Breaking News
Home / ਨਜ਼ਰੀਆ / ਸੁਲਤਾਨਪੁਰ ਤੇ ਮੁਲਤਾਨ

ਸੁਲਤਾਨਪੁਰ ਤੇ ਮੁਲਤਾਨ

ਜਿਨ੍ਹਾਂ ਨੂੰ ਗੁਰੂਆਂ-ਪੀਰਾਂ ਦਾ ਵਰਦਾਨ
ਇਬਲੀਸ
ਸੁਲਤਾਨਪੁਰ ਲੋਧੀ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦੀ ਸਾਜ਼ਿੰਦ ਕਹਿਕਸ਼ਾਂ ਹੈ, ਜਿਸ ਉੱਪਰ ਹਰ ਧਰਮ, ਮਜ਼ਬ ਅਤੇ ਫ਼ਿਰਕੇ ਦੇ ਲੋਕ ਫਖ਼ਰ ਕਰ ਸਕਦੇ ਹਨ। ਇਸ਼ ਸ਼ਹਿਰ ‘ਚ ਨਾਨਕਸ਼ਾਹੀ ਇੱਟਾਂ ਨਾਲ ਤਾਮੀਰ ਹੋਈਆਂ ਇਮਾਰਤਾਂ ਸਮੇਂ ਨਾਲ ਭਾਵੇਂ ਖੋਲ਼ਿਆ ਦਾ ਰੂਪ ਧਾਰ ਗਈਆਂ ਹਨ ਪਰ ਇਹ ਸਭ ਇਸ ਦੀ ਪ੍ਰਾਚੀਨਤਾ ਦੀਆਂ ਗਵਾਹ ਹਨ। ਇਨਾਂ ਖੋਲ਼ਿਆਂ-ਖੰਡਰਾਂ ਦੇ ਦਰਵਾਜ਼ਿਆਂ ਅਤੇ ਚੌਖਟਾਂ ਉੱਪਰ ਉੱਕਰਿਆ ਹੁਨਰ ਇਤਿਹਾਸ ਦੇ ਕਈ ਸੁਨਹਿਰੇ ਵਰਕੇ ਆਪਣੀ ਜਿਲਦ ਵਿਚ ਸਾਂਭੀ ਬੈਠਾ ਹੈ। ਬਿਨਾ ਸ਼ੱਕ ਦਾਅਵਾ ਕੀਤਾ ਜਾ ਸਕਦਾ ਹੈ ਕਿ ਸੁਲਤਾਨਪੁਰ ਲੋਧੀ ਭਾਰਤ ਦੇ ਸਭ ਤੋਂ ਪੁਰਾਤਨ ਸ਼ਹਿਰਾਂ ਵਿੱਚੋਂ ਇਕ ਹੈ। ਇਸ ਸਮੇਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਕਾਰਨ ਇਹ ਸ਼ਹਿਰ ਇਕ ਵਾਰ ਫਿਰ ਦੁਨੀਆ ਦੇ ਨਕਸ਼ੇ ‘ਤੇ ਆਕਰਸ਼ਣ ਦਾ ਕੇਂਦਰ ਬਣ ਕੇ ਉਭਰਿਆ ਹੈ।
ਮਾਣਮੱਤੀ ਵਿਰਾਸਤ : ਪੰਜਵੀਂ-ਛੇਵੀਂ ਸਦੀ ਈਸਾ ਪੂਰਵ ਸੁਲਤਾਨਪੁਰ ਲੋਧੀ ਦਾ ਇਹ ਇਲਾਕਾ ‘ਤਮਸਾਵਨ’ ਨਾਂ ਦਾ ਗ਼ੈਰ-ਆਬਾਦ ਜੰਗਲ ਸੀ। ਇਸ ਸ਼ਹਿਰ ਨੂੰ ਜਿੱਥੇ ਸਿੱਖ ਧਰਮ ਦੀ ਜਨਮ-ਭੋਇੰ ਹੋਣ ਦਾ ਮਾਣ ਹਾਸਲ ਹੈ, ਉੱਥੇ ਸਦੀਆਂ ਪਹਿਲਾਂ ਇਹ ਬੁੱਧ ਧਰਮ ਦਾ ਵੀ ਵੱਡਾ ਕੇਂਦਰ ਰਿਹਾ ਹੈ। ਬੋਧੀ ਗ੍ਰੰਥ ‘ਦਿਵਿਆਵਦਾਨ’ ਵਿਚ ਵੀ ਤਮਸਾਵਨ ਦਾ ਜ਼ਿਕਰ ਆਇਆ ਹੈ। ਚੌਥੀ ਪੂਰਬਲੀ ਸਦੀ ਵਿਚ ਇਹ ਬੁੱਧ ਧਰਮ ਦਾ ਕੇਂਦਰ ਬਣਿਆ। ਸੁਲਤਾਨਪੁਰ ਸ਼ਹਿਰ ਕਈ ਵਾਰ ਬਾਹਰੀ ਹਮਲਿਆਂ ਕਾਰਨ ਉੱਜੜਿਆ ਅਤੇ ਕੁਕਨੂਸ ਵਾਂਗ ਮੁੜ-ਮੁੜ ਆਪਣੀ ਰਾਖ ਵਿੱਚੋਂ ਮੁੜ ਸੁਰਜੀਤ ਹੋਇਆ।
ਭਾਈ ਕਾਨ ਸਿੰਘ ਨਾਭਾ ਅਨੁਸਾਰ ਇਹ ਸ਼ਹਿਰ 11ਵੀਂ ਸ਼ਤਾਬਦੀ ਵਿਚ ਮਹਿਮੂਦ ਗਜ਼ਨਵੀ ਦੇ ਇਕ ਫ਼ੌਜਦਾਰ ਸੁਲਤਾਨਖ਼ਾਨ ਲੋਧੀ ਨੇ ਵਸਾਇਆ ਸੀ। ਭਾਰਤ ਵਿਚ ਮੁਸਲਮਾਨਾਂ ਦੀ ਆਮਦ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ‘ਸਰਬਮਾਨਪੁਰ’ ਸੀ। ਇਸ ਤੋਂ ਇਲਾਵਾ ਕਿਸੇ ਸਮੇਂ ਇਸ ਦਾ ਨਾਂ ‘ਪੀਰਾਂਪੁਰੀ’, ‘ਛੀਟਾਂ ਵਾਲੀ’ ਵੀ ਰਿਹਾ ਹੈ। ਇਕ ਹੋਰ ਰਵਾਇਤ ਅਨੁਸਾਰ 1517 ਤੋਂ 1526 ਵਿਚ ਇਬਰਾਹੀਮ ਲੋਧੀ ਦੇ ਰਾਜ ਸਮੇਂ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਲੋਧੀ ਨੇ ਇਸ ਸ਼ਹਿਰ ਨੂੰ ਉਚੇਚੇ ਤੌਰ ‘ਤੇ ਵਸਾਇਆ। 15ਵੀਂ ਸਦੀ ਦਾ ਮਹਾਨ ਯਾਤਰੀ ਅਤੇ ਇਤਿਹਾਸਕਾਰ ਇਬਨ ਬਤੂਤਾ ਸਤੰਬਰ 1333 ਵਿਚ ਭਾਰਤ ਆਇਆ ਤਾਂ ਉਸ ਨੇ ਕੁਝ ਸਮੇਂ ਲਈ ਇਸ ਸ਼ਹਿਰ ਵਿਚ ਵੀ ਮੁਕਾਮ ਕੀਤਾ ਅਤੇ ਆਪਣੀ ਇਸ ਸ਼ਹਿਰ ਵਿਚ ਆਮਦ ਤੇ ਇਥੋਂ ਦੇ ‘ਡਾਕ ਮੁਨਾਰਿਆਂ’ ਦਾ ਜ਼ਿਕਰ ਵੀ ਉਸ ਨੇ ਆਪਣੇ ਸਫ਼ਰਨਾਮੇ ਵਿਚ ਕੀਤਾ ਹੈ। ਮਹਾਨ ਚੀਨੀ ਯਾਤਰੀ ਯੁਆਂਗ-ਚੁਆਂਗ ਜਦ 7ਵੀਂ ਸਦੀ ਵਿਚ ਭਾਰਤ ਆਇਆ ਤਾਂ ਇਸ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਜਲੰਧਰ ਵੱਲ ਗਿਆ। ਯੁਆਂਗ-ਚੁਆਂਗ ਕੁਝ ਸਮਾਂ ਇਥੋਂ ਦੇ ਬੁੱਧ ਧਰਮ ਨਾਲ ਸਬੰਧਤ ਮਠਾਂ ਵਿਚ ਵੀ ਵਿਚਰਿਆ। ਇਹ ਮਹਾਨ ਯਾਤਰੀ ਇਸ ਸ਼ਹਿਰ ਵਿਚ ਸਮਰਾਟ ਅਸ਼ੋਕ ਦੁਆਰਾ ਬੋਧੀ ਸਤੂਪ ਉਸਾਰੇ ਜਾਣ ਦਾ ਵੀ ਜ਼ਿਕਰ ਕਰਦਾ ਹੈ।
ਇਤਿਹਾਸਕ ਹਵਾਲਿਆਂ ਅਨੁਸਾਰ ਜਦੋਂ ਸਿਕੰਦਰ ਮਹਾਨ ਦੀਆਂ ਫ਼ੌਜਾਂ ਨੇ ਮਕਦੂਨੀਆ ਨੂੰ ਵਾਪਸੀ ਸਮੇਂ ਇਥੋਂ ਬਿਆਸ ਦਰਿਆ ਪਾਰ ਕੀਤਾ ਤਾਂ ਉਸ ਸਮੇਂ ਦਰਿਆ ਦੇ ਚੜਦੇ ਪਾਸੇ ਫੈਗੀਅਸ ਨਾਂ ਦਾ ਰਾਜਾ ਰਾਜ ਕਰਦਾ ਸੀ। ਕਦੇ ਇਹ ਇਲਾਕਾ ਕਾਬਲ ਦੇ ਹਿੰਦੂ ਰਾਜਿਆਂ ਤੇ ਦਿੱਲੀ ਦੇ ਰਾਜਾ ਮਦਨ ਪਾਲ ਦੀ ਟਕਸਾਲ ਰਿਹਾ। ਹਿੰਦੂ ਰਾਜਿਆਂ ਅਤੇ ਬੁੱਧ ਧਰਮ ਦਾ ਅਹਿਮ ਕੇਂਦਰ ਹੋਣ ਕਾਰਨ ਗਜ਼ਨੀ ਦੇ ਸੁਲਤਾਨ ਮਹਿਮੂਦ ਨੇ ਇਸ ਸ਼ਹਿਰ ਨੂੰ ਆਪਣੇ ਹੱਲੇ ਦੌਰਾਨ ਰਾਖ ਦੇ ਢੇਰ ‘ਚ ਤਬਦੀਲ ਕਰ ਦਿੱਤਾ ਸੀ ਤੇ ਵੱਡੀਆਂ-ਵੱਡੀਆਂ ਹਵੇਲੀਆਂ ਤੇ ਮਠ ਨੇਸਤੋਨਾਬੂਦ ਕਰ ਕੇ ਇਸ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਾਇਆ। ਮੁਗ਼ਲ ਸਲਤਨਤ ਵੇਲੇ ਇਹ ਸ਼ਹਿਰ 12-12 ਕੋਹ ਤਕ ਫ਼ੈਲਿਆ ਹੋਇਆ ਸੀ। ਇਸ ਸ਼ਹਿਰ ਨੂੰ ਨਾਸਿਰ-ਉਦ-ਦੀਨ ਮੁਹੰਮਦ ਸ਼ਾਹ ਨੇ ਵੀ ਆਪਣੇ ਰਾਜ-ਭਾਗ ਸਮੇਂ ਆਬਾਦ ਕੀਤਾ ਸੀ ਪਰ ਟਕਸਾਲ ਹੋਣ ਕਾਰਨ ਸੁਲਤਾਨ ਗਿਆਸੂਦੀਨ ਬਲਬਨ ਦੇ ਸਮੇਂ ਮੁਗ਼ਲ ਬਾਦਸ਼ਾਹਾਂ ਨੇ ਇਥੇ ਕਈ ਹਮਲੇ ਕੀਤੇ ਅਤੇ ਇਸ ਸ਼ਹਿਰ ਨੂੰ ਲੁੱਟਿਆ। 1739 ਵਿਚ ਇਸ ਸ਼ਹਿਰ ਨੂੰ ਨਾਦਰਸ਼ਾਹ ਈਰਾਨੀ ਨੇ ਵੀ ਲੁੱਟਿਆ ਅਤੇ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਵੀ ਇਸ ਸ਼ਹਿਰ ਨੂੰ ਲੁੱਟ ਕੇ ਇਸ ਦਾ ਬੁਰੀ ਤਰਾਂ ਵਿੱਤੀ, ਜਾਨੀ ਤੇ ਮਾਲੀ ਨੁਕਸਾਨ ਕੀਤਾ। ਮੁਗ਼ਲ ਬਾਦਸ਼ਾਹ ਅਕਬਰ ਦੀ ਜੀਵਨੀ ‘ਆਇਨੇ-ਅਕਬਰੀ’ ਵਿਚ ਇਸ ਸ਼ਹਿਰ ‘ਚ ਇਕ ਵੱਡੀ ਸਰਾਂ ਦੀ ਮੌਜੂਦਗੀ ਦਾ ਵੀ ਜ਼ਿਕਰ ਸ਼ਾਮਲ ਹੈ। ‘ਕਿਲਾ ਸਰਾਏ’ ਦੇ ਨਾਂ ਨਾਲ ਜਾਣੀ ਜਾਂਦੀ ਇਹ ਸਰਾਂ ਅੱਜ ਆਪਣੀਆਂ ਅੰਤਮ ਸਾਹਾਂ ਗਿਣ ਰਹੀ ਹੈ। ਇਸ ਕਿਲੇ ਦੇ ਅੰਦਰ ਇਕ ਪੁਰਾਣੀ ਮਸਜਿਦ ਵੀ ਮੌਜੂਦ ਹੈ। ਕਪੂਰਥਲਾ ਦੇ ਹੁਕਮਰਾਨ ਰਾਏ ਇਬਰਾਹੀਮ ਭੱਟੀ ਦੇ ਅੱਤਿਆਚਾਰ ਜਦ ਆਪਣੀ ਹੀ ਪਰਜਾ ਉੱਪਰ ਵਧਦੇ ਗਏ ਤਾਂ ਆਮ ਲੋਕਾਂ ਨੇ ਸਿੱਖ ਮਿਸਲਾਂ ਦੇ ਸਰਦਾਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਕੋਲ ਇਸ ਬਾਰੇ ਸ਼ਿਕਾਇਤ ਕੀਤੀ।
ਜੱਸਾ ਸਿੰਘ ਆਹਲੂਵਾਲੀਆ ਨੇ 1777 ਈਸਵੀ ਵਿਚ ਕਪੂਰਥਲਾ ਨੂੰ ਜਿੱਤ ਕੇ ਆਪਣੀ ਰਿਆਸਤ ਦੀ ਰਾਜਧਾਨੀ ਬਣਾਇਆ ਤੇ ਇਹ ਸ਼ਹਿਰ ਵੀ ਕਪੂਰਥਲਾ ਰਿਆਸਤ ਦੇ ਅਧੀਨ ਆ ਗਿਆ ਤੇ 200 ਸਾਲ ਤਕ ਕਪੂਰਥਲਾ ਰਿਆਸਤ ਦਾ ਹਿੱਸਾ ਰਿਹਾ। ਸੰਨ 1956 ਵਿਚ ਰਿਆਸਤਾਂ ਨੂੰ ਭਾਰਤੀ ਗਣਰਾਜ ਵਿਚ ਸ਼ਾਮਲ ਕਰ ਲਏ ਜਾਣ ਕਾਰਨ ਇਹ ਸ਼ਹਿਰ ਅਤੇ ਇਥੋਂ ਦੀਆਂ ਸ਼ਾਹੀ ਇਮਾਰਤਾਂ ਪੰਜਾਬ ਸਰਕਾਰ ਦੇ ਅਧੀਨ ਆ ਗਈਆਂ।
ਦਿੱਲੀ-ਲਾਹੌਰ ਜਰਨੈਲੀ ਸੜਕ : ਸੁਲਤਾਨਪੁਰ ਲੋਧੀ ਸ਼ਹਿਰ ਪੁਰਾਣੇ ਦਿੱਲੀ-ਲਾਹੌਰ ਸ਼ੇਰ ਸ਼ਾਹ ਸੂਰੀ ਮਾਰਗ (ਜੀਟੀ ਰੋਡ) ਉੱਪਰ ਵਸਿਆ ਹੋਣ ਕਾਰਨ ਸੱਤਾ ਦੇ ਮੁੱਖ ਕੇਂਦਰ ਰਹੇ ਇਨਾਂ ਦੋਵਾਂ ਸ਼ਹਿਰਾਂ ਦੇ ਦਰਮਿਆਨ ਇਕ ਅਹਿਮ ਕੜੀ ਰਿਹਾ ਹੈ। ਈਸਟ ਇੰਡੀਆ ਕੰਪਨੀ ਦੀ ਪੰਜਾਬ ਵਿਚ ਆਮਦ ਤੋਂ ਬਾਅਦ ਜੀਟੀ ਰੋਡ ਦੀ ਦਿਸ਼ਾ ਬਦਲ ਕੇ ਵਾਇਆ ਜਲੰਧਰ ਤੋਂ ਲਾਹੌਰ ਕਰ ਦਿੱਤੀ ਗਈ ਪਰ ਇਸ ਤੋਂ ਪਹਿਲਾਂ ਫਿਲੌਰ ਸ਼ਹਿਰ ਤੋਂ ਇਹ ਸ਼ਾਹੀ ਮਾਰਗ ਨੂਰਮਹਿਲ, ਨਕੋਦਰ, ਸੁਲਤਾਨਪੁਰ ਲੋਧੀ, ਗੋਇੰਦਵਾਲ, ਤਰਨ ਤਾਰਨ ਤੋਂ ਹੁੰਦੇ ਹੋਏ ਆਪਣੇ ਯਾਤਰੂਆਂ ਨੂੰ ਲਾਹੌਰ ਤਕ ਪਹੁੰਚਾਉਂਦਾ ਸੀ।
ਪੁਰਾਤਨ ਜੀਟੀ ਰੋਡ ਦੀ ਇਸ ਇਲਾਕੇ ਵਿਚ ਹੋਂਦ ਦੀਆਂ ਕੁਝ ਨਿਸ਼ਾਨੀਆਂ ਅੱਜ ਵੀ ‘ਡਾਕ ਮੁਨਾਰਿਆਂ’ ਜਾਂ ‘ਕੋਸ ਮੀਨਾਰਾਂ’ ਅਤੇ ‘ਸ਼ਾਹੀ ਸਰਾਵਾਂ’ ਦੇ ਰੂਪ ਵਿਚ ਮੌਜੂਦ ਹਨ। ਫਿਲੌਰ ਜੀਟੀ ਰੋਡ ਦੇ ਨੇੜੇ ਬਣੇ ਡਾਕ ਮੁਨਾਰੇ ਤੋਂ ਬਾਅਦ ਇਕ ਡਾਕ ਮੁਨਾਰਾ ਅੱਜ ਵੀ ਇਸ ਰਾਜ ਮਾਰਗ ‘ਤੇ ਪਿੰਡ ਮੱਲੀਆਂ ਕਲਾਂ ਵਿਚ ਅਤੇ ਇਕ ਸੁਲਤਾਨਪੁਰ ਲੋਧੀ ਦੇ ਬੱਸ ਅੱਡੇ ਵਿਖੇ ਖੜੇ ਹਨ। ਇਸ ਤੋਂ ਇਲਾਵਾ ਇਸ ਜਰਨੈਲੀ ਸੜਕ ‘ਤੇ ਮੁਗ਼ਲ ਕਾਲ ਵੇਲੇ ਦੀ ਨੂਰਮਹਿਲ ਦੀ ਸਰਾਂ, ਜਹਾਂਗੀਰ ਦੱਖਣੀ ਸਰਾਂ ਅਤੇ ਸੁਲਤਾਨਪੁਰ ਲੋਧੀ ਦਾ ਕਿਲਾ ਸਰਾਏ ਇਥੋਂ ਪੁਰਾਤਨ ਜਰਨੈਲੀ ਸੜਕ ਦੇ ਲੰਘਣ ਦੀ ਗਵਾਹੀ ਭਰਦੇ ਹਨ। ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੇ ਸ਼ਾਹੀ ਘਰਾਣਿਆਂ ਦੇ ਲੋਕ ਅਤੇ ਅਹਿਲਕਾਰ ਇਨਾਂ ਸਰਾਵਾਂ ਵਿਚ ਹੀ ਰੈਣ-ਬਸੇਰਾ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਇਹ ਕਿਲੇ ਅਤੇ ਸਰਾਵਾਂ ਛੋਟੀਆਂ-ਛੋਟੀਆਂ ਫ਼ੌਜੀ ਛਾਉਣੀਆਂ ਵਜੋਂ ਵੀ ਆਪਣੀ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ।
ਵਿੱਦਿਆ ਦਾ ਮਰਕਜ਼ : ਮੁਗ਼ਲ ਸਾਮਰਾਜ ਵੇਲੇ ਇਹ ਸ਼ਹਿਰ ਵਿੱਦਿਆ ਦਾ ਬਹੁਤ ਵੱਡਾ ਮਰਕਜ਼ ਰਿਹਾ। ਮੁਗ਼ਲ ਬਾਦਸ਼ਾਹ ਸ਼ਾਹਜਹਾਨ ਦਾ ਤੀਸਰਾ ਪੁੱਤਰ ਅਤੇ ਹਿੰਦੁਸਤਾਨ ਦੇ ਛੇਵੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤੇ ਸ਼ਾਹਜਹਾਨ ਦੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਿਕੋਹ ਨੇ ਸੁਲਤਾਨਪੁਰ ਲੋਧੀ ਵਿਖੇ ਹੀ ਸ਼ਾਹ ਅਬਦੁਲ ਲਤੀਫ਼ ਪਾਸੋਂ ਤਾਲੀਮ ਹਾਸਲ ਕੀਤੀ। ਲਹਿੰਦੇ ਪੰਜਾਬ ਦੇ ਇਤਿਹਾਸਕਾਰ ਅਤੇ ਪ੍ਰਸਿੱਧ ਸ਼ਾਇਰ ਇਕਬਾਲ ਕੈਸਰ ਅਨੁਸਾਰ ਸੂਫ਼ੀ ਦਰਵੇਸ਼ ਸ਼ਾਹ ਹੁਸੈਨ ਨੇ ਵੀ ਇਥੇ ਹੀ ਤਾਲੀਮ ਹਾਸਲ ਕੀਤੀ ਸੀ। ਇਕਬਾਲ ਕੈਸਰ ਤਾਂ ਸ਼ਾਹ ਹੁਸੈਨ ਦੀ ਦੁੱਲੇ ਭੱਟੀ ਵਰਗੇ ਇਤਿਹਾਸ ਦੇ ਮੰਨੇ-ਪ੍ਰਮੰਨੇ ਮਹਾਨਾਇਕ ਦੁੱਲੇ ਭੱਟੀ ਨਾਲ ਦੋਸਤੀ ਹੋਣ ਨੂੰ ਵੀ ਤਸਦੀਕ ਕਰਦੇ ਹਨ। ਸੱਤਵੀਂ ਸਦੀ ਈਸਵੀ ਤਕ ਇਹ ਭਾਰਤ ਵਿਚਲੇ ਬੁੱਧ ਧਰਮ ਦੇ ਕੇਂਦਰਾਂ ਵਿੱਚੋਂ ਸਭ ਤੋਂ ਅਹਿਮ ਸ਼ਹਿਰ ਸੀ। ਕਾਤਿਆਯਨ ਜਿਹੇ ਬੋਧੀ ਵਿਦਵਾਨ ਨੇ ਇਸੇ ਧਰਤੀ ‘ਤੇ ”ਅਭਿਧਰਮ ਪ੍ਰਸਥਾਵ” ਨਾਂ ਦੇ ਗ੍ਰੰਥ ਦੀ ਰਚਨਾ ਕੀਤੀ। ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਅਤੇ ਵਿਆਕਰਣਕਾਰ ਪਾਣਿਨੀ ਨੇ ਵੀ ਆਪਣੀਆਂ ਲਿਖਤਾਂ ਵਿਚ ਇਸ ਸ਼ਹਿਰ ਨੂੰ ‘ਤ੍ਰਿਗਰਤ ਪ੍ਰਦੇਸ਼’ ਦੇ ਛੇ ਗਣਰਾਜਾਂ ਵਿੱਚੋਂ ਇਕ ਦੱਸਿਆ ਹੈ। ਇਕ ਰਵਾਇਤ ਅਨੁਸਾਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਆਖੀ ਜਾਂਦੀ ‘ਤਕਸ਼ਿਲਾ’ ਤੋਂ ਬਾਅਦ ਆਪਣੇ ਜ਼ਮਾਨੇ ਵਿਚ ਇਹ ਸ਼ਹਿਰ ਵਿੱਦਿਆ ਦੇ ਪਸਾਰ ਦਾ ਦੂਜਾ ਵੱਡਾ ਕੇਂਦਰ ਰਿਹਾ ਹੈ। ਪੀਰਾਂ-ਫ਼ਕੀਰਾਂ ਦੀ ਧਰਤੀ : ਸੁਲਤਾਨਪੁਰ ਲੋਧੀ ਬਾਰੇ ਇਹ ਅਖਾਣ ਪ੍ਰਸਿੱਧ ਹੈ ਕਿ ”ਸੁਲਤਾਨਪੁਰ ਤੇ ਮੁਲਤਾਨ, ਜਿਨਾਂ ਨੂੰ ਗੁਰੂਆਂ-ਪੀਰਾਂ ਦਾ ਵਰਦਾਨ।” ਪੀਰਾਂਪੁਰੀ ਦੇ ਸੱਯਦ ਚਿਰਾਗ਼ ਸਤਰਦੀਨ ਇਥੋਂ ਦੇ ਸਭ ਤੋਂ ਵੱਡੇ ਫ਼ਕੀਰ ਮੰਨੇ ਜਾਂਦੇ ਸਨ। ਉਨਾਂ ਦੇ ਸ਼ਾਗਿਰਦ ਸੱਯਦ ਗ਼ੁਲਾਮ ਮੁਹੱਈਉੱਦੀਨ ਦੁਆਰਾ ਸੰਨ 1899 ਵਿਚ ਬਣਵਾਈ ਗਈ ਇਕ ਮਸੀਤ ਇਸ ਸ਼ਹਿਰ ਦੇ ਮੁੱਖ ਬਾਜ਼ਾਰ ‘ਚ ਮੌਜੂਦ ਹੈ। ਇਸ ਨੂੰ ‘ਵੱਡਿਆਂ ਦਾ ਦਰਬਾਰ’ ਜਾਂ ‘ਪੰਜ ਪੀਰ’ ਆਖ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਸੂਫ਼ੀ ਫ਼ਕੀਰ ਸ਼ਾਹ ਹੁਸੈਨ ਬਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਨਾਂ ਨੇ ਇਸ ਸ਼ਹਿਰ ਵਿਚ ਰਹਿ ਕੇ ਹੀ ਸਿੱਖਿਆ ਪ੍ਰਾਪਤ ਕੀਤੀ ਸੀ।
ਸਾਈਂ ਖਰਬੂਜ਼ੇ ਸ਼ਾਹ ਇਸ ਸ਼ਹਿਰ ਦਾ ਵਸਨੀਕ ਉਹ ਦਰਵੇਸ਼ ਫ਼ਕੀਰ ਹੈ ਜੋ ਕਾਲੀ ਵੇਈਂ ‘ਤੇ ਇਸ਼ਨਾਨ ਕਰਨ ਲਈ ਆਉਣ ਵੇਲੇ ਰੋਜ਼ਾਨਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਿਆ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸ਼ੁਰੂ ਕਰਨ ਵਾਲੇ ਸਨ ਤਾਂ ਸਾਈਂ ਖਰਬੂਜ਼ੇ ਸ਼ਾਹ ਨੇ ਉਦਾਸ ਹੋ ਕੇ ਆਖਿਆ ਕਿ ‘ਮਹਾਰਾਜ, ਆਪ ਦੇ ਲੰਬੇ ਸਮੇਂ ਤਕ ਦੀਦਾਰ ਨਹੀਂ ਹੋ ਸਕਣਗੇ, ਇਸ ਸਮੇਂ ਦੌਰਾਨ ਮੈਂ ਆਪ ਦੀ ਸੰਗਤ ਤੋਂ ਵਾਂਝਿਆਂ ਰਹਿਣ ਦੀ ਪੀੜ ਕਿਵੇਂ ਝੱਲਾਂਗਾ?’ ਪੀਰ ਜੀ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਆਪਣੀ ਦਾਤਣ ਉਸ ਜਗਾ ‘ਤੇ ਗੱਡ ਦਿੱਤੀ ਅਤੇ ਆਖਿਆ ਕਿ ਇਸ ਨਿਸ਼ਾਨੀ ਦੇ ਦਰਸ਼ਨ ਕਰਨ ਨਾਲ ਤੁਹਾਨੂੰ ਸਾਡਾ ਹੀ ਦੀਦਾਰ ਹੋਵੇਗਾ। ਉਹ ਦਾਤਣ ਅੱਜ ਇਕ ਵਿਸ਼ਾਲ ਬੇਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਪਵਿੱਤਰ ਅਸਥਾਨ ‘ਤੇ ਗੁਰਦੁਆਰਾ ‘ਬੇਰ ਸਾਹਿਬ’ ਸਥਿਤ ਹੈ। ਇਸ ਤੋਂ ਇਲਾਵਾ ਪੀਰ ਗ਼ੈਬ ਗਾਜ਼ੀ ਦਾ ਮਜ਼ਾਰ ਗੁਰਦੁਆਰਾ ਬੇਰ ਸਾਹਿਬ ਤੋਂ ਅੱਧਾ ਕੁ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਅਸਥਾਨ ‘ਤੇ ਪੀਰ ਗ਼ੈਬ ਗਾਜ਼ੀ ਆਪਣੀ ਪ੍ਰੇਮਿਕਾ ਸਮੇਤ ਗਾਇਬ ਹੋਇਆ ਸੀ। ਮਜ਼ਾਰ ਦੇ ਅੰਦਰ ਪੀਰ ਗ਼ੈਬ ਗਾਜ਼ੀ ਅਤੇ ਉਨਾਂ ਦੀ ਪ੍ਰੇਮਿਕਾ ਦੀਆਂ ਕਬਰਾਂ ਹਨ। ਸੁਲਤਾਨਪੁਰ ਲੋਧੀ ਦੀ ਕਾਲਜ ਰੋਡ ‘ਤੇ ਪੀਰ ਸ਼ਾਹ ਸੁਲਤਾਨ ਦਾ ਰੋਜ਼ਾ ਹੈ। ਇਹ ਪੀਰ ਇਥੇ ਆਪਣੀ ਭੈਣ ਸਮੇਤ ਰਹਿੰਦਾ ਸੀ।
ਇਸ ਰੋਜ਼ੇ ਅੰਦਰ ਪੀਰ ਜੀ ਅਤੇ ਉਨਾਂ ਦੀ ਭੈਣ ਦੀਆਂ ਕਬਰਾਂ ਹਨ। ਇਸ ਤੋਂ ਇਲਾਵਾ ਪੀਰ ਅੱਲਾ ਦਿੱਤਾ, ਬਾਬਾ ਦੂਲੋ ਸ਼ਕਲ, ਭਾਈ ਲੰਙਾ, ਪੀਰ ਅਲੀ ਅਹਿਮਦ ਸ਼ਾਹ, ਪੀਰ ਮੁਹੰਮਦ ਸ਼ਾਹ ਸਲਾਮ, ਹਜ਼ਰਤ ਬਾਬਾ ਬੰਦਗੀ ਸ਼ਾਹ, ਪੀਰ ਜ਼ੀਆ-ਉਲ-ਦੀਨ ਦਾ ਸਪੁੱਤਰ ਪੀਰ ਨਾਸਿਰਦੀਨ, ਕਟਾਖਸ਼ ਗਿਰ, ਪੀਰ ਗ਼ੁਲਾਮ ਮਹੱਈਉੱਦੀਨ ਵੀ ਇਸ ਸ਼ਹਿਰ ਨਾਲ ਸਬੰਧਤ ਪਹੁੰਚੇ ਹੋਏ ਸੂਫ਼ੀ ਦਰਵੇਸ਼ ਅਤੇ ਫ਼ਕੀਰ ਰਹੇ ਹਨ। ਸੁਲਤਾਪੁਰ ਲੋਧੀ ਦੀ ਉਹ ਮਸੀਤ, ਜਿੱਥੇ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਪੜਦੇ ਰਹੇ ਸਨ, ਉਸ ਦਾ ਵਜੂਦ ਹੁਣ ਖ਼ਤਮ ਹੋ ਚੁੱਕਾ ਹੈ ਪਰ ਕਿਲਾ ਸਰਾਏ ਅੰਦਰ ਇਕ ਚਿੱਟੀ ਮਸੀਤ ਅੱਜ ਵੀ ਚੰਗੀ ਹਾਲਤ ‘ਚ ਮੌਜੂਦ ਹੈ। ਮੰਨਿਆ ਜਾਂਦਾ ਹੈ ਕਿ ਕਿਲਾ ਸਰਾਏ ਅੰਦਰ ਰਹਿਣ ਵਾਲੇ ਸ਼ਾਹੀ ਲੋਕ ਇਥੇ ਹੀ ਨਮਾਜ਼ ਦੇ ਰੂਪ ‘ਚ ਅੱਲਾ ਨੂੰ ਆਪਣੀ ਅਕੀਦਤ ਪੇਸ਼ ਕਰਿਆ ਕਰਦੇ ਸਨ।

ਬਾਬੇ ਦੀ ਬੇਰੀ : ਗੁਰਦੁਆਰਾ ਬੇਰ ਸਾਹਿਬ ਵਿਖੇ ਸਥਿਤ ਬੇਰੀ ਦੇ ਇਸ ਪਵਿੱਤਰ ਰੁੱਖ ਨੂੰ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਹੱਥਾਂ ਦੀ ਛੋਹ ਪ੍ਰਾਪਤ ਹੈ। ਆਪਣੇ ਮੁਰੀਦ ਪੀਰ ਬਾਬਾ ਖ਼ਰਬੂਜੇ ਸ਼ਾਹ ਦੀ ਬੇਨਤੀ ‘ਤੇ ਪਹਿਲੀ ਉਦਾਸੀ ਲਈ ਰਵਾਨਾ ਹੋਣ ਸਮੇਂ ਉਨਾਂ ਨੇ ਆਪਣੇ ਹੱਥੀਂ ਇਕ ਕਲਮ ਜਾਂ ਦਾਤਣ ਦੇ ਰੂਪ ‘ਚ ਇਸ ਰੁੱਖ ਨੂੰ ਲਗਾਇਆ ਸੀ।
ਪਿਲਕਣ ਦਾ ਰੁੱਖ ਤੇ ਖਜ਼ੂਰ : ਗੁਰਦੁਆਰਾ ਬੇਰ ਸਾਹਿਬ ਦੇ ਅਹਾਤੇ ਅੰਦਰ ਉੱਗਿਆ ਪਿਲਕਣ ਦਾ ਪੁਰਾਤਨ ਰੁੱਖ ਆਪਣੇ ਵਿਸ਼ਾਲ ਆਕਾਰ ਕਾਰਨ ਆਪਣੀ ਸਦੀਆਂ ਪੁਰਾਣੀ ਉਮਰ ਬਿਆਨ ਕਰਦਾ ਹੈ। ਇਹ ਰੁੱਖ ਇੰਨਾ ਵਿਸ਼ਾਲ ਹੈ ਕਿ ਇਸ ਦੇ ਮੁੱਖ ਤਣੇ ਦਾ ਘੇਰਾ ਲਗਪਗ ਚਾਰ ਤੋਂ ਪੰਜ ਮੀਟਰ ਹੋਵੇਗਾ। ਪਿਲਕਣ ਦੇ ਇਸ ਰੁੱਖ ਨੇ ਖਜ਼ੂਰ ਦੇ ਰੁੱਖ ਨੂੰ ਇਸ ਕਦਰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ ਕਿ ਇਸ ਦੇ ਤਣੇ ਦੀ ਜ਼ਮੀਨ ਦੇ ਪੱਧਰ ‘ਤੇ ਹੋਂਦ ਨਜ਼ਰੀਂ ਨਹੀਂ ਪੈਂਦੀ। ਖਜ਼ੂਰ ਦੇ ਇਸ ਰੁੱਖ ਦੀ ਹੋਂਦ ਦਾ ਪਤਾ ਪਿਲਕਣ ਦੇ ਰੁੱਖ ਤੋਂ ਵੀ ਉੱਚੇ ਇਸ ਦੇ ਆਕਾਰ ਤੋਂ ਹੀ ਲਗਦਾ ਹੈ।
ਗੁਰਦੁਆਰਾ ਸਿਹਰਾ ਸਾਹਿਬ ਵਿਚਲਾ ਜੰਡ : ਗੁਰਦੁਆਰਾ ਸਿਹਰਾ ਸਾਹਿਬ ਵਿਖੇ ਉੱਗਿਆ ਜੰਡ ਦਾ ਰੁੱਖ ਭਾਵੇਂ ਗੁਰੂ ਸਾਹਿਬਾਨ ਦੇ ਸਮੇਂ ਦਾ ਨਾ ਵੀ ਹੋਵੇ ਪਰ ਇਹ ਸੈਂਕੜੇ ਸਾਲ ਪੁਰਾਣਾ ਜ਼ਰੂਰ ਹੈ। ਜੰਡ ਦੇ ਇਸ ਰੁੱਖ ਸਬੰਧੀ ਸਥਾਨਕ ਲੋਕਾਂ ਅੰਦਰ ਕਈ ਧਾਰਮਿਕ ਮਾਨਤਾਵਾਂ ਹਨ। ਧੀਰ ਬਰਾਦਰੀ ਦੇ ਮੁੰਡਿਆਂ ਦੇ ਵਿਆਹ ਸਮੇਂ ਲਾੜੇ ਵੱਲੋਂ ਜੰਡੀ ਕੱਟਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਰਸਮ ਲਈ ਇਸ ਜੰਡ ਤੋਂ ਹੀ ਟਾਹਣੀ ਪ੍ਰਾਪਤ ਕੀਤੀ ਜਾਂਦੀ ਹੈ।
ਬੇਬੇ ਨਾਨਕੀ ਦੇ ਘਰ ਸਾਹਮਣੇ ਉੱਗਿਆ ਪੁਰਾਤਨ ਬੋਹੜ : ਬੇਬੇ ਨਾਨਕੀ ਜੀ ਦੇ ਘਰ ਦੇ ਬਾਹਰਵਾਰ ਸੜਕ ਕੰਢੇ ਉੱਗਿਆ ਬੋਹੜ ਦਾ ਰੁੱਖ ਬੇਬੇ ਨਾਨਕੀ ਜੀ ਦੇ ਵੇਲੇ ਦਾ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਪੀਰ ਗ਼ੈਬ ਗਾਜ਼ੀ ਦੀ ਦਰਗਾਹ ‘ਤੇ ਉੱਗਿਆ ਬੋਹੜ ਦਾ ਵਿਸ਼ਾਲ ਰੁੱਖ ਅਤੇ ਖਜ਼ੂਰਾਂ ਦੇ ਰੁੱਖਾਂ ਦੇ ਝੁੰਡ ਇਸ ਦਰਗਾਹ ਨੂੰ ਜਿੱਥੇ ਨੂਰਾਨੀ ਦਿੱਖ ਪ੍ਰਦਾਨ ਕਰਦੇ ਹਨ, ਉੱਥੇ ਆਪਣੀ ਪ੍ਰਾਚੀਨਤਾ ਦੀ ਗਾਥਾ ਆਪਣੇ ਆਕਾਰ ਦੇ ਰੂਪ ਵਿਚ ਕਹਿੰਦੇ ਪ੍ਰਤੀਤ ਹੁੰਦੇ ਹਨ।
ਸ਼ਾਹ ਸੁਲਤਾਨ ਦੇ ਮਕਬਰੇ ਦੀ ਫਲਾਹੀ : ਹਜ਼ਰਤ ਸ਼ਾਹ ਸੁਲਤਾਨ ਦੇ ਮਕਬਰੇ ‘ਤੇ ਉੱਗਿਆ ਫਲਾਹੀ ਦਾ ਰੁੱਖ ਵੀ ਸਦੀਆਂ ਪੁਰਾਣਾ ਹੈ। ਇਸ ਤੋਂ ਇਲਾਵਾ ਇਥੇ ਇਕ ਹੋਰ ਰੁੱਖ ਹੈ, ਜਿਸ ਦੀ ਕਿਸਮ ਦੀ ਸ਼ਨਾਖ਼ਤ ਨਹੀਂ ਹੁੰਦੀ, ਇਹ ਰੁੱਖ ਵੀ ਇਸ ਸ਼ਹਿਰ ਦੇ ਸਭ ਤੋਂ ਪੁਰਾਤਨ ਰੁੱਖਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।
ਗੁਰਦੁਆਰਾ ਬੇਰ ਸਾਹਿਬ : ਤਿੰਨ ਦਿਨ ਕਾਲੀ ਵੇਈਂ ਵਿਚ ਰਹਿਣ ਉਪਰੰਤ ਗੁਰੂ ਸਾਹਿਬ ਨੇ ਇਸ ਪਵਿੱਤਰ ਅਸਥਾਨ ‘ਤੇ ਹੀ ਮੂਲ-ਮੰਤਰ ਦਾ ਉਚਾਰਣ ਕੀਤਾ ਅਤੇ ਦੁਨੀਆ ਨੂੰ ਸਰਵ-ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਗੁਰੂ ਨਾਨਕ ਸਾਹਿਬ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਤ ਬੇਰੀ ਦਾ ਪਵਿੱਤਰ ਰੁੱਖ ਅੱਜ ਵੀ ਇਸ ਅਸਥਾਨ ‘ਤੇ ਮੌਜੂਦ ਹੈ। ਸਭ ਤੋਂ ਪਹਿਲਾਂ ਇਸ ਅਸਥਾਨ ‘ਤੇ ਸ਼ੇਰ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬੁੰਗੇ ਦੇ ਰੂਪ ਵਿਚ ਗੁਰੂ-ਘਰ ਦੀ ਸਥਾਪਨਾ ਕੀਤੀ। ਉਸ ਤੋਂ ਬਾਅਦ 1942 ਵਿਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੀ ਕਾਰ-ਸੇਵਾ ਕਰਵਾਈ।
ਗੁਰਦੁਆਰਾ ਭਾਈ ਡੱਲਾ ਜੀ : ਕਿਸੇ ਜ਼ਮਾਨੇ ਵਿਚ ਪਿੰਡ ਡੱਲਾ ਸੁਲਤਾਨਪੁਰ ਲੋਧੀ ਦੇ ਮੁਹੱਲਾ ‘ਮਾਫ਼ਕ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਉਹ ਪਿੰਡ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਭਾਈ ਨਰਾਇਣ ਦਾਸ ਦੀ ਸਪੁੱਤਰੀ ਬੀਬੀ ਦਮੋਦਰੀ ਜੀ ਨੂੰ ਵਿਆਹੁਣ ਆਏ ਸਨ। ‘ਇਤਬਾਰ ਆਬਾਦ’ ਦੇ ਨਾਂ ਨਾਲ ਵੀ ਇਹ ਪਿੰਡ ਜਾਣਿਆ ਜਾਂਦਾ ਰਿਹਾ ਹੈ। ਇਸ ਪਿੰਡ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਆਪਣੀ ਇਕ ਵਾਰ ਵਿਚ ਕੀਤਾ ਹੈ, ”ਡੱਲੇ ਵਾਲੀ ਸੰਗਤ ਭਾਰੀ॥” ਇਸ ਪਿੰਡ ਨਾਲ ਸਬੰਧਤ 72 ਗੁਰਸਿੱਖ ਹੋਏ ਹਨ। ਇਥੇ ਗੁਰਦੁਆਰਾ ਬਾਉਲੀ ਸਾਹਿਬ, ਗੁਰਦੁਆਰਾ ਬੀਬੀ ਦਮੋਦਰੀ ਜੀ, ਗੁਰਦੁਆਰਾ ਭਾਈ ਪਾਰੋ ਜੀ, ਗੁਰਦੁਆਰਾ ਭਾਈ ਲਾਲੋ ਜੀ, ਗੁਰਦੁਆਰਾ ਭਾਈ ਸਲਾਮਤ ਰਾਏ, ਤੇਈਏ ਤਾਪ ਦੀ ਕੋਠੜੀ ਆਦਿ ਸੁਸ਼ੋਭਿਤ ਹਨ।
ਗੁਰਦੁਆਰਾ ਹੱਟ ਸਾਹਿਬ : ਨਵਾਬ ਦੌਲਤ ਖ਼ਾਨ ਦੇ ਮੋਦੀਖ਼ਾਨੇ ਦੀ ਨੌਕਰੀ ਕਰਦਿਆਂ ਇਥੇ ਹੀ ਗੁਰੂ ਸਾਹਿਬ ਨੇ ‘ਤੇਰਾਂ-ਤੇਰਾਂ’ ਤੋਲਿਆ ਤੇ ਗ਼ਰੀਬ-ਗੁਰਬਿਆਂ ਨੂੰ ਪ੍ਰਭੂ ਸੰਸਾਰਕ ਵਸਤਾਂ ਦੇ ਨਾਲ-ਨਾਲ ਪ੍ਰਭੂ ਦੇ ਨਾਮ ਦੀ ਦੌਲਤ ਵੰਡੀ। ਅਨਾਜ ਤੋਲਣ ਲਈ ਵਰਤੇ ਜਾਂਦੇ ਗੁਰੂ ਸਾਹਿਬ ਦੇ ਦਸਤੇ-ਮੁਬਾਰਕ ਦੀ ਛੋਹ ਪ੍ਰਾਪਤ 14 ਵੱਟੇ ਅੱਜ ਵੀ ਇਸ ਗੁਰਦੁਆਰਾ ਸਾਹਿਬ ‘ਚ ਮੌਜੂਦ ਹਨ।
ਗੁਰਦੁਆਰਾ ਰਬਾਬਸਰ, ਪਿੰਡ ਭਰੋਆਣਾ : ਭਾਈ ਬਾਲੇ ਵਾਲੀ ਸਾਖੀ ਵਿਚ ਇਸ ਪਿੰਡ ਦਾ ਜ਼ਿਕਰ ਪਿੰਡ ‘ਆਸਕਪੁਰ’ ਦੇ ਨਾਂ ਨਾਲ ਆਇਆ ਹੈ। ਇਹ ਪਿੰਡ ਸੁਲਤਾਨਪੁਰ ਲੋਧੀ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਦਰਿਆ ਬਿਆਸ ਦੇ ਬੰਨ ਦੇ ਨੇੜੇ ਹੈ। ਪਹਿਲੀ ਉਦਾਸੀ ‘ਤੇ ਜਾਣ ਲੱਗਿਆਂ ਭਾਈ ਮਰਦਾਨਾ ਜੀ ਦੇ ਲਈ ਇਥੋਂ ਦੇ ਰਹਿਣ ਵਾਲੇ ਭਾਈ ਫ਼ਿਰੰਦੇ ਪਾਸੋਂ ਹੀ ਰਬਾਬ ਤਿਆਰ ਕਰਵਾਈ ਗਈ ਸੀ।
ਗੁਰਦੁਆਰਾ ਸਿਹਰਾ ਸਾਹਿਬ : ਇਹ ਅਸਥਾਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਹੈ।
ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਲਈ ਬਰਾਤ ਲੈ ਕੇ ਜਦ ਪਿੰਡ ਡੱਲੇ ਨੂੰ ਜਾ ਰਹੇ ਸਨ ਤਾਂ ਇਸ ਅਸਥਾਨ ‘ਤੇ ਠਹਿਰੇ ਸਨ।

Check Also

ਕਰੋਨਾ ਦੀ ਵੈਕਸੀਨ ਕੋਈ ਵੀ ਹੋਵੇ ਲਵਾਓ, ਸਭ ਫਾਇਦੇ ਮੰਦ ਹਨ

ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਬੀਤੇ ਸਾਲ ਤੋਂ ਚੱਲ ਰਹੀਕਰੋਨਾਦੀਬਿਮਾਰੀਕਾਰਨ, ਕਰੋਨਾਵਾਇਰਸ ਕੀ ਹੈ, …