Breaking News
Home / ਭਾਰਤ / ਲਾਕਡਾਊਨ ਦੇ ਡਰੋਂ ਘਰਾਂ ਨੂੰ ਪਰਤਣ ਲੱਗੇ ਮਜ਼ਦੂਰ

ਲਾਕਡਾਊਨ ਦੇ ਡਰੋਂ ਘਰਾਂ ਨੂੰ ਪਰਤਣ ਲੱਗੇ ਮਜ਼ਦੂਰ

ਲੁਧਿਆਣਾ ਦੀਆਂ ਕਈ ਫੈਕਟਰੀਆਂ ‘ਚ ਮਜ਼ਦੂਰਾਂ ਦੀ ਘਾਟ ਕਾਰਨ ਕੰਮ ਹੋਣ ਲੱਗਾ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਨੇ ਇਕ ਵਾਰ ਫਿਰ ਭਾਰਤ ਵਿਚ ਹਲਚਲ ਮਚਾ ਦਿੱਤੀ ਹੈ ਅਤੇ ਇਸਦਾ ਅਸਰ ਪੰਜਾਬ, ਦਿੱਲੀ ਸਣੇ ਹੋਰ ਸੂਬਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਵਿਚ ਵੀ ਅਤੇ ਪੰਜਾਬ ਵਿਚ ਕਰੋਨਾ ਦੇ ਮਾਮਲੇ ਕਾਫੀ ਜ਼ਿਆਦਾ ਵਧੇ ਹਨ। ਦਿੱਲੀ ਸਰਕਾਰ ਨੇ ਕੁਝ ਸਮੇਂ ਲਈ ਲਾਕਡਾਊਨ ਵੀ ਲਗਾ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਵੀ ਕਰੋਨਾ ਨੂੰ ਲੈ ਕੇ ਪਾਬੰਦੀਆਂ ਵਧਾ ਦਿੱਤੀਆਂ ਹਨ ਅਤੇ ਐਤਵਾਰ ਨੂੰ ਲਾਕਡਾਊਨ ਲਗਾ ਦਿੱਤਾ ਹੈ। ਇਸਦੇ ਚੱਲਦਿਆਂ ਹੁਣ ਹਰ ਇਕ ਵਿਅਕਤੀ ਦੇ ਮਨ ਵਿਚ ਡਰ ਹੈ ਕਿ ਲਾਕਡਾਊਨ ਫਿਰ ਲੱਗ ਜਾਵੇਗਾ। ਇਸਦੇ ਡਰੋਂ ਪਰਵਾਸੀ ਮਜ਼ਦੂਦਰਾਂ ਨੇ ਬਿਹਾਰ ਅਤੇ ਉਤਰ ਪ੍ਰਦੇਸ਼ ਸਥਿਤ ਆਪੋ-ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਦੋ ਇਲਾਕਿਆਂ ਵਿੱਚ ਲੱਗੇ ਲਾਕਡਾਊਨ ਤੇ ਕਰੋਨਾ ਦੇ ਵਧ ਰਹੇ ਕੇਸਾਂ ਨੇ ਪਰਵਾਸੀ ਮਜ਼ਦੂਰਾਂ ਵਿੱਚ ਮੁੜ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲਾਕਡਾਊਨ ਦੇ ਚਰਚਿਆਂ ਕਾਰਨ ਮਜ਼ਦੂਰਾਂ ਨੇ ਮੁੜ ਆਪਣੇ ਪਿੰਡਾਂ ਨੂੰ ਚਾਲੇ ਪਾ ਲਏ ਹਨ। ਪਿਛਲੇ ਸਾਲ ਜਦੋਂ ਅਚਨਚੇਤ ਲਾਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਮਜ਼ਦੂਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਸੀ। ਇਸੇ ਕਾਰਨ ਐਤਕੀਂ ਉਹ ਪਹਿਲਾਂ ਹੀ ਘਰਾਂ ਨੂੰ ਮੁੜਨ ਲੱਗੇ ਹਨ। ਇਸ ਵੇਲੇ ਬਹੁਤੀਆਂ ਰੇਲ ਗੱਡੀਆਂ ਬੰਦ ਹਨ। ਇਸ ਕਾਰਨ ਹਜ਼ਾਰਾਂ ਰੁਪਏ ਖ਼ਰਚ ਕੇ ਮਜ਼ਦੂਰ ਬੱਸਾਂ ਰਾਹੀਂ ਯੂਪੀ ਤੇ ਬਿਹਾਰ ਲਈ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਇਸ ਦਾ ਵੱਡਾ ਅਸਰ ਸਨਅਤਾਂ ‘ਤੇ ਪੈ ਰਿਹਾ ਹੈ। ਕਰੋਨਾ ਦੀ ਦੂਜੀ ਲਹਿਰ ਦਾ ਲੁਧਿਆਣਾ ਵਿੱਚ ਕਾਫ਼ੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਤੇ ਅਪਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਲੁਧਿਆਣਾ ਵਿੱਚ ਰੋਜ਼ਾਨਾ ਕਰੋਨਾ ਦੇ ਕਰੀਬ 500 ਕੇਸ ਆ ਰਹੇ ਹਨ। ਪਿਛਲੇ ਤਿੰਨ ਦਿਨਾਂ ਵਿੱਚ 700-800 ਦੇ ਕਰੀਬ ਕਰੋਨਾ ਕੇਸ ਆਏ ਹਨ। ਇਸ ਕਰਕੇ ਸ਼ਹਿਰ ਦੇ ਦੋ ਇਲਾਕਿਆਂ ਦੁੱਗਰੀ ਫੇਜ਼ ਇੱਕ ਤੇ ਦੋ ਵਿੱਚ ਪੂਰਨ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਇਸ ਕਾਰਨ ਸਨਅਤੀ ਸ਼ਹਿਰ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਉਹ ਆਪਣੇ ਪਿੰਡਾਂ ਨੂੰ ਜਾਣ ਲਈ ਕਾਹਲੇ ਪੈ ਗਏ ਹਨ। ਸਨਅਤਕਾਰ ਸੋਨੂੰ ਆਹੂਜਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਫੈਕਟਰੀਆਂ ਵਿੱਚੋਂ ਕਾਫ਼ੀ ਮਜ਼ਦੂਰ ਆਪਣੇ ਪਿੰਡਾਂ ਨੂੰ ਜਾ ਚੁੱਕੇ ਹਨ। ਸਭ ਨੂੰ ਡਰ ਹੈ ਕਿ ਕਿਤੇ ਦੁਬਾਰਾ ਲਾਕਡਾਊਨ ਨਾ ਲੱਗ ਜਾਵੇ। ਰੇਲ ਗੱਡੀਆਂ ਘੱਟ ਚੱਲਣ ਕਾਰਨ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਬੱਸਾਂ ਰਾਹੀਂ ਤੈਅ ਕਰ ਰਹੇ ਹਨ।
ਕਿਤੇ ਤੁਰ ਕੇ ਹੀ ਨਾ ਜਾਣਾ ਪਵੇ
ਲੁਧਿਆਣਾ ਦੇ ਬੱਸ ਸਟੈਂਡ ‘ਤੇ ਪਰਵਾਸੀ ਮਜ਼ਦੂਰਾਂ ਦੀ ਵੱਡੀ ਭੀੜ ਦੇਖੀ ਗਈ, ਜੋ ਲਾਕਡਾਊਨ ਦੇ ਡਰੋਂ ਆਪੋ ਆਪਣੇ ਘਰੀ ਜਾ ਰਹੇ ਹਨ। ਪਰਵਾਸੀ ਮਜ਼ਦੂਰਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਪਿਛਲੇ ਸਾਲ ਵਾਂਗ ਉਨ੍ਹਾਂ ਨੂੰ ਤੁਰ ਕੇ ਹੀ ਜਾਣਾ ਪਏ। ਜਾਣਕਾਰੀ ਮੁਤਾਬਿਕ ਇਕੱਲੇ ਲੁਧਿਆਣਾ ਦੇ ਬੱਸ ਸਟੈਂਡ ਨੇੜਿਉਂ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੀਆਂ 30-40 ਬੱਸਾਂ ਰੋਜ਼ਾਨਾ ਯੂਪੀ ਤੇ ਬਿਹਾਰ ਨੂੰ ਜਾ ਰਹੀਆਂ ਹਨ। ਇਕ ਪਰਵਾਸੀ ਮਜ਼ਦੂਰ ਫਿਰੋਜ਼ ਨੇ ਦੱਸਿਆ ਕਿ ਪਿਛਲੀ ਵਾਰ ਵੀ ਜਦੋਂ ਲਾਕਡਾਊਨ ਲੱਗਿਆ ਸੀ ਤਾਂ ਉਨ੍ਹਾਂ ਨੂੰ ਸੈਂਕੜੇ ਕਿਲੋਮੀਟਰ ਤੁਰ ਕੇ ਆਪਣੇ ਘਰ ਜਾਣਾ ਪਇਆ ਸੀ। ਇਸ ਵਾਰ ਵੀ ਅਜਿਹੇ ਹਾਲਾਤ ਨਾ ਹੋਣ ਇਸ ਕਰਕੇ ਉਹ ਪਹਿਲਾਂ ਹੀ ਆਪਣੇ ਪਿੰਡ ਪਰਿਵਾਰ ਕੋਲ ਪੁੱਜ ਜਾਣਾ ਚਾਹੁੰਦੇ ਹਨ।

Check Also

ਰਾਹੁਲ ਗਾਂਧੀ ਦਾ ਅਮੇਠੀ ਤੋਂ ਅਤੇ ਪਿ੍ਰਅੰਕਾ ਗਾਂਧੀ ਦਾ ਰਾਏਬਰੇਲੀ ਤੋਂ ਚੋਣ ਲੜਨਾ ਤੈਅ

26 ਅਪ੍ਰੈਲ ਤੋਂ ਬਾਅਦ ਰਾਹੁਲ ਅਤੇ ਪਿ੍ਰਅੰਕਾ ਦੇ ਨਾਵਾਂ ਦਾ ਕੀਤਾ ਜਾ ਸਕਦਾ ਹੈ ਐਲਾਨ …