
ਹੁਣ ਜੈਪੁਰ ਤੋਂ ਜੈਸਲਮੇਰ ਪਹੁੰਚੀ ਕਾਂਗਰਸ ਦੀ ਗਹਿਲੋਤ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੇ ਸਿਆਸੀ ਡਰਾਮੇ ਦਾ ਅੱਜ 22ਵਾਂ ਦਿਨ ਹੈ। ਇਸਦੇ ਚੱਲਦਿਆਂ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਖੇਮੇ ਦੇ ਸਾਰੇ ਵਿਧਾਇਕ ਜੈਪੁਰ ਤੋਂ ਜੈਸਲਮੇਰ ਪਹੁੰਚ ਗਏ। ਇਹ ਸਾਰੇ ਵਿਧਾਇਕ ਪਿਛਲੇ 19 ਦਿਨਾਂ ਤੋਂ ਹੋਟਲ ਵਿਚ ਰੁਕੇ ਹੋਏ ਸਨ। ਹੁਣ ਦੱਸਿਆ ਜਾ ਰਿਹਾ ਹੈ ਗਹਿਲੋਤ ਖੇਮੇ ਦੇ ਸਾਰੇ ਵਿਧਾਇਕ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੱਕ ਜੈਸਲਮੇਰ ‘ਚ ਰਹਿਣਗੇ। ਧਿਆਨ ਰਹੇ ਕਿ ਰਾਜਪਾਲ ਕਲਰਾਜ ਮਿਸ਼ਰਾ ਨੇ 14 ਅਗਸਤ ਨੂੰ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਹੈ। ਉਧਰ ਦੂਜੇ ਪਾਸੇ ਭਾਜਪਾ ਆਗੂ ਸਤੀਸ਼ ਪੂਨੀਆ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਤਾਂ ਵਿਧਾਇਕਾਂ ਨੂੰ ਕੈਦ ਕਿਉਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਲੋਂ ਬਗਾਵਤ ਤੋਂ ਬਾਅਦ ਗਹਿਲੋਤ ਖੇਮੇ ਦੇ ਵਿਧਾਇਕਾਂ ਨੂੰ ਵੱਖਰੇ ਤੌਰ ‘ਤੇ ਰੱਖਿਆ ਗਿਆ ਹੈ।