 ਰੁਪਏ ਅਤੇ ਡੀਜ਼ਲ 84 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ। ਤੇਲ ਕੀਮਤਾਂ ਵਿਚ ਵਾਧਾ ਜੇਕਰ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਇਹ ਆਉਣ ਵਾਲੇ ਦਿਨਾਂ ਵਿਚ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਜਾਵੇਗਾ। ਧਿਆਨ ਰਹੇ ਕਿ ਦੇਸ਼ ਦੀ ਜਨਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਹੈ ਅਤੇ ਵਧ ਰਹੀਆਂ ਤੇਲ ਕੀਮਤਾਂ ਨਾਲ ਵੀ ਹਾਹਾਕਾਰ ਵਾਲਾ ਮਾਹੌਲ ਬਣਦਾ ਜਾ ਰਹਾ ਹੈ। ਚਰਚਾਵਾਂ ਇਹ ਵੀ ਚੱਲ ਰਹੀਆਂ ਹਨ ਕਿ ਮੋਦੀ ਸਰਕਾਰ ਦੇ ਅੱਛੇ ਦਿਨ ਕਦ ਆਉਣਗੇ।