Breaking News
Home / ਸੰਪਾਦਕੀ / ਸੰਕਟ ਵਿਚ ਪੰਜਾਬ

ਸੰਕਟ ਵਿਚ ਪੰਜਾਬ

ਅੱਜ ਪੰਜਾਬ ਵੱਲ ਝਾਤੀ ਮਾਰਦੇ ਹਾਂ ਤਾਂ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ। ਕਰੋਨਾ ਵਾਇਰਸ ਕਾਰਨ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿਚ ਪਹਿਲਾਂ ਵਾਲੀ ਚਹਿਲ-ਪਹਿਲ ਨਹੀਂ ਰਹੀ ਅਤੇ ਨਾ ਹੀ ਆਮ ਦੀ ਤਰ੍ਹਾਂ ਅਕਾਦਮਿਕ ਕੰਮਕਾਜ ਹੋ ਰਹੇ ਹਨ। ਸਮਾਜਿਕ ਦੂਰੀ ਕਾਇਮ ਰੱਖਣ ਦੇ ਤਕਾਜ਼ੇ ਕਾਰਨ ਵਿੱਦਿਅਕ ਅਦਾਰਿਆਂ ਤੋਂ ਬਾਹਰ ਵੀ ਸਾਹਿਤਕ, ਸੱਭਿਆਚਾਰਕ ਅਤੇ ਅਕਾਦਮਿਕ ਸਰਗਰਮੀਆਂ ਬਹੁਤ ਘੱਟ ਹੋ ਰਹੀਆਂ ਹਨ। ਪਰ ਜਿਊਂਦੀਆਂ ਜਾਗਦੀਆਂ ਕੌਮਾਂ ਨੂੰ ਹਰ ਤਰ੍ਹਾਂ ਦੀ ਸਥਿਤੀ ਵਿਚ ਆਪਣੀ ਤੋਰ ਬਣਾਈ ਰੱਖਣ ਦਾ ਅਹਿਦ ਕਰਨਾ ਚਾਹੀਦਾ ਹੈ। ਇਸ ਪ੍ਰਸੰਗ ਵਿਚ ਅਸੀਂ ਕਿਸਾਨਾਂ ਤੋਂ ਪ੍ਰੇਰਨਾ ਲੈ ਸਕਦੇ ਹਾਂ। ਕਰੋਨਾ ਵਾਇਰਸ ਕਾਰਨ ਦੇਸ਼ ਵਿਚ ਲੰਮੇ ਸਮੇਂ ਤੱਕ ਤਾਲਾਬੰਦੀ ਰਹੀ। ਇਸ ਦੇ ਬਾਵਜੂਦ ਦੇਸ਼ ਭਰ ਦੇ ਕਿਸਾਨ ਆਪਣੇ ਖੇਤਾਂ ਵਿਚ ਕੰਮਕਾਰ ਕਰਦੇ ਰਹੇ, ਫਲ ਸਬਜ਼ੀਆਂ ਤੇ ਅਨਾਜ ਉਗਾਉਂਦੇ ਰਹੇ, ਡੇਅਰੀਆਂ ਰਾਹੀਂ ਦੁੱਧ ਉਤਪਾਦਨ ਕਰਦੇ ਰਹੇ, ਮੁਰਗੀਆਂ ਪਾਲਣ ਤੋਂ ਲੈ ਕੇ ਮੱਛੀ ਪਾਲਣ ਤੱਕ ਦੇ ਸਾਰੇ ਕਾਰੋਬਾਰਾਂ ਨੂੰ ਚਲਾਉਂਦੇ ਰਹੇ, ਭਾਵੇਂ ਕਿ ਉਨ੍ਹਾਂ ਨੂੰ ਇਸ ਸਮੇਂ ਵਿਚ ਵੱਡੇ ਘਾਟੇ ਖਾਣੇ ਪਏ ਅਤੇ ਆਪਣੇ ਉਤਪਾਦਨਾਂ ਨੂੰ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਇਸ ਉੱਦਮ ਕਾਰਨ ਹੀ ਦੇਸ਼ ਦੇ ਲੋਕਾਂ ਦੀਆਂ ਖੁਰਾਕੀ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ ਹਨ। ਭਾਵੇਂ ਕਿ ਹੋਰ ਸਾਰੇ ਕਾਰੋਬਾਰ ਵੱਡੀ ਪੱਧਰ ‘ਤੇ ਠੱਪ ਹੋ ਗਏ ਸਨ। ਸਿਰਫ ਖੇਤੀਬਾੜੀ ਦਾ ਕੰਮਕਾਜ ਹੀ ਸੀ, ਜੋ ਕਿਸਾਨਾਂ ਵਲੋਂ ਜਾਰੀ ਰੱਖਿਆ ਗਿਆ। ਕਿਸਾਨਾਂ ਦੇ ਇਸ ਉੱਦਮ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਰ ਆਗੂ ਵੀ ਪ੍ਰਸੰਸਾ ਕਰਦੇ ਰਹੇ ਹਨ।
ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਇਸ ਵੱਡੇ ਯੋਗਦਾਨ ਦੇ ਬਾਵਜੂਦ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਅਤੇ ਖੇਤੀ ਵਿਰੋਧੀ ਕਾਨੂੰਨ ਪਾਸ ਕਰਕੇ ਉਨ੍ਹਾਂ ਨੂੰ ਰੇਲਵੇ ਲਾਈਨਾਂ, ਟੋਲ ਪਲਾਜ਼ਿਆਂ ਅਤੇ ਕਾਰਪੋਰੇਟਰਾਂ ਦੇ ਕਾਰੋਬਾਰਾਂ ਦੇ ਸਾਹਮਣੇ ਧਰਨੇ ਲਾਉਣ ਲਈ ਮਜਬੂਰ ਕਰ ਦਿੱਤਾ ਹੈ। ਆਪਣੇ ਹੱਕਾਂ-ਹਿੱਤਾਂ ਲਈ ਸੰਘਰਸ਼ ਕਰਨ ਦੇ ਮਾਮਲੇ ਵਿਚ ਵੀ ਆਪਣੀ ਜ਼ਮੀਨ ਨਾਲ ਜੁੜੇ ਹੋਏ ਕਿਸਾਨ ਪੂਰੇ ਦੇਸ਼ ਨੂੰ ਰਾਹ ਦਿਖਾ ਰਹੇ ਹਨ। ਜਿਥੋਂ ਤੱਕ ਅਜੋਕੇ ਪੰਜਾਬ ਦੀਆਂ ਚੁਣੌਤੀਆਂ ਦਾ ਸਬੰਧ ਹੈ, ਸਭ ਤੋਂ ਵੱਡੀ ਚੁਣੌਤੀ ਇਸ ਸਮੇਂ ਖੇਤੀ ਵਿਚ ਆ ਚੁੱਕੀ ਖੜੋਤ ਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਭਕਾਰੀ ਭਾਅ ਨਹੀਂ ਮਿਲੇ ਅਤੇ ਪੀੜ੍ਹੀ-ਦਰ-ਪੀੜ੍ਹੀ ਜ਼ਮੀਨਾਂ ਵੀ ਵੰਡੀਆਂ ਜਾਂਦੀਆਂ ਰਹੀਆਂ, ਜਿਸ ਕਾਰਨ ਖੇਤੀ ਜੋਗਾਂ ਛੋਟੀਆਂ ਹੋ ਗਈਆਂ। ਇਨ੍ਹਾਂ ਸਭ ਕਾਰਨਾਂ ਕਰਕੇ ਖੇਤੀ ਘਾਟੇਵੰਦਾ ਧੰਦਾ ਬਣ ਗਈ ਅਤੇ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਗਏ। ਇਸੇ ਕਾਰਨ ਹੀ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਏ। ਪੰਜਾਬ ਵਿਚ ਆਪਣਾ ਹਨੇਰਾ ਭਵਿੱਖ ਦੇਖ ਕੇ ਕੁਝ ਗੁੰਜਾਇਸ਼ ਵਾਲੇ ਘਰਾਂ ਦੇ ਨੌਜਵਾਨ ਸਿੱਖਿਆ ਹਾਸਲ ਕਰਨ ਦੇ ਬਹਾਨੇ ਨਾਲ ਵਿਦੇਸ਼ਾਂ ਨੂੰ ਹਿਜਰਤ ਕਰ ਰਹੇ ਹਨ। ਗ਼ਰੀਬ ਪਰਿਵਾਰਾਂ ਦੇ ਨੌਜਵਾਨ ਸਰਕਾਰੀ ਸਕੂਲਾਂ ਦੀ ਹਾਲਤ ਚੰਗੀ ਨਾ ਹੋਣ ਕਾਰਨ ਅਤੇ ਨਿੱਜੀ ਸਕੂਲਾਂ ਵਿਚ ਸਿੱਖਿਆ ਮਹਿੰਗੀ ਹੋਣ ਕਾਰਨ ਮਿਆਰੀ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਗਏ। ਇਹ ਨੌਜਵਾਨ ਛੋਟੇ-ਮੋਟੇ ਧੰਦੇ ਕਰਕੇ ਆਪਣਾ ਜੀਵਨ ਨਿਰਬਾਹ ਕਰਨ ਲਈ ਮਜਬੂਰ ਹਨ। ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਦਾ ਇਕ ਹਿੱਸਾ ਹਤਾਸ਼ ਹੋ ਕੇ ਨਸ਼ਿਆਂ ਅਤੇ ਜੁਰਮਾਂ ਦੀ ਦੁਨੀਆ ਵਿਚ ਪ੍ਰਵੇਸ਼ ਕਰ ਗਿਆ। ਇਸੇ ਕਾਰਨ ਨਸ਼ਿਆਂ ਦੀ ਤਸਕਰੀ ਵਧ ਰਹੀ ਹੈ। ਬੈਂਕ ਲੁੱਟਣ ਤੋਂ ਲੈ ਕੇ ਪੈਟਰੋਲ ਪੰਪ ਲੁੱਟਣ ਜਾਂ ਪਰਿਵਾਰਾਂ ਵਿਚ ਹਿੰਸਕ ਘਟਨਾਵਾਂ ਹੋਣ ਤੱਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਇਸ ਤਰ੍ਹਾਂ ਦੇ ਸੰਕਟ ਨੂੰ ਪੈਦਾ ਹੋਣ ਤੋਂ ਰੋਕਣ ਲਈ ਇਹ ਜ਼ਰੂਰੀ ਸੀ ਕਿ ਹਰੇ ਇਨਕਲਾਬ ਤੋਂ ਬਾਅਦ ਰਾਜ ਦੇ ਦਿਹਾਤੀ ਖੇਤਰਾਂ ਵਿਚ ਵੱਡੀ ਪੱਧਰ ‘ਤੇ ਖੇਤੀ ਆਧਾਰਿਤ ਸਨਅਤਾਂ ਲਾਈਆਂ ਜਾਂਦੀਆਂ ਅਤੇ ਦਿਹਾਤੀ ਖੇਤਰਾਂ ਵਿਚ ਮਿਆਰੀ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਂਦਾ, ਜਿਸ ਨਾਲ ਚੰਗੀ ਸਿਹਤ ਵਾਲੇ ਅਤੇ ਚੰਗੀ ਸਿੱਖਿਆ ਵਾਲੇ ਮਨੁੱਖੀ ਵਸੀਲੇ ਸਨਅਤਾਂ ਅਤੇ ਹੋਰ ਕਾਰੋਬਾਰਾਂ ਲਈ ਮੁਹੱਈਆ ਹੋ ਸਕਦੇ। ਪਰ ਜੇਕਰ ਪਿੱਛੇ ਵੱਲ ਝਾਤੀ ਮਾਰੀਏ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਮੇਂ ਦੀਆਂ ਕੇਂਦਰੀ ਸਰਕਾਰਾਂ ਅਤੇ ਰਾਜ ਸਰਕਾਰਾਂ ਨੇ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੱਤਾ ਅਤੇ ਦਹਾਕਿਆਂ ਤੱਕ ਪੰਜਾਬ ਨੂੰ ਕੱਚੇ ਮਾਲ ਦੀ ਮੰਡੀ ਬਣਾ ਕੇ ਰੱਖਿਆ ਗਿਆ, ਜਿਸ ਕਾਰਨ 70ਵਿਆਂ ਵਿਚ ਤੇਜ਼ੀ ਨਾਲ ਵਿਕਾਸ ਕਰਦੇ ਪੰਜਾਬ ਦੀ ਤੋਰ ਮੱਧਮ ਹੋਣ ਲੱਗ ਪਈ। ਇਸੇ ਕਾਰਨ 80ਵਿਆਂ ਵਿਚ ਪੰਜਾਬ ਵਿਚ ਵੱਡੀ ਪੱਧਰ ‘ਤੇ ਅੰਦੋਲਨ ਹੋਏ ਅਤੇ ਇਹ ਅੰਦੋਲਨ ਹਿੰਸਕ ਰੂਪ ਵੀ ਧਾਰ ਗਏ। ਇਸ ਸਮੁੱਚੇ ਘਟਨਾਕ੍ਰਮ ਸਦਕਾ ਪੰਜਾਬੀਆਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਪਰ 80ਵਿਆਂ ਵਿਚ ਪੰਜਾਬ ਦੇ ਜਿਨ੍ਹਾਂ ਸਰੋਕਾਰਾਂ ਲਈ ਅੰਦੋਲਨ ਹੋਏ ਸਨ, ਉਨ੍ਹਾਂ ਸਰੋਕਾਰਾਂ ਦੀ ਪੂਰਤੀ ਅੱਜ ਤੱਕ ਵੀ ਨਹੀਂ ਹੋਈ। ਇਸੇ ਕਾਰਨ ਅੱਜ ਵੀ ਪੰਜਾਬ ਵਿਚ ਨਿਰਾਸ਼ਾ ਅਤੇ ਬੇਚੈਨੀ ਦਾ ਮਾਹੌਲ ਹੈ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨਾ ਤਾਂ ਪੰਜਾਬ ਦੇ ਮਸਲਿਆਂ ਨੂੰ ਸਮਝਣ ਲਈ ਤਿਆਰ ਹੈ ਅਤੇ ਨਾ ਹੀ ਇਨ੍ਹਾਂ ਦੇ ਮੁਨਾਸਿਬ ਹੱਲ ਕੱਢਣ ਲਈ ਉਸ ਕੋਲ ਕੋਈ ਢੁਕਵਾਂ ਪ੍ਰੋਗਰਾਮ ਹੈ। ਉਹ ਤਾਂ ਨਵੇਂ ਖੇਤੀ ਕਾਨੂੰਨਾਂ ਰਾਹੀਂ ਪੰਜਾਬ ਦੀ ਖੇਤੀ ਅਤੇ ਪੰਜਾਬ ਦੇ ਖੇਤੀ ਨਾਲ ਸਬੰਧਿਤ ਵਪਾਰ ਨੂੰ ਕਾਰਪੋਰੇਟਰਾਂ ਦੇ ਹਵਾਲੇ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਯਤਨਸ਼ੀਲ ਹੈ। ਇਸੇ ਕਾਰਨ ਹੀ ਇਸ ਸਮੇਂ ਪੰਜਾਬ ਦੇ ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਵਿਚ ਵੱਡੀ ਪੱਧਰ ‘ਤੇ ਬੇਚੈਨੀ ਪਾਈ ਜਾ ਰਹੀ ਹੈ। ਪੰਜਾਬ ਦੇ ਬਿਹਤਰ ਭਵਿੱਖ ਲਈ ਹਰ ਹਾਲਤ ਵਿਚ ਉਪਰੋਕਤ ਸਰੋਕਾਰਾਂ ਦੀ ਪੂਰਤੀ ਹੋਣੀ ਚਾਹੀਦੀ ਹੈ ਅਤੇ ਇਹ ਨਿਸ਼ਾਨੇ ਹਾਸਲ ਕਰਨ ਲਈ ਪੰਜਾਬੀਆਂ ਦਾ ਇਕਮੁੱਠ ਅਤੇ ਜਾਗਰੂਕ ਹੋਣਾ ਵੀ ਬੇਹੱਦ ਜ਼ਰੂਰੀ ਹੈ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …