ਆਪੋ-ਆਪਣੇ ਦਲਾਂ ਦਾ ਰਲੇਵਾਂ ਕਰਨਗੇ ਦੋਵੇਂ ਸੀਨੀਅਰ ਅਕਾਲੀ ਆਗੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਪੰਥਕ ਸਿਆਸਤ ਵਿਚ ਸਰਗਰਮ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠਲੇ ਅਕਾਲੀ ਦਲਾਂ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਦੋਵਾਂ ਦਲਾਂ ਦੇ ਰਲੇਵੇਂ ਲਈ ਕਾਇਮ ਕੀਤੀ ਸਾਂਝੀ ਏਕਤਾ ਕਮੇਟੀ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਦੋਵਾਂ ਸੀਨੀਅਰ ਅਕਾਲੀ ਆਗੂਆਂ ਦੀ ਅਗਵਾਈ ਹੇਠ ਚੰਡੀਗੜ੍ਹ ‘ਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਅਤੇ ਪੰਥ ਦੇ ਹਿੱਤਾਂ ਦੇ ਮੱਦੇਨਜ਼ਰ ਦੋਵਾਂ ਦਲਾਂ ਨੂੰ ਭੰਗ ਕਰਕੇ ਇੱਕ ਪਾਰਟੀ ਬਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ ਨਵੀਂ ਪਾਰਟੀ ਦਾ ਗਠਨ ਕਰਕੇ ਮਜ਼ਬੂਤ ਜਥੇਬੰਦਕ ਢਾਂਚਾ ਬਣਾਇਆ ਜਾਵੇਗਾ ਤੇ ਹਮਖਿਆਲ ਪਾਰਟੀਆਂ ਨਾਲ ਤਾਲਮੇਲ ਕਰਕੇ ਚੌਥੇ ਫਰੰਟ ਦਾ ਗਠਨ ਹੋਵੇਗਾ ਤਾਂ ਜੋ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਗੰਭੀਰ ਸਿਆਸੀ ਆਰਥਿਕ-ਸਮਾਜਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਪੰਜਾਬ ਦੀ ਬਰਬਾਦੀ ਲਈ ਬਾਦਲ ਪਰਿਵਾਰ ਤੇ ਕੈਪਟਨ ਦੋਵੇਂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਦਾ ਸੰਕਟ ਵੀ ਮੂੰਹ ਅੱਡੀ ਖੜ੍ਹਾ ਹੈ। ਇਸ ਲਈ ਸੂਬੇ ਨੂੰ ਬਾਦਲਾਂ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੋਂ ਬਚਾਉਣ ਦੀ ਜ਼ਰੂਰਤ ਹੈ। ਅਕਾਲੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਸਵੀਕਾਰ ਕਰਨ ਤੇ ਕਈ ਮਹੀਨਿਆਂ ਤੋਂ ਆਪਣੀਆਂ ਹੱਕੀ ਮੰਗਾਂ ਖਾਤਰ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤੇ ਨੂੰ ਰਾਹਤ ਦੇਣ।
ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਮੀਟਿੰਗ ਉਪਰੰਤ ਫ਼ੈਸਲਾ ਕੀਤਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਖਾਤਰ ਉੱਚ ਪੱਧਰੀ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਜਲਦੀ ਮਿਲੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੇ ਬਾਦਲ ਦੋਵੇਂ ‘ਦੋਸਤਾਨਾ ਮੈਚ’ ਖੇਡ ਰਹੇ ਹਨ ਜਿਸ ਦਾ ਖ਼ਮਿਆਜ਼ਾ ਪੰਜਾਬ ਭੁਗਤ ਰਿਹਾ ਹੈ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵੇਲੇ ਕੈਪਟਨ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਬਰਗਾੜੀ ਕਾਂਡ ਦੇ ਅਸਲ ਦੋਸ਼ੀ ਸਲਾਖ਼ਾਂ ਪਿੱਛੇ ਧੱਕੇ ਜਾਣਗੇ, ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਤੇ ਨਸ਼ਿਆਂ ਦਾ ਖਾਤਮਾ ਚਾਰ ਹਫ਼ਤਿਆਂ ਅੰਦਰ ਕਰ ਦਿੱਤਾ ਜਾਵੇਗਾ।
‘ਪੰਜਾਬ ਨੂੰ ਚੌਥਾ ਫਰੰਟ ਦਿੱਤਾ ਜਾਵੇਗਾ’
ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਨਵੀਂ ਪਾਰਟੀ ਬਣਾ ਕੇ ਪੰਜਾਬ ਨੂੰ ਚੌਥਾ ਫਰੰਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਮਖਿਆਲ ਪਾਰਟੀਆਂ ਨਾਲ ਭਾਈਵਾਲੀ ਕਰਨ ਲਈ ਗੱਲਬਾਤ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਬਾਦਲਾਂ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦਾ ਗਠਨ ਕੀਤਾ ਸੀ ਜਦੋਂ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹੋਂਦ ‘ਚ ਆਇਆ ਸੀ।
Check Also
ਫਿਰੋਜ਼ਪੁਰ ’ਚ ਕਰੋਨਾ ਦਾ ਪਹਿਲਾ ਕੇਸ ਆਇਆ ਸਾਹਮਣੇ
ਸਿਹਤ ਵਿਭਾਗ ਨੇ ਅੰਬਾਲਾ ਨਾਲ ਸਬੰਧਤ ਨੌਜਵਾਨ ਨੂੰ ਕੀਤਾ ਇਕਾਂਤਵਾਸ ਫਿਰੋਜ਼ਪੁਰ/ਬਿਊਰੋ ਨਿਊਜ਼ ਫਿਰੋਜ਼ਪੁਰ ਵਿੱਚ ਅੱਜ …