
ਚੀਨੀ ਦਸਤਿਆਂ ਨੇ ਵਾਦੀ ‘ਚ ਲੱਗੇ ਤੰਬੂ ਪੁੱਟੇ ਤੇ ਆਰਜ਼ੀ ਢਾਂਚੇ ਢਾਹੇ
ਨਵੀਂ ਦਿੱਲੀ: ਪਿਛਲੇ ਦੋ ਮਹੀਨਿਆਂ ਤੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਬਣੀ ਤਲਖੀ ਨੂੰ ਘਟਾਉਣ ਦੇ ਪਹਿਲੇ ਸੰਕੇਤ ਵਜੋਂ ਚੀਨੀ ਫੌਜ ਨੇ ਗਲਵਾਨ ਘਾਟੀ ਵਿਚ ਲੱਗੇ ਆਪਣੇ ਤੰਬੂ ਪੁੱਟ ਲਏ ਤੇ ਆਰਜ਼ੀ ਢਾਂਚੇ ਢਾਹ ਦਿੱਤੇ। ਚੀਨ ਨੇ ਘਾਟੀ ਵਿਚ ਤਾਇਨਾਤ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਚੀਨੀ ਫੌਜਾਂ ਗਲਵਾਨ ਘਾਟੀ ਵਿੱਚ ਗਸ਼ਤੀ ਪੁਆਇੰਟ ਤੋਂ ਡੇਢ ਕਿਲੋਮੀਟਰ ਤੱਕ ਪਿਛਾਂਹ ਹਟ ਗਈਆਂ ਹਨ। ਦੋਵੇਂ ਫੌਜਾਂ ਗਲਵਾਨ ਨਦੀ ਨੇੜਲੇ ਖੇਤਰ ਵਿੱਚ ਘੱਟੋ-ਘੱਟ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣਗੀਆਂ। ਉਧਰ ਭਾਰਤ ਵੀ ਦੋਵਾਂ ਧਿਰਾਂ ਵਿਚ ਬਣੀ ‘ਆਪਸੀ ਸਮਝ’ ਮਗਰੋਂ ਟਕਰਾਅ ਵਾਲੇ ਖੇਤਰਾਂ ਵਿਚੋਂ ਫੌਜਾਂ ਦੀ ਨਫ਼ਰੀ ਘਟਾਏਗਾ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਚੀਨੀ ਫੌਜਾਂ ਨੇ ਗਲਵਾਨ ਵਾਦੀ ਵਿਚ ਸੋਮਵਾਰ ਸਵੇਰੇ ਆਪਣੇ ਤੰਬੂ ਤੇ ਬੰਬੂ ਪੁੱਟਣੇ ਸ਼ੁਰੂ ਕਰ ਦਿੱਤੇ ਸਨ। ਚੀਨੀ ਫੌਜਾਂ ਵਾਦੀ ਵਿਚੋਂ ਪਿੱਛੇ ਹਟਣ ਲੱਗੀਆਂ ਹਨ। ਸੂਤਰਾਂ ਨੇ ਕਿਹਾ ਕਿ ਗੋਗਰਾ ਹੌਟ ਸਪਰਿੰਗਜ਼ ਵਿੱਚ ਵੀ ਵਾਹਨਾਂ ਤੇ ਸੁਰੱਖਿਆ ਬਲਾਂ ਦੇ ਪੁੱਠੇ ਪੈਰੀਂ ਹੋਣ ਦੀਆਂ ਰਿਪੋਰਟਾਂ ਹਨ। ਪੈਂਗੌਂਗ ਝੀਲ ਖੇਤਰ ਵਿੱਚ ਫਿੰਗਰ 4 ਦੇ ਨੇੜੇ ਵੀ ਚੀਨੀ ਫੌਜਾਂ ਨੇ ਆਪਣੇ ਤੰਬੂ-ਬੰਬੂ ਚੁੱਕ ਲਏ ਹਨ। ਚੇਤੇ ਰਹੇ ਕਿ ਤਲਖੀ ਵਧਣ ਮਗਰੋਂ ਚੀਨ ਨੇ ਫਿੰਗਰ 4 ਤੇ ਫਿੰਗਰ 8 ਦਰਮਿਆਨ ਪੈਂਦੇ ਖੇਤਰਾਂ ਵਿਚ ਆਪਣੀ ਮੌਜੂਦਗੀ ਵਧਾ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ ਵਿੱਚ ਚੀਨੀ ਸਲਾਮਤੀ ਦਸਤੇ ਗਸ਼ਤੀ ਪੁਆਇੰਟ 14, 15 ਤੇ 17 ਤੋਂ ਕਰੀਬ ਇਕ ਕਿਲੋਮੀਟਰ ਤੱਕ ਪਿੱਛੇ ਹਟ ਗਏ ਹਨ। ਸੂਤਰਾਂ ਨੇ ਕਿਹਾ ਕਿ ਹਾਲ ਦੀ ਘੜੀ ਫੌਰੀ ਇਹ ਪਤਾ ਲਾਉਣਾ ਔਖਾ ਹੈ ਕਿ ਚੀਨੀ ਫੌਜਾਂ ਗਲਵਾਨ ਘਾਟੀ ਵਿਚੋਂ ਕਿੰਨਾ ਕੁ ਪਿੱਛੇ ਮੁੜੀਆਂ ਹਨ ਤੇ ਅਸਲ ਤਸਵੀਰ ਢੁੱਕਵੇਂ ਤਸਦੀਕੀ ਅਮਲ ਦੇ ਪੂਰਾ ਹੋਣ ਮਗਰੋਂ ਹੀ ਸਪਸ਼ਟ ਹੋਵੇਗੀ। ਸੂਤਰਾਂ ਨੇ ਕਿਹਾ ਕਿ 30 ਜੂਨ ਨੂੰ ਫੌਜੀ ਪੱਧਰ ਦੀ ਗੱਲਬਾਤ ਦੌਰਾਨ ਬਣੀ ਸਹਿਮਤੀ ਮੁਤਾਬਕ ਹੀ ਫੌਜਾਂ ਨੇ ਪਿੱਛੇ ਹਟਣ ਦਾ ਅਮਲ ਸ਼ੁਰੂ ਕੀਤਾ ਹੈ। ਦੋਵੇਂ ਫੌਜਾਂ ਗਲਵਾਨ ਨਦੀ ਨੇੜਲੇ ਖੇਤਰ ਵਿੱਚ ਘੱਟੋ-ਘੱਟ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣਗੀਆਂ। ਭਾਰਤੀ ਫੌਜੀ ਵੀ ਇਸੇ ਸਹਿਮਤੀ ਮੁਤਾਬਕ ਪੇਸ਼ਕਦਮੀ ਕਰਨਗੇ।
30 ਹਜ਼ਾਰ ਭਾਰਤੀ ਫੌਜੀ ਲੋਹਾ ਲੈਣ ਲਈ ਸਨ ਤਿਆਰ
ਲੇਹ: ਪਿਛਲੇ ਮਹੀਨੇ ਅਸਲ ਕੰਟਰੋਲ ਰੇਖਾ ‘ਤੇ ਗਲਵਾਨ ਘਾਟੀ ਵਿਚ ਚੀਨੀ ਫੌਜ ਨਾਲ ਹੋਏ ਹਿੰਸਕ ਟਕਰਾਅ ਮਗਰੋਂ ਭਾਰਤ ਨੇ ਸਰਹੱਦ ‘ਤੇ ਤਿੰਨ ਵਧੀਕ ਫੌਜੀ ਬ੍ਰਿਗੇਡਾਂ ਦੀ ਤਾਇਨਾਤੀ ਕੀਤੀ ਹੈ। ਤੀਹ ਹਜ਼ਾਰ ਦੇ ਕਰੀਬ ਭਾਰਤੀ ਫੌਜੀ ਕਿਸੇ ਵੀ ਹਾਲਾਤ ਨਾਲ ਨਜਿੱਠਣ ਤੇ ਚੀਨ ਨਾਲ ਲੋਹਾ ਲੈਣ ਲਈ ਤਿਆਰ ਹਨ। ਉੱਚ ਮਿਆਰੀ ਸੂਤਰਾਂ ਨੇ ਦੱਸਿਆ ਕਿ ਆਮ ਹਾਲਾਤ ਵਿੱਚ ਲੱਦਾਖ ਵਿਚ ਐੱਲਏਸੀ ਦੇ ਨਾਲ ਦੋ ਡਿਵੀਜ਼ਨਾਂ ਤਾਇਨਾਤ ਰਹਿੰਦੀਆਂ ਹਨ। ਸਲਾਮਤੀ ਦਸਤਿਆਂ ਨੂੰ ਰੋਟੇਸ਼ਨ ਦੇ ਆਧਾਰ ‘ਤੇ ਤਾਇਨਾਤ ਕੀਤਾ ਜਾਂਦਾ ਹੈ। 15 ਜੂਨ ਦੇ ਹਿੰਸਕ ਟਕਰਾਅ ਮਗਰੋਂ ਥਲ ਸੈਨਾ ਨੇ ਤਿੰਨ ਵਧੀਕ ਬ੍ਰਿਗੇਡਾਂ (ਹਰ ਬ੍ਰਿਗੇਡ ਵਿਚ ਤਿੰਨ ਹਜ਼ਾਰ ਦੇ ਕਰੀਬ ਜਵਾਨ) ਮੰਗੀਆਂ ਸਨ। ਤਿੰਨ ਵਧੀਕ ਬ੍ਰਿਗੇਡਾਂ ਦੇ ਦਸ ਹਜ਼ਾਰ ਦੇ ਕਰੀਬ ਫੌਜੀ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ ਹਨ।