Breaking News
Home / ਭਾਰਤ / ਸਿਆਸਤ ਤੋਂ ਦੂਰ ਰਹਿੰਦੀ ਹੈ ਸੈਨਾ : ਬਿਪਿਨ ਰਾਵਤ

ਸਿਆਸਤ ਤੋਂ ਦੂਰ ਰਹਿੰਦੀ ਹੈ ਸੈਨਾ : ਬਿਪਿਨ ਰਾਵਤ

The first Chief of Defence Staff General Bipin Rawat arrives to inspecting Tri-Services Guard of Honour at South Block in New Delhi on Wednesday. Tribune photo:Manas Ranjan Bhui

ਭਾਰਤ ਦੇ ਪਹਿਲੇ ਸੀ.ਡੀ.ਐਸ. ਜਨਰਲ ਰਾਵਤ ਨੇ ਸੰਭਾਲਿਆ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਹਥਿਆਰਬੰਦ ਬਲ ਖ਼ੁਦ ਨੂੰ ਸਿਆਸਤ ਤੋਂ ਦੂਰ ਰੱਖਦੇ ਹਨ ਤੇ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰਦੇ ਹਨ। ਸੀਡੀਐੱਸ ਰਾਵਤ ਦੀ ਇਹ ਟਿੱਪਣੀ ਉਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਆਈ ਹੈ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਬਲਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ 1 ਜਨਵਰੀ ਨੂੰ ਸੀਡੀਐੱਸ ਵਜੋਂ ਅਹੁਦਾ ਸੰਭਾਲ ਲਿਆ।
ਜਨਰਲ ਰਾਵਤ ਨੇ ਇਹ ਵੀ ਕਿਹਾ ਕਿ ਸੀਡੀਐੱਸ ਵਜੋਂ ਉਨ੍ਹਾਂ ਦਾ ਮੰਤਵ ਤਿੰਨਾਂ ਸੈਨਾਵਾਂ ਵਿਚਾਲੇ ਤਾਲਮੇਲ ਵਧਾਉਣਾ ਤੇ ਇਕ ਟੀਮ ਵਾਂਗ ਕੰਮ ਕਰਨਾ ਹੋਵੇਗਾ। ਫ਼ੌਜ ਦੇ ਤਿੰਨਾਂ ਅੰਗਾਂ ਤੋਂ ਸਲਾਮੀ ਲੈਣ ਤੋਂ ਬਾਅਦ ਉਨ੍ਹਾਂ ਕਿਹਾ ‘ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਥਲ ਸੈਨਾ, ਜਲ ਸੈਨਾ ਤੇ ਹਵਾਈ ਫ਼ੌਜ ਇਕ ਟੀਮ ਵਜੋਂ ਕੰਮ ਕਰਨਗੀਆਂ।’ ਸੀਡੀਐੱਸ ਇਨ੍ਹਾਂ ‘ਤੇ ਕੰਟਰੋਲ ਰੱਖੇਗਾ ਪਰ ਰਲ-ਮਿਲ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਮੌਜੂਦਾ ਸਰਕਾਰ ਦੀਆਂ ਹਦਾਇਤਾਂ ਦਾ ਹੀ ਪਾਲਣ ਕਰਦੇ ਹਨ। ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਜਨਰਲ ਰਾਵਤ ‘ਤੇ ਸਿਆਸੀ ਝੁਕਾਅ ਰੱਖਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸੀਡੀਐੱਸ ਫ਼ੌਜ ਦੀ ਸਮਰੱਥਾ ਵਧਾਉਣ ਲਈ ਵੀ ਕਾਰਜ ਕਰੇਗਾ। ਜਨਰਲ ਨੇ ਕਿਹਾ ਕਿ ਖ਼ਰੀਦ ਪ੍ਰਣਾਲੀ ਨੂੰ ਇਕਸਾਰ ਕੀਤਾ ਜਾਵੇਗਾ ਤਾਂ ਕਿ ਤਿੰਨੇ ਫ਼ੌਜਾਂ ਇਕ-ਦੂਜੇ ਦੇ ਸਹਿਯੋਗ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ‘ਥੀਏਟਰ ਕਮਾਨ’ ਸਥਾਪਿਤ ਕਰਨ ਦੇ ਕਈ ਤਰੀਕੇ ਹਨ।
ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਇਸ ਮੰਤਵ ਲਈ ਜ਼ਿਆਦਾਤਰ ਪੱਛਮੀ ਤਰੀਕਿਆਂ ਦੀ ਹੀ ਨਕਲ ਕੀਤੀ ਜਾਂਦੀ ਰਹੀ ਹੈ, ਜਦਕਿ ਆਪਣੀ ਪ੍ਰਣਾਲੀ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ-ਦੂਜੇ ਦੀ ਸਮਝ ਦੀ ਵਰਤੋਂ ਕਰ ਕੇ ਪ੍ਰਣਾਲੀ ਬਣਾਉਣ ‘ਤੇ ਕੰਮ ਕੀਤਾ ਜਾਵੇਗਾ ਤੇ ਯਕੀਨ ਹੈ ਕਿ ਇਹ ਕੰਮ ਕਰੇਗੀ। ਸੈਨਾਵਾਂ ਵਿਚਾਲੇ ਤਾਲਮੇਲ ਬਿਠਾਉਣ ਲਈ ਸਰਕਾਰ ਵੱਲੋਂ ਤਿੰਨ ਸਾਲ ਦੀ ਸਮਾਂ-ਸੀਮਾ ਤੈਅ ਕੀਤੇ ਜਾਣ ‘ਤੇ ਸੀਡੀਐੱਸ ਨੇ ਕਿਹਾ ਕਿ ਇਹ ਸੰਭਵ ਹੈ ਤੇ ਇਸ ਦੇ ਲਈ ਸਖ਼ਤ ਮਿਹਨਤ ਕੀਤੀ ਜਾਵੇਗੀ। ਇਹ ਪੁੱਛੇ ਜਾਣ ‘ਤੇ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਬਾਰੇ ਉਨ੍ਹਾਂ ਦੀ ਕਾਰਜ ਯੋਜਨਾ ਕੀ ਹੈ, ਜਨਰਲ ਨੇ ਕਿਹਾ ਕਿ ਯੋਜਨਾਵਾਂ ਜਨਤਕ ਨਹੀਂ ਕੀਤੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਉਹ ਤਿੰਨਾਂ ਸੈਨਾਵਾਂ ਲਈ ਨਿਰਪੱਖ ਹੋ ਕੇ ਕੰਮ ਕਰਨਗੇ। ਉੱਤਰੀ ਸਰਹੱਦ ‘ਤੇ ਚੀਨ ਦੀ ਚੁਣੌਤੀ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਸੈਨਾ ਵਿਆਪਕ ਅਤੇ ਸਾਂਝੇ ਯਤਨ ਕਰਦੀ ਰਹੇਗੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …