ਸੰਨੀ ਨੇ ਹਾਈਕੋਰਟ ‘ਚ ਪਾਈ ਪਟੀਸ਼ਨ – ਗੁਰਦਾਸਪੁਰ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਨਿਆ ਜਾਵੇ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਗੁਰਦਾਸਪੁਰ ਲੋਕ ਸਭਾ ਹਲਕੇ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਨੇ ਜਾਣ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਗੁਰਦਾਸਪੁਰ ਹਲਕੇ ਵਿਚ ਵਾਧੂ ਫੋਰਸ ਲਗਾਈ ਜਾਵੇ ਅਤੇ ਨੀਮ ਫ਼ੌਜੀ ਦਸਤਿਆਂ ਦੀ ਨਿਗਰਾਨੀ ਹੇਠ ਚੋਣਾਂ ਕਰਵਾਈਆਂ ਜਾਣ। ਧਿਆਨ ਰਹੇ ਕਿ ਸੰਨੀ ਦਿਓਲ ਦਾ ਮੁਕਾਬਲਾ ਸੁਨੀਲ ਜਾਖੜ ਨਾਲ ਹੋਣਾ ਹੈ, ਜੋ ਕਿ ਬਹੁਤ ਹੀ ਦਿਲਚਸਪ ਰਹਿਣ ਦੀ ਸੰਭਾਵਨਾ ਹੈ।
ਸੰਨੀ ਦਿਓਲ ਨੇ ਮੰਨਿਆ ਕਿ ਉਨ੍ਹਾਂ ਨੂੰ ਸਿਆਸਤ ਬਾਰੇ ਕੁਝ ਨਹੀਂ ਪਤਾ ਪਰ ਫਿਰ ਵੀ ਉਹ ਜ਼ਰੂਰ ਜਿੱਤਣਗੇ। ਆਪਣੇ ਚੋਣ ਪ੍ਰਚਾਰ ਦੌਰਾਨ ਸੰਨੀ ਦਿਓਲ ਨੇ ਕਿਹਾ ਕਿ ਉਹ ਰਾਜਨੀਤੀ ਬਾਰੇ ਕੁਝ ਨਹੀਂ ਜਾਣਦੇ ਪਰ ਉਹ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਜਦੋਂ ਸੰਨੀ ਨੂੰ ਬਾਲਾਕੋਟ ਏਅਰ ਸਟਰਾਈਕ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਜ਼ਿਆਦਾ ਪਤਾ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਭਾਰਤ-ਪਾਕਿ ਰਿਸ਼ਤਿਆਂ ਬਾਰੇ ਜਾਣਕਾਰੀ ਹੈ।