Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਾਰਚ ਮਹੀਨੇ ਦੀ ਜ਼ੂਮ-ਮੀਟਿੰਗ ’23 ਮਾਰਚ ਦੇ ਸ਼ਹੀਦਾਂ’ ਅਤੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਹੀ ਸ਼ਹੀਦਾਂ ਨੂੰ ਅਰਪਿਤ ਕੀਤੀ ਗਈ ਭਾਵ-ਭਿੰਨੀ ਸ਼ਰਧਾਂਜਲੀ ਤੇ ਕਵੀ ਦਰਬਾਰ ਹੋਇਆ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਾਰਚ ਮਹੀਨੇ ਦੀ ਜ਼ੂਮ-ਮੀਟਿੰਗ ’23 ਮਾਰਚ ਦੇ ਸ਼ਹੀਦਾਂ’ ਅਤੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਹੀ ਸ਼ਹੀਦਾਂ ਨੂੰ ਅਰਪਿਤ ਕੀਤੀ ਗਈ ਭਾਵ-ਭਿੰਨੀ ਸ਼ਰਧਾਂਜਲੀ ਤੇ ਕਵੀ ਦਰਬਾਰ ਹੋਇਆ

ਬਰੈਂਪਟਨ/ਡਾ. ਝੰਡ : 23 ਮਾਰਚ 1931 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੀ ਗਈ ਫਾਂਸੀ ਦੇ ਸ਼ਹੀਦੀ ਦਿਨ ਨੂੰ ਯਾਦ ਕਰਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 21 ਮਾਰਚ ਨੂੰ ਹੋਈ ਜ਼ੂਮ-ਮੀਟਿੰਗ ਵਿਚ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ ਗਈ। ਉਲੀਕੇ ਗਏ ਪ੍ਰੋਗਰਾਮ ਅਨੁਸਾਰ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਜ਼ੂਮ-ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਇਸ ਦੇ ਸੰਚਾਲਕ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੂੰ ਸ਼ਹੀਦੀ-ਦਿਵਸ ਬਾਰੇ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਗਈ। ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਭਰਪੂਰ ਯੋਗਦਾਨ ਬਾਰੇ ਸੰਖੇਪ ਵਿਚ ਦੱਸਿਆ। ਉਨ੍ਹਾਂ ਵੱਲੋਂ ਇਕਬਾਲ ਬਰਾੜ ਨੂੰ ਇਨ੍ਹਾਂ ਸ਼ਹੀਦਾਂ ਵੱਲੋਂ ਫਾਂਸੀ ਹੋਣ ਤੋਂ ਕੁਝ ਸਮਾਂ ਪਹਿਲਾਂ ਗਾਏ ਗਏ ਫ਼ਿਲਮ ‘ਸ਼ਹੀਦ’ ਦੇ ਗੀਤ ‘ਮੇਰਾ ਰੰਗ ਦੇ ਬਸੰਤੀ ਚੋਲਾ’ ਸੁਣਾਉਣ ਦੀ ਬੇਨਤੀ ਕੀਤੀ। ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਇਸ ਨੂੰ ਬੜੇ ਜੋਸ਼ ਨਾਲ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਸਿਲਸਿਲੇ ਨੂੰ ਅੱਗੇ ਤੋਰਦਿਆਂ ਡਾ. ਜਗਮੋਹਨ ਸੰਘਾ ਵੱਲੋਂ ਇਕਬਾਲ ਬਰਾੜ ਨੂੰ ਏਸੇ ਫ਼ਿਲਮ ਦਾ ਇਕ ਹੋਰ ਗੀਤ ‘ਐ ਵਤਨ ਐ ਵਤਨ, ਹਮ ਕੋ ਤੇਰੀ ਕਸਮ, ਤੇਰੀ ਰਾਹੋਂ ਮੇਂ ਜਾਂ ਤੱਕ ਲੁਟਾ ਜਾਏਂਗੇ’ ਦੀ ਸਿਫ਼ਾਰਿਸ਼ ਕੀਤੀ ਗਈ ਜਿਸ ਨੂੰ ਇਸ ਗਾਇਕ ਵੱਲੋਂ ਬਾਖ਼ੂਬੀ ਪੂਰਾ ਕੀਤਾ ਗਿਆ। ਡਾ. ਸੁਖਦੇਵ ਸਿੰਘ ਝੰਡ ਵੱਲੋਂ 1947 ਤੋਂ ਪਹਿਲਾਂ ਲਾਇਲਪੁਰ (ਹੁਣ ਫ਼ੈਸਲਾਬਾਦ) ਵਿਚ ਚੱਲ ਰਹੇ ਅਖ਼ਬਾਰ ઑਝੰਗ ਸਿਆਲ਼ ਅਖ਼ਬਾਰ ਦੇ ਸੰਪਾਦਕ ਬਾਂਕੇ ਦਿਆਲ ਵੱਲੋਂ ਲਿਖੇ ਗਏ ਗੀਤ ‘ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ’ ਗੀਤ ਨੂੰ ਪਹਿਲੀ ਵਾਰ 22 ਮਾਰਚ 1907 ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਤੇ ਉਨ੍ਹਾ ਦੇ ਸਾਥੀਆਂ ਨੂੰ ਆਪਣੇ ਦਫ਼ਤਰ ਵਿਚ ਹੋਈ ਮੀਟਿੰਗ ਵਿਚ ਸੁਨਾਉਣ ਦੀ ਪਿੱਠ-ਭੂਮੀ ਬਾਰੇ ਸੰਖੇਪ ਵਿਚ ਦੱਸਣ ਤੋਂ ਬਾਅਦ ਇਕਬਾਲ ਬਰਾੜ ਨੂੰ ਇਹ ਗੀਤ ਸੁਨਾਉਣ ਲਈ ਗੁਜ਼ਾਰਿਸ਼ ਕੀਤੀ ਗਈ ਜੋ ਬਰਾੜ ਸਾਹਿਬ ਵੱਲੋਂ ਬਾਖ਼ੂਬੀ ਪੂਰੀ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਗੀਤ ਉਨ੍ਹੀਂ ਦਿਨੀਂ ਸ. ਅਜੀਤ ਸਿੰਘ ਵੱਲੋਂ ਉਸ ਸਮੇਂ ਨੌਂ ਮਹੀਨੇ ਚੱਲੇ ‘ਪੱਗੜੀ ਸੰਭਾਲ ਜੱਟਾ ਕਿਸਾਨ ਅੰਦੋਲਨ’ ਦੌਰਾਨ ਹੋਈਆਂ ਜਨਤਕ-ਮੀਟਿੰਗਾਂ ਵਿਚ ਬੜੇ ਜੋਸ਼ ਨਾਲ ਬੁਲੰਦ ਆਵਾਜ਼ ਵਿਚ ਗਾਇਆ ਗਿਆ ਅਤੇ ਬਹੁਤ ਸਾਰੇ ਲੋਕ ਇਹ ਗੀਤ ਉਨ੍ਹਾਂ ਦਾ ਹੀ ਲਿਖਿਆ ਹੋਇਆ ਸਮਝਣ ਲੱਗ ਪਏ ਸਨ। ਇਸ ਦੇ ਨਾਲ ਹੀ ਉਨ੍ਹਾਂ ਇਸ ਗੀਤ ਦੀ ਇਨ੍ਹੀਂ ਦਿਨੀਂ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਹੇ ਅਜੋਕੇ ਕਿਸਾਨ ਅੰਦੋਲਨ ਨਾਲ ਜੁੜੀ ਪ੍ਰਸੰਗਿਕਤਾ ਦੀ ਵੀ ਗੱਲ ਕੀਤੀ। ਉਪਰੰਤ, ਡਾ. ਗੁਰਮਿੰਦਰ ਸਿੱਧੂ ਤੇ ਡਾ. ਪ੍ਰਿਤਪਾਲ ਕੌਰ ਚਾਹਲ ਵੱਲੋਂ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਪ੍ਰੋ. ਤਲਵਿੰਦਰ ਸਿੰਘ ਮੰਡ ਅਤੇ ਪਰਮਜੀਤ ਸਿੰਘ ਗਿੱਲ ਵੱਲੋਂ ਸ਼ਹੀਦੀ-ਦਿਵਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।
ਪ੍ਰੋਗਰਾਮ ਦੇ ਦੂਸਰੇ ਪੜਾਅ ਜੋ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮੱਰਪਿਤ ਸੀ, ਵਿਚ ਕਰਨ ਅਜਾਇਬ ਸਿੰਘ ਵੱਲੋਂ ਔਰਤ ਦਿਵਸ ਦੀ ਅਹਿਮੀਅਤ ਬਾਰੇ ਜ਼ਿਕਰ ਕਰਨ ਤੋਂ ਬਾਅਦ ਇਕਬਾਲ ਬਰਾੜ ਨੂੰ ‘ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ’ ਗੀਤ ਪੇਸ਼ ਕਰਨ ਲਈ ਕਿਹਾ। ਇਸ ਤੋਂ ਬਾਅਦ ਸਭਾ ਦੇ ਲੇਡੀ-ਵਿੰਗ ਦੀ ਕੋਆਰਡੀਨੇਟਰ ਹਰਜਸਪ੍ਰੀਤ ਗਿੱਲ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਨਾਲ ਜੋੜ ਕੇ ਕਵੀ-ਦਰਬਾਰ ਦਾ ਸੰਚਾਲਨ ਕੀਤਾ ਗਿਆ ਜਿਸ ਵਿਚ ਬਰੈਂਪਟਨ ਅਤੇ ਜੀਟੀਏ ਦੇ ਹੋਰ ਸ਼ਹਿਰਾਂ ਤੋਂ ਇਲਾਵਾ ਇੰਗਲੈਂਡ, ਭਾਰਤ ਅਤੇ ਕੈਨੇਡਾ ਦੇ ਦੂਰ-ਦੁਰਾਢੇ ਸ਼ਹਿਰਾਂ ਵੈਨਕੂਵਰ, ਸਰੀ (ਬੀਸੀ), ਕੈਲਗਰੀ, ਐਡਮਿੰਟਨ, ਵਿੰਨੀਪੈੱਗ, ਆਦਿ ਸ਼ਹਿਰਾਂ ਤੋਂ ਵੀ ਕਵਿੱਤਰੀਆਂ ਤੇ ਗਾਇਕਾਵਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਉਨ੍ਹਾਂ ਵੱਲੋਂ ਔਰਤ ਵੱਲੋਂ ਇਸ ਸਮਾਜ ਵਿਚ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਅਤੇ ਦਰਪੇਸ਼ ਸਮੱਸਿਆਵਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ।
ਇਨ੍ਹਾਂ ਵਿਚ ਇੰਗਲੈਂਡ ਤੋਂ ਕੁਲਵੰਤ ਕੌਰ ਢਿੱਲੋਂ, ਮੋਹਾਲੀ ਤੋਂ ਡਾ. ਗੁਰਮਿੰਦਰ ਸਿੱਧੂ, ਦਿੱਲੀ ਤੋਂ ਉਰਮਿਲ ਪ੍ਰਕਾਸ਼, ਵੈਨਕੂਵਰ ਤੋਂ ਹਰਚਰਨ ਕੌਰ, ਕੈਲਗਰੀ ਤੋਂ ਗੁਰਦੀਸ਼ ਗਰੇਵਾਲ, ਵਿੰਨੀਪੈੱਗ ਤੋਂ ਪ੍ਰਿਤਪਾਲ ਚਾਹਲ ਤੇ ਮੰਨੂ ਅਤੇ ਬਰੈਂਪਟਨ ਤੋਂ ਨਰਿੰਦਰ ਮੋਮੀ, ਰਛਪਾਲ ਕੌਰ ਗਿੱਲ, ਦਲਬੀਰ ਕੌਰ, ਅਮਰਜੀਤ ਪੰਛੀ, ਮਨਜੀਤ ਸੇਖੋਂ, ਪੁਸ਼ਪਿੰਦਰ ਜੋਸਨ, ਰਮਿੰਦਰ ਵਾਲੀਆ, ਡਾ. ਰਵਿੰਦਰ ਭਾਟੀਆ, ਡਾ. ਕੁਲਦੀਪ ਤੇ ਕਈ ਹੋਰ ਸ਼ਾਮਲ ਸਨ। ਇਸ ਦੇ ਨਾਲ ਹੀ ਮਕਸੂਦ ਚੌਧਰੀ, ਪਰਮਜੀਤ ਢਿੱਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਲਖਬੀਰ ਸਿੰਘ ਕਾਹਲੋਂ, ਨਿਰਵੈਲ ਸਿੰਘ ਅਰੋੜਾ, ਜਗਮੋਹਨ ਸਿੰਘ ਸੰਘਾ, ਜਗਮੀਤ ਸਿੰਘ ਵੱਲੋਂ ਵੀ ਔਰਤ-ਦਿਵਸ ਸਬੰਧੀ ਆਪਣੇ ਵਿਚਾਰ ਕਵਿਤਾਵਾਂ, ਗੀਤਾ ਅਤੇ ਸ਼ਾਬਦਿਕ ਰੂਪ ਵਿਚ ਪੇਸ਼ ਕੀਤੇ ਗਏ।
ਇਨ੍ਹਾਂ ਤੋਂ ਇਲਾਵਾ ਇਸ ਜ਼ੂਮ-ਮੀਟਿੰਗ ਵਿਚ ਸੁਰਜੀਤ ਕੌਰ, ਪਰਮਜੀਤ ਦਿਓਲ, ਹਰਭਜਨ ਕੌਰ ਗਿੱਲ, ਰਿੰਟੂ ਭਾਟੀਆ, ਇੰਜੀ. ਈਸ਼ਰ ਸਿੰਘ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ। ਮੀਟਿੰਗ ਦੇ ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਬੜੇ ਭਾਵ-ਪੂਰਤ ਸ਼ਬਦਾਂ ਵਿਚ ਸਮੂਹ ਮੈਂਬਰਾਂ, ਮਹਿਮਾਨਾਂ ਤੇ ਬੁਲਾਰਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਮਾਰਚ ਮਹੀਨੇ ਦਾ ਇਹ ਜ਼ੂਮ-ਸਮਾਗ਼ਮ ਸਭਾ ਦੇ ਹੋਰ ਕਈ ਸਮਾਗ਼ਮਾਂ ਵਾਂਗ ਯਾਦਗਾਰੀ ਹੋ ਨਿਬੜਿਆ।

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …