ਸ੍ਰੀ ਚਮਕੌਰ ਸਾਹਿਬ ਤੋਂ ਵੀ ਭਰਿਆ ਨਾਮਜ਼ਦਗੀ ਪਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ਡਰਾਮੇਬਾਜ਼ੀ ਨਹੀਂ ਚੱਲੇਗੀ। ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵੀ ਨਾਮਜ਼ਦਗੀ ਭਰ ਦਿੱਤੀ ਹੈ ਅਤੇ ਲੰਘੇ ਕੱਲ੍ਹ ਚੰਨੀ ਨੇ ਭਦੌੜ ਹਲਕੇ ਤੋਂ ਨਾਮਜ਼ਦਗੀ ਪੇਪਰ ਭਰੇ ਸਨ। ਧਿਆਨ ਰਹੇ ਕਿ ਚੰਨੀ ਦੋ ਵਿਧਾਨ ਸਭਾ ਹਲਕਿਆਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਹਲਕਾ ਭਦੌੜ ਤੋਂ ਚੋਣ ਲੜਨ ਨੂੰ ਲੈ ਕੇ ਪੂਰਾ ਮਾਲਵਾ ਖੇਤਰ ਵੀ ਕਾਂਗਰਸ ਵੱਲ ਹੋ ਗਿਆ ਹੈ। ਚੰਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਇਸਦਾ ਪਤਾ ਲੱਗ ਜਾਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹਾਰੇੇ ਮਿਸ਼ਨ ਮਾਲਵਾ ’ਤੇ ਜੁਟੀ ਹੈ ਅਤੇ ਪੰਜਾਬ ’ਚ ਹਰ ਵਾਰ ਸੀਐਮ ਮਾਲਵਾ ਖੇਤਰ ਵਿਚੋਂ ਹੀ ਬਣਦਾ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 69 ਸੀਟਾਂ ਮਾਲਵਾ ਵਿਚ ਹੀ ਪੈਂਦੀਆਂ ਹਨ ਅਤੇ ਮਾਲਵਾ ਖੇਤਰ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ। ਧਿਆਨ ਰਹੇ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ 20 ਵਿਚੋਂ 18 ਸੀਟਾਂ ਮਾਲਵਾ ਖੇਤਰ ਵਿਚੋਂ ਹੀ ਜਿੱਤੀਆਂ ਸਨ।