ਟਰੂਡੋ ਨੂੰ ਰਾਸ਼ਟਰਪਤੀ ਭਵਨ ‘ਚ ਦਿੱਤਾ ਗਿਆ ਗਾਰਡ ਆਫ ਆਨਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਤੀ ਭਵਨ ਵਿਚ ਸਵਾਗਤ ਕੀਤਾ ਗਿਆ ਹੈ। ਦੋਵੇਂ ਪ੍ਰਧਾਨ ਮੰਤਰੀ ਇਕ-ਦੂਜੇ ਨੂੰ ਗਲੇ ਮਿਲੇ।ઠਟਰੂਡੋ ਨੇ ਆਪਣੇ ਪਰਿਵਾਰ ਸਮੇਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਵੀ ਸ਼ਰਧਾ ਦੇ ਫੁੱਲ ਚੜ੍ਹਾਏ। ਰਾਸ਼ਟਰਪਤੀ ਭਵਨ ਵਿਚ ਟਰੂਡੋ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਇਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ।
ਚੇਤੇ ਰਹੇ ਕਿ ਲੰਘੇ ਕੱਲ੍ਹ ਦਿੱਲੀ ਵਿਚ ਇਕ ਪ੍ਰੋਗਰਾਮ ਦੌਰਾਨ ਪੰਜਾਬੀ ਰੰਗ ‘ਚ ਰੰਗੇ ਗਏ ਟਰੂਡੋ ਨੇ ਢੋਲ ਦੇ ਡਗੇ ‘ਤੇ ਭੰਗੜਾ ਵੀ ਪਾਇਆ। ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਰਹੇ ਹਾਜ਼ਰੀਨ ਨੇ ਟਰੂਡੋ ਦਾ ਭੰਗੜਾ ਦੇਖ ਕੇ ਤਾੜੀਆਂ ਮਾਰੀਆਂ ਅਤੇ ਸੀਟੀਆਂ ਵੀ ਵਜਾਈਆਂ।
ਜਸਟਿਨ ਟਰੂਡੋ ਨਾਲ ਗੱਲਬਾਤ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ
ਭਾਰਤ ਦੀ ਵਧਦੀ ਐਨਰਜੀ ਦੀ ਮੰਗ ਨੂੰ ਪੂਰੀ ਕਰ ਸਕਦਾ ਹੈ ਕੈਨੇਡਾ
6 ਸਮਝੌਤਿਆਂ ‘ਤੇ ਹੋਏ ਦਸਤਖਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਦਿੱਲੀ ਦੇ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇੱਥੇ ਦੋਵਾਂ ਦੇਸ਼ਾਂ ਵਿਚ ਸਕਿਉਰਿਟੀ, ਐਜੂਕੇਸ਼ਨ, ਬਿਜਨਸ ਅਤੇ ਅੱਤਵਾਦ ਜਿਹੇ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ ਹੈ। ਭਾਰਤ ਅਤੇ ਕੈਨੇਡਾ ਵਿਚ 6 ਸਮਝੌਤਿਆਂ ‘ਤੇ ਦਸਤਖਤ ਵੀ ਹੋਏ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੈਨੇਡਾ ਸਾਡੇ ਲਈ ਕਾਫੀ ਅਹਿਮ ਹੈ। ਅਸੀਂ ਉਸ ਨਾਲ ਮਿਲ ਕੇ ਕੰਮ ਕਰਨ ਲਈ ਆਸਵੰਦ ਹਾਂ ਅਤੇ ਭਾਰਤ ਦੇ ਵਿਕਾਸ ਵਿਚ ਉਸਦੀ ਭਾਗੀਦਾਰੀ ਚਾਹੁੰਦੇ ਹਾਂ। ਕੈਨੇਡਾ ਐਨਰਜੀ ਦਾ ਸੁਪਰ ਪਾਵਰ ਹੈ ਅਤੇ ਸਾਡੀ ਵਧਦੀ ਐਨਰਜੀ ਦੀ ਮੰਗ ਨੂੰ ਪੂਰਾ ਸਕਦਾ ਹੈ। ਮੋਦੀ ਨੇ ਕਿਹਾ ਕਿ ਸਿਆਸੀ ਉਦੇਸ਼ਾਂ ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਲਈ ਧਰਮਾਂ ਦਾ ਗਲਤ ਉਪਯੋਗ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀ ਏਕਤਾ ਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।