ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਸਾਰੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਇਸ ਮੀਟਿੰਗ ਵਿਚ ਔਰਤਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਹੋਈ। ਜੂਮ ਦੇ ਮਾਧਿਅਮ ਰਾਹੀਂ ਹੋਈ ਇਸ ਮੀਟਿੰਗ ਵਿੱਚ ਕੈਲਗਰੀ ਦੇ ਕਈ ਬੁੱਧੀਜੀਵੀਆਂ ਨੇ ਭਾਗ ਲਿਆ।
ਸ਼ੋਕ ਮਤੇ ਸਾਂਝੇ ਕਰਦਿਆਂ ਉੱਘੇ ਗਲਪਕਾਰ ਦਰਸ਼ਨ ਧੀਰ ਜੋ ਬਰਤਾਨੀਆ ਦੇ ਮੁੱਢਲੇ ਪਰਵਾਸੀ ਲੇਖਕਾਂ ਵਿੱਚੋਂ ਜਾਣੇ ਜਾਂਦੇ ਹਨ। ਜਿਨ੍ਹਾਂ ਅੱਠ ਕਹਾਣੀ ਸੰਗ੍ਰਹਿ, ਪੰਦਰਾਂ ਨਾਵਲ ਤੇ ਸਵੈ ਜੀਵਨੀ ਵੀ ਲਿਖੀ, ਕਈ ਵਿਦਿਆਰਥੀਆਂ ਨੇ ਐਮ ਫਿਲ ਤੇ ਪੀ ਐਚ ਡੀ ਦਾ ਖੋਜ ਕਾਰਜ ਉਹਨਾਂ ਦੀਆਂ ਲਿਖਤਾਂ ‘ਤੇ ਕੀਤਾ। ਪੰਜਾਬੀ ਨਾਵਲਕਾਰ ਪ੍ਰੋ. ਗੁਰਮੁਖ ਸਿੰਘ ਸਹਿਗਲ ਜਿਨ੍ਹਾਂ ਦੇ ਨਾਵਲ ‘ਨਦੀਓਂ ਵਿਛੜੇ ਨੀਰ’,’ਸਰਗਮ’, ‘ਹਿਜਰਤ’ ਆਦਿ ਬਹੁਤ ਚਰਚਾ ‘ਚ ਰਹੇ।
ਪ੍ਰੋ. ਕੁਲਵੰਤ ਗਰੇਵਾਲ, ਜਿਨ੍ਹਾਂ ਆਪਣੀ ਕਵਿਤਾ ਵਿਚ ਸਮਾਜਿਕ ਸਰੋਕਾਰਾਂ ਦੀ ਹਮੇਸ਼ਾ ਗੱਲ ਕੀਤੀ। ਵੀਹ ਸੌ ਸੋਲਾਂ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਪੰਜਾਬੀ ਕਵੀ’ ਪੁਰਸਕਾਰ ਵਜੋਂ ਨਿਵਾਜਿਆ ਗਿਆ। ਪ੍ਰਿੰਸੀਪਲ ਤਰਸੇਮ ਬਾਹੀਆ ਉੱਘੇ ਵਿਦਵਾਨ ਹੀ ਨਹੀਂ ਸਗੋਂ ਲੋਕਾਂ ਦੇ ਹਿੱਤਾਂ ਲਈ ਸਦਾ ਸੰਘਰਸ਼ਸ਼ੀਲ ਵੀ ਰਹੇ। ਡਾ. ਇੰਦਰਜੀਤ ਪੰਜਾਬੀ ਦੇ ਉੱਘੇ ਵਿਦਵਾਨ ਤੇ ਸੱਭਿਆਚਾਰ ਨੂੰ ਸਮਰਪਿਤ ਸ਼ਖ਼ਸੀਅਤ ਸਨ। ਭੰਗੜੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣ ਵਿੱਚ ਵੱਡਾ ਯੋਗਦਾਨ ਪਾਇਆ। ਤਾਰਨ ਗੁਜਰਾਲ ਪੰਜਾਬੀ ਜ਼ੁਬਾਨ ਦੀ ਉੱਚ ਕੋਟੀ ਦੀ ਸ਼ਾਇਰਾ ਸੀ।
ਜਨਾਬ ਸ਼ੌਕਤ ਅਲੀ, ਗਾਇਕ ਦਿਲਜਾਨ, ਹਿੰਦੀ ਪੰਜਾਬੀ ਫਿਲਮਾਂ ਦੇ ਐਕਟਰ ਸਤੀਸ਼ ਕੌਲ ਦੇ ਸਦੀਵੀ ਵਿਛੋੜੇ ਤੇ ਪੰਜਾਬੀ ਲਿਖਾਰੀ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਹਰੀਪਾਲ ਨੇ ਕਾਜ਼ੀ ਨਜ਼ਰਲ ਇਸਲਾਮ ਦੀ ਕਵਿਤਾ ‘ਵਿਦਰੋਹੀ’ ਸੁਣਾਉਂਦਿਆਂ ਉਸ ਨਾਲ ਵਾਪਰੀ ਹੋਈ ਘਟਨਾ ਦਾ ਵੀ ਜ਼ਿਕਰ ਕੀਤਾ ਕਿ ਅੰਗਰੇਜ਼ਾਂ ਦੇ ਸਮੇਂ ਇਸ ਕਵਿਤਾ ਦੇ ਬਦਲੇ ਕਿਵੇਂ ਇਸ ਲੇਖਕ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ।
ਹਰਮਿੰਦਰ ਚੁੱਘ ਨੇ ਖ਼ਾਲਸਾ ਪੰਥ ਦੀ ਸਾਜਨਾ ਉੱਤੇ ‘ਸਿੱਖੀ ਵਿੱਚ ਜਾਤ ਪਾਤ’ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਗੁਰਚਰਨ ਥਿੰਦ ਨੇ ਵਿਸਾਖੀ ਦੇ ਇਤਿਹਾਸ ਦੀ ਗੱਲ ਕੀਤੀ ਤੇ ਡਾ. ਅੰਬੇਦਕਰ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਉਨ੍ਹਾਂ ਦੀ ਜੀਵਨ ਸ਼ੈਲੀ ਉੱਤੇ ਝਾਤ ਪਾਈ। ਔਰਤ ਦੇ ਹੱਕਾਂ ਦੀ ਤੇ ਆਜ਼ਾਦੀ ਦੀ ਗੱਲ ਕਰਦਿਆਂ ਜਸਬੀਰ ਸਹੋਤਾ ਨੇ ਗੁਰਚਰਨ ਕੌਰ ਥਿੰਦ ਦੀ ਕਹਾਣੀ ‘ਹਸ਼ਰ’ ਦਾ ਵਿਸਥਾਰ ਕੀਤਾ।
ਗੁਰਦੀਸ਼ ਗਰੇਵਾਲ ਨੇ ‘ਆ ਨੀ ਵਿਸਾਖੀਏ’ ਵਿੱਚ ਧਾਰਮਿਕ ਭਾਵਨਾਵਾਂ ਦੀ ਬਾਤ ਪਾਈ। ਇਸ ਮੌਕੇ ਰਣਜੀਤ ਸਿੰਘ ਤੇ ਗੁਰਲਾਲ ਰੁਪਾਲ਼ੋਂ ਵੀ ਹਾਜ਼ਰ ਸਨ। ਜ਼ੋਰਾਵਰ ਬਾਂਸਲ ਨੇ ਸਾਰੇ ਬੁਲਾਰਿਆਂ ਦਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਜੋ 16 ਮਈ 2021 ਨੂੰ ਹੈ, ਉਸ ਵਿੱਚ ਸ਼ਾਮਲ ਹੋਣ ਲਈ ਸਭ ਨੂੰ ਅਪੀਲ ਕੀਤੀ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403-993-2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587-437-7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …