Breaking News
Home / ਭਾਰਤ / ਹੈਦਰਾਬਾਦ ‘ਚ ਇਨਸਾਨੀਅਤ ਹੋਈ ਸ਼ਰਮਸ਼ਾਰ

ਹੈਦਰਾਬਾਦ ‘ਚ ਇਨਸਾਨੀਅਤ ਹੋਈ ਸ਼ਰਮਸ਼ਾਰ

ਮਹਿਲਾ ਵੈਟਰਨਰੀ ਡਾਕਟਰ ਨੂੰ ਜਬਰ ਜਨਾਹ ਤੋਂ ਬਾਅਦ ਅੱਗ ਲਗਾ ਕੇ ਸਾੜਿਆ
ਲੋਕ ਸਭਾ ‘ਚ ਬੋਲੇ ਰਾਜਨਾਥ-ਕਾਨੂੰਨ ਨੂੰ ਹੋਰ ਸਖਤ ਬਣਾਉਣ ਲਈ ਹਾਂ ਤਿਆਰ
ਗੁੱਸੇ ‘ਚ ਸੰਸਦ; ਕਿਹਾ – ਦੋਸ਼ੀਆਂ ਨੂੰ ਨਿਪੁੰਸਕ ਬਣਾਓ, ਭੀੜ ਦੇ ਹਵਾਲੇ ਕਰੋ
ਸੰਸਦ ਨੂੰ ਜਨਤਾ ਦਾ ਸਿੱਧਾ ਸਵਾਲ : ਨਿਰਭਯਾ ਕਾਂਡ ਦੇ ਬਾਅਦ 7 ਸਾਲ ਵਿਚ ਦੇਸ਼ ਵਿਚ 2.34 ਲੱਖ ਅਪਰਾਧ, ਇਕ ਵੀ ਦੋਸ਼ੀ ਫਾਂਸੀ ‘ਤੇ ਕਿਉਂ ਨਹੀਂ ਲਟਕਾਇਆ ਗਿਆ?
ਹੈਦਰਾਬਾਦ/ਬਿਊਰੋ ਨਿਊਜ਼ : ਹੈਦਰਾਬਾਦ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਬਾਹਰੀ ਇਲਾਕੇ ਸ਼ਾਦਨਗਰ ਦੇ ਅੰਡਰਪਾਸ ਦੇ ਨੇੜੇ ਇੱਕ ਮਹਿਲਾ ਡਾਕਟਰ ਦੀ ਜਲੀ ਹੋਈ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 27 ਸਾਲਾ ਉਕਤ ਮਹਿਲਾ ਡਾਕਟਰ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕੀਤੀ ਗਈ ਤੇ ਦੋਸ਼ੀਆਂ ਨੇ ਪਹਿਚਾਣ ਲੁਕਾਉਣ ਲਈ ਲਾਸ਼ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਇੱਕ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਉਕਤ ਵੈਟਨਰੀ ਡਾਕਟਰ ਡਿਊਟੀ ਤੋਂ ਆਪਣੇ ਘਰ ਪਰਤ ਰਹੀ ਸੀ। ਇਸੇ ਦੌਰਾਨ ਰਸਤੇ ‘ਚ ਉਸ ਦੀ ਸਕੂਟਰੀ ਪੰਕਚਰ ਹੋ ਗਈ ਅਤੇ ਉਥੋਂ ਉਸ ਅਗਵਾ ਕਰ ਲਿਆ ਗਿਆ। ਦਰਿੰਦਿਆਂ ਨੇ ਉਸ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਨੂੰ ਅੱਗ ਨਾਲ ਸਾੜ ਕੇ ਲਾਸ਼ ਨੂੰ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ।
ਤਿੰਨ ਪੁਲਿਸ ਮੁਲਾਜ਼ਮ ਮੁਅੱਤਲ
ਹੈਦਰਾਬਾਦ ਵਿਚ ਵਾਪਰੀ ਜਬਰ-ਜਨਾਹ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਲੋਕ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਵੈਟਰਨਰੀ ਡਾਕਟਰ ਦੀ ਰਿਹਾਇਸ਼ ਵਾਲੀ ਕਲੋਨੀ ‘ਚ ਹਮਦਰਦੀ ਜ਼ਾਹਿਰ ਕਰਨ ਪੁੱਜੇ ਸਿਆਸੀ ਆਗੂਆਂ ਨੂੰ ਮਿਲਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ। ਸ਼ਮਸ਼ਾਬਾਦ ‘ਚ ਲੋਕਾਂ ਨੇ ਕਲੋਨੀ ਦੇ ਗੇਟ ਬੰਦ ਕਰ ਦਿੱਤੇ ਤੇ ਉੱਥੇ ਕਈ ਤਖ਼ਤੀਆਂ ਟੰਗ ਦਿੱਤੀਆਂ ਜਿਨ੍ਹਾਂ ‘ਤੇ ਲਿਖਿਆ ਸੀ ‘ਮੀਡੀਆ, ਪੁਲੀਸ ਤੇ ਬਾਹਰਲਾ ਵਿਅਕਤੀ ਇੱਥੇ ਨਾ ਆਏ- ਕਿਸੇ ਹਮਦਰਦੀ ਦੀ ਲੋੜ ਨਹੀਂ, ਸਿਰਫ਼ ਕਰਵਾਈ ਤੇ ਨਿਆਂ।’ ਇਸ ਮਾਮਲੇ ‘ਚ ਐੱਫਆਈਆਰ ਦਰਜ ਕਰਨ ‘ਚ ਕਥਿਤ ਦੇਰੀ ਕਰਨ ਵਾਲੇ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐੱਫਆਈਆਰ ਮਹਿਲਾ ਡਾਕਟਰ ਦੇ ‘ਲਾਪਤਾ’ ਹੋਣ ਬਾਰੇ ਸੀ ਜਿਸ ਦੀ ਬਾਅਦ ‘ਚ ਸੜੀ ਹੋਈ ਲਾਸ਼ ਬਰਾਮਦ ਹੋਈ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਪੁਲੀਸ ਨੇ ਅਧਿਕਾਰ ਖੇਤਰ ਦਾ ਹਵਾਲਾ ਦੇ ਕੇ ਘਟਨਾ ‘ਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ। ਇਕ ਸਬ ਇੰਸਪੈਕਟਰ ਤੇ ਦੋ ਕਾਂਸਟੇਬਲ ਮੁਅੱਤਲ ਕੀਤੇ ਗਏ ਹਨ। ਮਹਿਲਾ ਕਮਿਸ਼ਨ ਨੇ ਵੀ ਪੁਲੀਸ ‘ਤੇ ਕਾਰਵਾਈ ‘ਚ ਦੇਰੀ ਦਾ ਦੋਸ਼ ਲਾਇਆ ਸੀ। ਘਟਨਾ ਦੀ ਨਿਖੇਧੀ ਕਰਦਿਆਂ ਇਕ ਮਹਿਲਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਹਾਲੇ ਤੱਕ ਘਟਨਾ ਬਾਰੇ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ?
ਮਨੁੱਖੀ ਅਧਿਕਾਰ ਕਮਿਸ਼ਨ ਨੇ ਜਬਰ ਜਨਾਹ ਦੀਆਂ ਘਟਨਾਵਾਂ ‘ਤੇ ਕੇਂਦਰ ਅਤੇ ਸੂਬਿਆਂ ਕੋਲੋਂ ਮੰਗੀ ਰਿਪੋਰਟ
ਨਵੀਂ ਦਿੱਲੀ : ਹੈਦਰਾਬਾਦ ਵਿਚ ਸਮੂਹਿਕ ਬਲਾਤਕਾਰ ਤੋਂ ਬਾਅਦ ਵੈਟਰਨਰੀ ਡਾਕਟਰ ਨੂੰ ਸਾੜ ਕੇ ਕਾਰਨ ਦਾ ਮਾਮਲਾ ਸੋਮਵਾਰ ਨੂੰ ਸੰਸਦ ਵਿਚ ਗੂੰਜਿਆ। ਰਾਜ ਸਭਾ ਵਿਚ ਗੁੱਸੇ ‘ਚ ਆਏ ਸੰਸਦ ਮੈਂਬਰਾਂ ਨੇ ਦੋਸ਼ੀਆਂ ਨੂੰ ਫਾਂਸੀ ਦੇਣ, ਭੀੜ ਦੇ ਹਵਾਲੇ ਕਰਨ ਅਤੇ ਨਿਪੁੰਸਕ ਬਣਾਉਣ ਜਿਹੀਆਂ ਮੰਗਾਂ ਰੱਖੀਆਂ ਹਨ। ਉਥੇ, ਲੋਕ ਸਭਾ ਵਿਚ ਸੰਸਦ ਮੈਂਬਰਾਂ ਨੇ ਇਕ ਸੁਰ ਵਿਚ ਕਿਹਾ ਕਿ ਜਬਰ ਜਨਾਹ ਵਰਗੇ ਘਿਨੌਣੇ ਅਪਰਾਧ ਕਰਨ ਵਾਲਿਆਂ ਨੂੰ ਸਿਰਫ ਮੌਤ ਦੀ ਸਜ਼ਾ ਦਿੱਤੀ ਜਾਵੇ। ਸੰਸਦ ਮੈਂਬਰਾਂ ਨੇ 7 ਸਾਲ ਪੁਰਾਣੇ ਨਿਰਭਯਾ ਕਾਂਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕੀ ਹੈ। ਉਥੇ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯਕੀਨ ਦਿਵਾਇਆ ਕਿ ਸਰਕਾਰ ਕਾਨੂੰਨ ਨੂੰ ਹੋਰ ਸਖਤ ਬਣਾਉਣ ਲਈ ਤਿਆਰ ਹੈ। ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਨੇ ਕਿਹਾ ਕਿ ਹੈਦਰਾਬਾਦ ਵਰਗੇ ਅਪਰਾਧ ਅਤੇ ਹੱਤਿਆ ਦੇ ਘਿਨੌਣੇ ਮਾਮਲਿਆਂ ਵਿਚ ਜਲਦੀ ਸਜ਼ਾ ਤੈਅ ਕਰਨ ਲਈ ਸਰਕਾਰ ਆਈਪੀਸੀ ਅਤੇ ਸੀਆਰਪੀਸੀ ਵਿਚ ਸੋਧ ਕਰਨ ਲਈ ਤਿਆਰ ਹੈ। ਰਾਜ ਸਭਾ ਵਿਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਜਬਰ ਜਨਾਹ ਰੋਕਣ ਲਈ ਨਵੇਂ ਕਾਨੂੰਨਾਂ ਦੀ ਰਾਜਨੀਤਕ ਇੱਛਾਸ਼ਕਤੀ ਜ਼ਰੂਰੀ ਹੈ। ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਵਿ ਸਜ਼ਾ ਮਿਲਦੀ ਹੈ ਤਾਂ ਅਪੀਲ ‘ਤੇ ਅਪੀਲ ਦੇ ਕਾਰਨ ਦੋਸ਼ੀ ਕਈ ਸਾਲਾਂ ਬਚਦਾ ਰਹਿੰਦਾ ਹੈ। ਅਪੀਲ ਦੀ ਏਨੀ ਲੰਮੀ ਪ੍ਰਕਿਰਿਆ ਹੈ ਕਿ ਸਭ ਖਤਮ ਹੋ ਜਾਂਦਾ ਹੈ।
ਜਬਰ ਜਨਾਹ ਦੇ ਅਪਰਾਧੀਆਂ ਦੇ ਨਾਮ ਜਨਤਕ ਹੋਣ
ਕਾਨੂੰਨ ਦਾ ਡਰ ਖਤਮ, ਹੁਣ ਭੀੜ ਹੀ ਇਨਸਾਫ ਕਰੇ
ਸਖਤ ਕਾਨੂੰਨ ਦਾ ਵੀ ਡਰ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਅਜਿਹੇ ਮਾਮਲਿਆਂ ਦੇ ਅਰੋਪੀਆਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੀ ਵਿਵਸਥਾ ਹੈ।
-ਜਯਾ ਬਚਨ, ਸਪਾ
ਜੇਲ੍ਹ ਤੋਂ ਛੁੱਟਣ ਤੋਂ ਪਹਿਲਾਂ ਨਿਪੁੰਸਕ ਬਣਾ ਦੇਣ ਚਾਹੀਦਾ
ਜਬਰ ਜਨਾਹ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਨਿਪੁੰਸਕ ਬਣਾਉਣਾ ਚਾਹੀਦਾ ਹੈ, ਤਾਂਕਿ ਉਹ ਦੁਬਾਰਾ ਅਪਰਾਧ ਨਾ ਕਰੇ। ਅਪਰਾਧੀਆਂ ਦੀ ਸੂਚੀ ਜਨਤਕ ਕਰਨੀ ਕਰਨੀ ਚਾਹੀਦੀ ਹੈ।
-ਪੀ. ਵਿਲਸਨ, ਡੀਐਮਕੇ.
ਮੌਕੇ ‘ਤੇ ਹੀ ਸਜ਼ਾ ਦੇਣ ਦੀ ਵਿਵਸਥਾ ਬਣਾਈ ਜਾਵੇ
ਅਜਿਹੀਆਂ ਘਟਨਾਵਾਂ ਦੇਸ਼ ਵਿਚ ਖਰਾਬ ਮਾਹੌਲ ਪੈਦਾ ਕਰਦੀਆਂ ਹਨ। ਸਾਨੂੰ ਮੌਕੇ ‘ਤੇ ਸਜ਼ਾ ‘ਤੇ ਅਮਲ ਕਰਨ ਦੀ ਵਿਵਸਥਾ ਬਣਾਉਣੀ ਚਾਹੀਦੀ ਹੈ। ਸਾਨੂੰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ, ਇਸ ‘ਤੇ ਬਹਿਸ ਹੋਵੇ।
-ਬੰਦੀ ਸੰਜੇ ਕੁਮਾਰ, ਭਾਜਪਾ
ਬੋਤਲ ‘ਚ ਤੇਲ ਵੇਚਣ ਵਾਲੇ ਪੰਪ ਮੁਲਾਜ਼ਮ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ
ਹੈਦਰਾਬਾਦ ‘ਚ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਨੂੰ ਬੋਤਲ ‘ਚ ਪੈਟਰੋਲ ਵੇਚਣ ਵਾਲੇ ਪੰਪ ਕਰਮਚਾਰੀ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਪੁਲੀਸ ਕਾਨੂੰਨੀ ਰਾਇ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਤੇ ਹੱਤਿਆ ਤੋਂ ਬਾਅਦ ਮਹਿਲਾ ਡਾਕਟਰ ਦੀ ਲਾਸ਼ ਮੁਲਜ਼ਮਾਂ ਨੇ ਪੈਟਰੋਲ ਪਾ ਕੇ ਸਾੜ ਦਿੱਤੀ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਆਖ਼ਰ ਕਿਹੜੀਆਂ ਹਾਲਤਾਂ ‘ਚ ਬੋਤਲ ਵਿਚ ਪੈਟਰੋਲ ਪਾ ਕੇ ਦੇ ਦਿੱਤਾ ਗਿਆ।
ਪੁਲਿਸ ਰਿਪੋਰਟ ਵਿਚ ਖੁਲਾਸਾ
ਵੈਟਰਨਰੀ ਡਾਕਟਰ ਨੂੰ ਮਾਰਨ ਤੋਂ ਬਾਅਦ ਵੀ ਅਪਰਾਧੀਆਂ ਨੇ ਕਈ ਵਾਰ ਕੀਤਾ ਜਬਰ ਜਨਾਹ
ਵੈਟਰਨਰੀ ਮਹਿਲਾ ਡਾਕਟਰ ਨੂੰ ਅਗਵਾ ਕਰਨ ਤੋਂ ਬਾਅਦ ਚਾਰਾਂ ਆਰੋਪੀਆਂ ਨੇ ਸੁੰਨਸਾਨ ਜਗ੍ਹਾ ‘ਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਸਿਰ ‘ਤੇ ਵੀ ਜ਼ੋਰਦਾਰ ਸੱਟਾਂ ਮਾਰੀਆਂ, ਜਿਸ ਨਾਲ ਡਾਕਟਰ ਦੀ ਮੌਤ ਹੋਈ। ਉਸ ਤੋਂ ਬਾਅਦ ਆਰੋਪੀਆਂ ਨੇ ਉਸਦਾ ਮ੍ਰਿਤਕ ਸਰੀਰ ਟਰੱਕ ਦੇ ਕੈਬਿਨ ਵਿਚ ਰੱਖ ਦਿੱਤਾ। ਬਾਅਦ ਵਿਚ ਆਰੋਪੀ ਉਸ ਨੂੰ ਸੁੱਟਣ ਲਈ 27 ਕਿਲੋਮੀਟਰ ਦੂਰ ਲੈ ਕੇ ਗਏ। ਰਸਤੇ ਵਿਚ ਚੱਲਦੇ ਟਰੱਕ ਵਿਚ ਵੀ ਕਈ ਵਾਰ ਜਬਰ ਜਨਾਹ ਕੀਤਾ ਗਿਆ, ਜਦੋਂ ਕਿ ਮਹਿਲਾ ਡਾਕਟਰ ਟਰੱਕ ਦੇ ਕੈਬਿਨ ਵਿਚ ਰੱਖਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ। ਪੁਲਿਸ ਨੇ ਇਹ ਜਾਣਕਾਰੀ ਅਦਾਲਤ ਨੂੰ ਆਰੋਪੀਆਂ ਦਾ 10 ਦਿਨ ਦਾ ਰਿਮਾਂਡ ਮੰਗਣ ਸਮੇਂ ਦਿੱਤੀ। ਆਰੋਪੀ ਅਜੇ ਹਿਰਾਸਤ ਵਿਚ ਹੀ ਹਨ।

ਬਲਾਤਕਾਰੀਆਂ ਨੂੰ ਚੌਰਾਹੇ ‘ਚ ਫਾਂਸੀ ਦੇਣ ਦਾ ਕਾਨੂੰਨ ਬਣੇ : ਸ਼ਾਹੀ ਇਮਾਮ
ਲੁਧਿਆਣਾ/ਬਿਊਰੋ ਨਿਊਜ਼ :ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਹੈ ਕਿ ਹੈਦਰਾਬਾਦ ਵਿਚ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਕਰਨ ਮਗਰੋਂ ਅੱਗ ਲਗਾ ਕੇ ਕਤਲ ਕਰਨ ਦੀ ਵਾਪਰੀ ਘਟਨਾ ਨਾਲ ਹਰ ਭਾਰਤੀ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਇਸ ਲਈ ਸਰਕਾਰ ਨੂੰ ਜਬਰ-ਜਨਾਹ ਦੇ ਦੋਸ਼ੀਆਂ ਨੂੰ ਚੌਰਾਹੇ ਵਿਚ ਫਾਂਸੀ ਦੇਣ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ। ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਆਏ ਦਿਨ ਦੇਸ਼ ਵਿਚ ਬੇਟੀਆਂ ਨਾਲ ਹੋ ਰਹੀਆਂ ਅਜਿਹੀਆਂ ਘਟਨਾਵਾਂ ਲਈ ਜਿੱਥੇ ਸਮਾਜ ਦੀ ਬਿਮਾਰ ਮਾਨਸਿਕਤਾ ਜ਼ਿੰਮੇਵਾਰ ਹੈ, ਉੱਥੇ ਕਮਜ਼ੋਰ ਕਾਨੂੰਨ ਪ੍ਰਬੰਧ ਕਾਰਨ ਅਪਰਾਧੀ ਬੇਖ਼ੌਫ਼ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੀਆਂ ਧੀਆਂ ਨੂੰ ਆਪਣੀ ਰੱਖਿਆ ਲਈ ਅਸਲਾ ਲਾਇਸੈਂਸ ਦਿੱਤੇ ਜਾਣੇ ਚਾਹੀਦੇ ਹਨ ਅਤੇ ਇੱਜ਼ਤ ‘ਤੇ ਹਮਲਾ ਕਰਨ ਵਾਲਿਆਂ ਨੂੰ ਆਤਮ-ਸਨਮਾਨ ਲਈ ਮਾਰਨ ‘ਤੇ ਕੇਸ ਦਰਜ ਕਰਨ ਦੀ ਥਾਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਜਬਰ-ਜਨਾਹ ਨਾਲ ਸਬੰਧਤ ਕੇਸ ਦਾ ਫ਼ੈਸਲਾ 15 ਦਿਨਾਂ ਵਿਚ ਹੋਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਕੋਈ ਵੀ ਅਪਰਾਧਿਕ ਕਿਸਮ ਦਾ ਵਿਅਕਤੀ ਮੁੜ ਅਜਿਹੀ ਘਟਨਾ ਬਾਰੇ ਸੋਚ ਵੀ ਨਾ ਸਕੇ। ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਕਿਹਾ ਕਿ ਕੇਂਦਰ ਸਰਕਾਰ ਸਮੇਤ ਸਾਰੇ ਸੂਬਿਆਂ ਦੇ ਗ੍ਰਹਿ ਮੰਤਰੀ ਜੇ ਦੇਸ਼ ਦੀਆਂ ਧੀਆਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਇਹ ਗੱਲਾਂ ਕਾਲੇ ਅੱਖਰਾਂ ਨਾਲ ਲਿਖੀਆਂ ਜਾਣਗੀਆਂ ਕਿ ਦੇਸ਼ ‘ਚ ਧੀਆਂ ਨਾਲ ਜਬਰ-ਜਨਾਹ ਹੁੰਦੇ ਸਨ, ਜਨਤਾ ਰੋਸ ਮੁਜ਼ਾਹਰਾ ਕਰਦੀ ਸੀ ਅਤੇ ਸਰਕਾਰਾਂ ਸੁੱਤੀਆਂ ਰਹਿੰਦੀਆਂ ਸਨ।

Check Also

ਕਰੋਨਾ ਦੇ ਗੰਭੀਰ ਮਾਮਲਿਆਂ ‘ਚ ਭਾਰਤ ਦਾ ਨੰਬਰ ਦੂਜਾ

ਸੰਸਾਰ ਭਰ ‘ਚ ਕਰੋਨਾ ਸਾਢੇ 9 ਲੱਖ ਵਿਅਕਤੀਆਂ ਦੀ ਲੈ ਚੁੱਕਾ ਹੈ ਜਾਨ ਪੰਜਾਬ ‘ਚ …