ਸੌਰਵ ਗਾਂਗੁਲੀ ਕਰੋਨਾ ਪਾਜ਼ੇਟਿਵ-ਹਸਪਤਾਲ ’ਚ ਦਾਖਲ
ਕੋਲਕਾਤਾ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਰੋਕੂ ਦੋ ਹੋਰ ਵੈਕਸੀਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਮੁਖ ਮਾਂਡਵੀਆ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ 19 ਵੈਕਸੀਨ ਕੋਵੋਵੈਕਸ ਤੇ ਕੋਰਵੋਵੈਕਸ ਨੂੰ ਮਨਜੂਰੀ ਮਿਲ ਗਈ ਹੈ ਅਤੇ ਐਂਟੀ ਵਾਇਰਲ ਡਰੱਗ ਮੋਲਨੁਪਿਰਾਵੀਰ ਨੂੰ ਵੀ ਐਮਰਜੈਂਸੀ ਵਰਤੋਂ ਲਈ ਮਨਜੂਰੀ ਦੇ ਦਿੱਤੀ ਗਈ ਹੈ। ਉਧਰ ਦੂਜੇ ਪਾਸੇ ਬੀਸੀਸੀਆਈ (ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ) ਦੇ ਪ੍ਰਧਾਨ ਸੌਰਵ ਗਾਂਗੁਲੀ ਵੀ ਕਰੋਨਾ ਪਾਜ਼ੇਟਿਵ ਹੋ ਗਏ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕੋਲਕਾਤਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੌਰਵ ਗਾਂਗੁਲੀ ਦੀ ਕਰੋਨਾ ਟੈਸਟ ਰਿਪੋਰਟ ਲੰਘੀ ਰਾਤ ਪਾਜ਼ੇਟਿਵ ਆਈ ਹੈ। ਧਿਆਨ ਰਹੇ ਕਿ ਗਾਂਗੁਲੀ ਇਕ ਸਾਲ ਵਿਚ ਦੂਜੀ ਵਾਰ ਹਸਪਤਾਲ ਪਹੁੰਚੇ ਹਨ ਅਤੇ ਉਨ੍ਹਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵੀ ਲਈਆਂ ਹਨ, ਇਸਦੇ ਬਾਵਜੂਦ ਵੀ ਉਹ ਕਰੋਨਾ ਤੋਂ ਪੀੜਤ ਹੋ ਗਏ ਹਨ। ਦੇਸ਼ ਵਿਚ ਓਮੀਕਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਗਾਂਗੁਲੀ ਦਾ ਵਾਇਰਸ ਤੋਂ ਪੀੜਤ ਹੋਣਾ ਚਿੰਤਾ ਵਾਲੀ ਗੱਲ ਹੈ। ਭਾਰਤ ਵਿਚ ਕਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਦੇਸ਼ ਵਿਚ ਓਮੀਕਰੋਨ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਹੁਣ 700 ਦੇ ਕਰੀਬ ਪਹੁੰਚ ਚੁੱਕੀ ਹੈ। ਧਿਆਨ ਰਹੇ ਕਿ ਓਮੀਕਰੋਨ ਦੇ ਵਧਦੇ ਮਾਮਲਿਆਂ ਕਰਕੇ ਦੁਨੀਆ ਭਰ ਵਿਚ ਹਵਾਈ ਉਡਾਣਾਂ ਰੱਦ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।