Breaking News
Home / ਪੰਜਾਬ / ਬੇਅਦਬੀ ਕਾਂਡ ਮਾਮਲੇ ‘ਚ ਫੂਲਕਾ ਵੱਲੋਂ ਕਾਂਗਰਸ ਨੂੰ ਖੁੱਲ੍ਹੀ ਚਿੱਠੀ

ਬੇਅਦਬੀ ਕਾਂਡ ਮਾਮਲੇ ‘ਚ ਫੂਲਕਾ ਵੱਲੋਂ ਕਾਂਗਰਸ ਨੂੰ ਖੁੱਲ੍ਹੀ ਚਿੱਠੀ

ਕਿਹਾ – ਕੁੰਵਰ ਵਿਜੇ ਪ੍ਰਤਾਪ ਦੀ ਸਾਰੀ ਮਿਹਨਤ ‘ਤੇ ਪਾਣੀ ਫਿਰਿਆ
ਲੁਧਿਆਣਾ/ਬਿਊਰੋ ਨਿਊਜ਼ : ਬੇਅਦਬੀ ਕਾਂਡ ਸਬੰਧੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਾਂਗਰਸ ਪਾਰਟੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਉਨ੍ਹਾਂ ਕਾਂਗਰਸ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਬੇਅਦਬੀ, ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦੇਣ ਦਾ ਵਾਅਦਾ ਯਾਦ ਕਰਵਾਇਆ। ਉਂਜ ਉਨ੍ਹਾਂ ‘ਸਿਟ’ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਚਿੱਠੀ ਵਿੱਚ ਆਖਿਆ ਕਿ ਅਗਸਤ 2018 ਦੌਰਾਨ ਵਿਧਾਨ ਸਭਾ ‘ਚ ਬਹਿਸ ਤੋਂ ਬਾਅਦ ਉਨ੍ਹਾਂ ਇਹ ਗੱਲ ਕਹੀ ਸੀ ਕਿ ਵਿਧਾਨ ਸਭਾ ਵਿੱਚ ਪਾਸ ਹੋਏ ਮਤਿਆਂ ਵਿੱਚ ਅਜਿਹੀਆਂ ਕਾਨੂੰਨੀ ਕਮੀਆਂ ਛੱਡੀਆਂ ਗਈਆਂ ਹਨ, ਜਿਸ ਦਾ ਮੁਲਜ਼ਮ ਪੂਰਾ ਫਾਇਦਾ ਚੁੱਕਣਗੇ ਪਰ ਉਦੋਂ ਕਾਂਗਰਸੀ ਆਗੂਆਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਇਸ ਦੇ ਰੋਸ ਵਜੋਂ ਹੀ ਉਨ੍ਹਾਂ (ਮੈਂ) ਵਿਧਾਇਕ ਵਜੋਂ ਅਸਤੀਫ਼ਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਢਾਈ ਸਾਲ ਬਾਅਦ ਮਤਿਆਂ ‘ਚ ਕਾਨੂੰਨੀ ਕਮੀਆਂ ਹੋਣ ਦੀ ਗੱਲ ਸਹੀ ਨਿਕਲੀ, ਜਿਸ ਦਾ ਫਾਇਦਾ ਮੁਲਜ਼ਮ ਲੈ ਗਏ ਅਤੇ ਐੱਸਆਈਟੀ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸਾਰੀ ਮਿਹਨਤ ‘ਤੇ ਪਾਣੀ ਫਿਰ ਗਿਆ। ਉਨ੍ਹਾਂ ਆਖਿਆ ਕਿ ‘ਸਿਟ’ ਦੀ ਰਿਪੋਰਟ ਨੂੰ ਹਾਈਕੋਰਟ ਨੇ ਇਸ ਕਰਕੇ ਖਾਰਜ ਕਰ ਦਿੱਤਾ ਕਿਉਂਕਿ ਇਸ ‘ਤੇ ਮਹਿਜ਼ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਸਤਖ਼ਤ ਕੀਤੇ ਸਨ ਤੇ ਬਾਕੀ ਮੈਂਬਰਾਂ ਨੇ ਉਸ ‘ਤੇ ਦਸਤਖ਼ਤ ਨਹੀਂ ਕੀਤੇ ਸਨ। ਇਹ ‘ਸਿਟ’ ਕਾਂਗਰਸ ਨੇ ਬਣਾਈ ਸੀ। ਇਸ ਲਈ ਕਾਂਗਰਸ ਦੀ ਜਵਾਬਦੇਹੀ ਬਣਦੀ ਹੈ ਕਿ ਉਹ ਦੱਸੇ ਕਿ ‘ਸਿਟ’ ਦੇ ਹੋਰਨਾਂ ਮੈਂਬਰਾਂ ਨੇ ਜਾਂਚ ਰਿਪੋਰਟ ‘ਤੇ ਦਸਤਖ਼ਤ ਕਿਉਂ ਨਹੀਂ ਕੀਤੇ? ਹਾਲਾਂਕਿ ਅਗਸਤ 2018 ਵਿੱਚ ਸਰਕਾਰ ਨੇ ਇਹ ਪੜਤਾਲ ਤਿੰਨ ਮਹੀਨੇ ਵਿੱਚ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ ਪਰ ਢਾਈ ਸਾਲ ਬਾਅਦ ਵੀ ਜਾਂਚ ਨਹੀਂ ਹੋਈ।
ਫੂਲਕਾ ਨੇ ਹੁਣ ਸਿੱਧੂ ਨੂੰ ਲਿਖੀ ਚਿੱਠੀ
ਅੰਮ੍ਰਿਤਸਰ : ਐੱਚਐੱਸ ਫੂਲਕਾ ਨੇ ਬੇਅਦਬੀ ਕਾਂਡ ਮਾਮਲੇ ਵਿੱਚ ਕਾਂਗਰਸ ਪਾਰਟੀ ਨੂੰ ਖੁੱਲ੍ਹਾ ਪੱਤਰ ਲਿਖਣ ਤੋਂ ਬਾਅਦ ਇਕ ਪੱਤਰ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨਾਂ ਵੀ ਲਿਖਿਆ ਹੈ, ਜਿਸ ‘ਚ ਉਨ੍ਹਾਂ ਆਖਿਆ ਕਿ ‘ਹੁਣ ਗਰਜਣ ਦਾ ਨਹੀਂ ਵਰ੍ਹਨ ਦਾ ਸਮਾਂ ਹੈ’। ਦੋ ਸਫਿਆਂ ਦੇ ਲੰਮੇ ਇਸ ਪੱਤਰ ਵਿਚ ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਇਸ ਮਾਮਲੇ ਨੂੰ ਜਿਸ ਥਾਂ ‘ਤੇ ਛੱਡਿਆ ਸੀ, ਇਹ ਅੱਜ ਵੀ ਉਥੇ ਹੀ ਖੜ੍ਹਾ ਹੈ। ਅੱਜ ਵੀ ਇਸ ਮਾਮਲੇ ਵਿਚ ਕੁਝ ਨਹੀਂ ਹੋਇਆ ਅਤੇ ਕਿਸੇ ਦੋਸ਼ੀ ਖਿਲਾਫ ਕਾਰਵਾਈ ਨਹੀਂ ਹੋਈ। ਉਨ੍ਹਾਂ ਸਿੱਧੂ ਨੂੰ ਆਖਿਆ ਕਿ ਉਹ ਆਪਣੀ ਕਾਂਗਰਸ ਸਰਕਾਰ ਕੋਲੋਂ ਇਸ ਮਾਮਲੇ ਵਿੱਚ ਜਵਾਬ ਮੰਗਣ। ਇਸ ਮਾਮਲੇ ਵਿਚ ਸਿਰਫ ਜਵਾਬਦੇਹੀ ਹੀ ਨਹੀਂ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਗੇ ਹੋ ਕੇ ਕੰਮ ਕਰਨ। ਉਨ੍ਹਾਂ ਸਿੱਧੂ ਨੂੰ ਯਾਦ ਦਿਵਾਇਆ ਕਿ ਜਦੋਂ ਅਗਸਤ 2018 ਵਿਚ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਹੋਈ ਸੀ ਤਾਂ ਉਸ ਵੇਲੇ ਦੋਵਾਂ ਆਗੂਆਂ ਵਿਚ ਜੋ ਗੱਲ ਹੋਈ ਸੀ, ਉਨ੍ਹਾਂ ਦੀ ਅੱਜ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਉਨ੍ਹਾਂ ਵਿਧਾਨ ਸਭਾ ਵਿਚ ਪਾਸ ਕੀਤੇ ਮਤਿਆਂ ਨੂੰ ਅਧੂਰਾ ਆਖਿਆ ਸੀ ਅਤੇ ਅੱਜ ਇਹ ਗੱਲ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ‘ਤੇ ਉਨ੍ਹਾਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ।
ਸਿੱਧੂ ਨੇ ਫੂਲਕਾ ਨੂੰ ਪੱਤਰ ਦਾ ਭੇਜਿਆ ਜੁਆਬ
ਅੰਮ੍ਰਿਤਸਰ : ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਐੱਚਐੱਸ ਫੂਲਕਾ ਵੱਲੋਂ ਉਨ੍ਹਾਂ ਨੂੰ ਲਿਖੇ ਪੱਤਰ ਦੇ ਜੁਆਬ ਵਿੱਚ ਪੱਤਰ ਲਿਖ ਕੇ ਆਖਿਆ ਹੈ ਕਿ ਬੇਅਦਬੀ ਕਾਂਡ ਵਿੱਚ ਨਿਆਂ ਪ੍ਰਾਪਤ ਕਰਨ ਵਾਸਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਅਜਿਹੇ ਇਜਲਾਸ ਪਹਿਲਾਂ ਵੀ ਸੱਦੇ ਜਾ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਕੇਸ ਦਰਜ ਕਰਨ, ਜਾਂਚ ਕਰਨ ਅਤੇ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦੇਣ ਦੀ ਆਗਿਆ ਸਿਰਫ਼ ਸੂਬੇ ਦੇ ਗ੍ਰਹਿ ਮੰਤਰੀ ਕੋਲ ਹੈ। ਜ਼ਿਕਰਯੋਗ ਹੈ ਕਿ ਐਡਵੋਕੇਟ ਫੂਲਕਾ ਨੇ ਸਿੱਧੂ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਹੁਣ ਕੁਝ ਕਹਿਣ ਦਾ ਨਹੀ, ਸਗੋਂ ਕੁਝ ਕਰਨ ਦਾ ਸਮਾਂ ਹੈ।
ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਸੁਝਾਅ ਦੇ ਕੇ ਲੋਕਾਂ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿੰਨੀ ਤਾਕਤ ਉਨ੍ਹਾਂ ਨੂੰ ਦਿੱਤੀ ਹੈ, ਉਹ ਉਸ ਮੁਤਾਬਕ ਇੱਕ ਨਿਮਾਣੇ ਸਿੱਖ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਜਿਸ ਦਿਨ ਲੋਕ ਉਨ੍ਹਾਂ ਨੂੰ ਹੋਰ ਵਧੇਰੇ ਤਾਕਤ ਦੇਣਗੇ ਤਾਂ ਉਹ ਉਸ ਮੁਤਾਬਕ ਫ਼ੈਸਲੇ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਹੁਣ ਤਕ ਉਨ੍ਹਾਂ ਨੇ ਲੋਕਾਂ ਵਾਸਤੇ ਕੀ ਕੀਤਾ ਹੈ ਅਤੇ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਤੀਫ਼ਾ ਦੇ ਕੇ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ, ਸਗੋਂ ਸਿਸਟਮ ਦੇ ਅੰਦਰ ਰਹਿ ਕੇ ਹੀ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ।
ਕੁੰਵਰ ਵਿਜੇ ਨੇ ਪੰਜਾਬ ਸਰਕਾਰ ਅਤੇ ਫੂਲਕਾ ‘ਤੇ ਚੁੱਕੇ ਸਵਾਲ
ਚੰਡੀਗੜ੍ਹ : ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਕੋਟਕਪੂਰਾ ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਐਡਵੋਕੇਟ ਜਨਰਲ ਅਤੁੱਲ ਨੰਦਾ ਇਕ ਵਾਰੀ ਵੀ ਪੇਸ਼ ਨਹੀਂ ਹੋਏ, ਬਲਕਿ ਹਰ ਪੇਸ਼ੀ ਤੋਂ ਪਹਿਲਾਂ ਮੈਡੀਕਲ ਲੀਵ ‘ਤੇ ਚਲੇ ਗਏ। ਕੁੰਵਰ ਨੇ ਸਰਕਾਰ ਦੀ ਲੀਗਲ ਟੀਮ ‘ਤੇ ਹੀ ਸਵਾਲ ਚੁੱਕਦੇ ਹੋਏ ਕਿਹਾ ਮੈਨੂੰ ਤਾਂ ਲੱਗਾ ਹੀ ਨਹੀਂ ਕਿ ਇਹ ਸਾਡੇ ਵਲੋਂ ਲੜ ਰਹੇ ਹਨ। ਉਹਨਾਂ ਕਿਹਾ ਕਿ ਸਭ ਤੋਂ ਖਾਸ ਗੱਲ ਇਹ ਕਿ ਜਦੋਂ ਹਾਈਕੋਰਟ ਦਾ ਫੈਸਲਾ ਆਇਆ ਤਾਂ ਏਜੀ ਨੂੰ ਬੜੀ ਖੁਸ਼ੀ ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿਸ ਗੰਭੀਰਤਾ ਨਾਲ ਇਹ ਕੇਸ ਲੜ ਰਹੇ ਸਨ।
ਕੁੰਵਰ ਨੇ ਕਿਹਾ, ਫੂਲਕਾ ‘ਤੇ ਬਹੁਤ ਭਰੋਸਾ ਸੀ : ਕੁੰਵਰ ਨੇ ਕਿਹਾ ਕਿ ਐਚ.ਐਸ. ਫੂਲਕਾ ਨੇ ਇਸ ਕੇਸ ਨੂੰ ਲੜਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਸੁਪਰੀਮ ਕੋਰਟ ਤੋਂ ਘੱਟ ਨਹੀਂ ਲੜਦੇ। ਮੈਂ ਉਹਨਾਂ ਨੂੰ ਕਿਹਾ ਕਿ ਇਹ ਸੁਪਰੀਮ ਕੋਰਟ, ਹਾਈਕੋਰਟ ਜਾਂ ਫਰੀਦਕੋਟ ਦਾ ਮਾਮਲਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ। ਉਹਨਾਂ ਦੇ ਜਵਾਬ ਨੇ ਮੇਰੀ ਸਾਰੀ ਉਮੀਦ ਤੋੜ ਦਿੱਤੀ। ਫੂਲਕਾ ਨੇ ਜਿਸ ਵਕੀਲ ਦੀ ਡਿਊਟੀ ਲਾਈ, ਉਸ ਨੇ ਤਾਂ ਕੋਈ ਗੰਭੀਰਤਾ ਨਹੀਂ ਦਿਖਾਈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ

ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …