ਆਉਂਦੇ 3 ਦਿਨਾਂ ਤੱਕ ਭਾਰਤ ਰੂਸ ਨੂੰ ਪਛਾੜ ਕੇ ਬਣ ਸਕਦਾ ਹੈ ਦੁਨੀਆ ਦਾ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਤੀਜੇ ਨੰਬਰ ਦਾ ਮੁਲਕ
ਕੇਜਰੀਵਾਲ ਨੇ ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਪਾਸੇ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 6 ਲੱਖ ਨੂੰ ਪਾਰ ਕਰ ਗਈ ਹੈ ਤੇ ਭਾਰਤ ਕਰੋਨਾ ਪ੍ਰਭਾਵਿਤ ਤੀਜੇ ਪਾਏਦਾਨ ਦਾ ਮੁਲਕ ਬਣਨ ਵੱਲ ਵਧ ਗਿਆ ਹੈ, ਜਦੋਂ ਕਿ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਲਾਜ਼ਮਾ ਡੋਨੇਸ਼ਨ ਲਈ ਸਰਕਾਰ ਨੇ ਕੁਝ ਨਿਯਮ ਤੈਅ ਕੀਤੇ ਹਨ ਅਤੇ ਕੋਈ ਵੀ ਠੀਕ ਹੋਇਆ ਕਰੋਨਾ ਮਰੀਜ਼ 14 ਦਿਨਾਂ ਤੋਂ ਬਾਅਦ ਪਲਾਜ਼ਮਾ ਡੋਨੇਟ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਪੀੜਤਾਂ ਦੀ ਸੰਖਿਆ 6 ਲੱਖ 8 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 20 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 12 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ। ਭਾਰਤ ਵਿਚ ਮੌਤਾਂ ਦੀ ਗਿਣਤੀ ਵੀ 18 ਹਜ਼ਾਰ ਤੱਕ ਅੱਪੜ ਗਈ ਹੈ।
ਉਧਰ ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਕਰੋੜ 9 ਲੱਖ ਦੇ ਕਰੀਬ ਪਹੁੰਚ ਗਿਆ ਹੈ ਅਤੇ 60 ਲੱਖ ਤੋਂ ਵੱਧ ਕਰੋਨਾ ਮਰੀਜ਼ ਠੀਕ ਵੀ ਹੋਏ ਹਨ। ਧਿਆਨ ਰਹੇ ਕਿ ਸੰਸਾਰ ਵਿਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੀ 5 ਲੱਖ 20 ਹਜ਼ਾਰ ਤੱਕ ਪਹੁੰਚ ਚੁੱਕੀ ਹੈ। ਅਮਰੀਕਾ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਵਾਇਰਸ ਕੰਟਰੋਲ ਨਾ ਹੋਇਆ ਤਾਂ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕਰੋਨਾ ਪੀੜਤਾਂ ਦੀ ਗਿਣਤੀ 28 ਲੱਖ ਦੇ ਨੇੜੇ ਪਹੁੰਚ ਚੁੱਕੀ ਹੈ।
ਇਸ ਦੇ ਨਾਲ ਹੀ ਭਾਰਤ ਦੀ ਚਿੰਤਾ ਇਸ ਲਈ ਹੋਰ ਵੀ ਵਧ ਗਈ ਹੈ ਕਿ ਹੁਣ ਲਗਾਤਾਰ ਹਰ ਰੋਜ਼ ਔਸਤਨ 20 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਉਣ ਲੱਗੇ ਹਨ ਅਤੇ 5 ਲੱਖ ਤੋਂ 6 ਲੱਖ ਹੋਣ ਦਾ ਅੰਕੜਾ ਭਾਰਤ ਨੇ ਮਾਤਰ 5 ਦਿਨਾਂ ਵਿਚ ਹੀ ਛੂਹ ਲਿਆ। ਅਜਿਹੇ ਵਿਚ ਕੋਵਿਡ-19 ਦੇਖ ਰਹੇ ਮਾਹਿਰਾਂ ਦਾ ਮੰਨਣਾ ਹੈ ਕਿ ਆਉਂਦੇ ਤਿੰਨ ਜਾਂ ਚਾਰ ਦਿਨਾਂ ਦਰਮਿਆਨ ਹੀ ਭਾਰਤ ਤੀਜੇ ਨੰਬਰ ਦੇ ਮੁਲਕ ਰੂਸ ਨੂੰ ਪਛਾੜ ਕੇ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਤੀਜੇ ਨੰਬਰ ਦਾ ਮੁਲਕ ਬਣ ਜਾਵੇਗਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …