ਸਰਹੱਦ ‘ਤੇ ਭਾਰਤ ਤੇ ਪਾਕਿ ਵਿਚਕਾਰ ਨਹੀਂ ਹੋਇਆ ਮਠਿਆਈਆਂ ਦਾ ਅਦਾਨ ਪ੍ਰਦਾਨ
ਚੰਡੀਗੜ੍ਹ/ਬਿਊਰੋ ਨਿਊਜ਼
ਲੰਘੇ ਕੱਲ੍ਹ ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੇ ਚੱਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ ‘ਤੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਕੋਲੋਂ ਸਲਾਮੀ ਲਈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਵਿਚ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੰਜਾਬ ਦੇ ਮੰਤਰੀਆਂ ਨੇ ਗਣਤੰਤਰ ਦਿਵਸ ਦੇ ਸਮਾਗਮਾਂ ਵਿਚ ਹਾਜ਼ਰੀ ਲਗਵਾਈ।
ਉਧਰ ਦੂਜੇ ਪਾਸੇ ਵਾਹਗਾ ਅਤੇ ਅਟਾਰੀ ਸਰਹੱਦ ‘ਤੇ ਵੀ ਬੀ.ਐਸ.ਐਫ. ਵੱਲੋਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸਰਹੱਦ ‘ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦੇਸ਼ ਵਾਸੀਆਂ ਨੂੂੰ ਵਧਾਈਆਂ ਦਿੱਤੀਆਂ। ਇਸ ਮੌਕੇ ਪਾਕਿਸਤਾਨ ਨਾਲ ਫਿਰ ਤਕਰਾਰਬਾਜ਼ੀ ਦੇ ਚੱਲਦਿਆਂ ਦੋਹਾਂ ਦੇਸ਼ਾਂ ਵਿਚਕਾਰ ਮਠਿਆਈਆਂ ਦਾ ਅਦਾਨ ਪ੍ਰਦਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਲੰਘੇ ਸਾਲ 15 ਅਗਸਤ ਨੂੰ ਵੀ ਪਾਕਿਸਤਾਨੀ ਫੌਜ ਨੇ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਈਦ ਮੌਕੇ ਵੀ ਦੋਵਾਂ ਦੇਸ਼ਾਂ ਵਿਚਕਾਰ ਮਠਿਆਈ ਦਾ ਅਦਾਨ ਪ੍ਰਦਾਨ ਨਹੀਂ ਹੋ ਸਕਿਆ ਸੀ।