-5.2 C
Toronto
Friday, December 26, 2025
spot_img
Homeਦੁਨੀਆਸ੍ਰੀਲੰਕਾ 'ਚ 7 ਫਿਦਾਈਨ ਹਮਲਾਵਰਾਂ ਨੇ ਕੀਤੇ ਸਨ ਧਮਾਕੇ

ਸ੍ਰੀਲੰਕਾ ‘ਚ 7 ਫਿਦਾਈਨ ਹਮਲਾਵਰਾਂ ਨੇ ਕੀਤੇ ਸਨ ਧਮਾਕੇ

6 ਭਾਰਤੀਆਂ ਸਮੇਤ ਮਰਨ ਵਾਲਿਆਂ ਗਿਣਤੀ 290 ਹੋਈ
ਕੋਲੰਬੋ/ਬਿਊਰੋ ਨਿਊਜ਼
ਸ੍ਰੀਲੰਕਾ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਚਰਚਾਂ ਅਤੇ ਹੋਟਲਾਂ ਵਿਚ ਹੋਏ ਲੜੀਵਾਰ ਧਮਾਕਿਆਂ ਵਿਚ 7 ਫਿਦਾਈਨ ਹਮਲਾਵਰ ਸ਼ਾਮਲ ਸਨ। ਧਮਾਕਿਆਂ ਵਿਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 290 ਤੱਕ ਪਹੁੰਚ ਗਈ ਹੈ ਅਤੇ 500 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਸ ਅੱਤਵਾਦੀ ਹਮਲੇ ਦੀ ਅੰਤਰਰਾਸ਼ਟਰੀ ਪੱਧਰ ‘ਤੇ ਨਿਖੇਧੀ ਹੋ ਰਹੀ ਹੈ। ਮ੍ਰਿਤਕਾਂ ਵਿਚ ਕਰਨਾਟਕ ਨਾਲ ਸਬੰਧਤ ਜਨਤਾ ਦਲ (ਐਸ) ਦੇ ਚਾਰ ਨੇਤਾਵਾਂ ਸਮੇਤ 6 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿਚ 33 ਵਿਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀ ਸਿਰੀਸੇਨਾ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅੱਜ ਵੀ ਕੋਲੰਬੋ ਦੇ ਬੱਸ ਅੱਡੇ ਤੋਂ ਪੁਲਿਸ ਵਲੋਂ 87 ਬੰਬ ਬਰਾਮਦ ਕੀਤੇ ਗਏ ਹਨ। ਇਨ੍ਹਾਂ ਧਮਾਕਿਆਂ ਦੇ ਪਿੱਛੇ ਸਥਾਨਕ ਕੱਟੜਪੰਥੀ ਮੁਸਲਿਮ ਸੰਗਠਨ ਨੈਸ਼ਨਲ ਤੌਹੀਦ ਜਮਾਤ ਦਾ ਹੱਥ ਮੰਨਿਆ ਜਾ ਰਿਹਾ ਹੈ, ਪਰ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ। ਸ੍ਰੀਲੰਕਾ ਸਰਕਾਰ ਵਿਚ ਮੰਤਰੀ ਰੰਜੀਤਾ ਸੇਨਾਰਤੇ ਨੇ ਦੱਸਿਆ ਕਿ ਧਮਾਕਿਆਂ ਵਿਚ ਸ਼ਾਮਲ ਸਾਰੇ ਫਿਦਾਈਨ ਹਮਲਾਵਰ ਸ੍ਰੀਲੰਕਾ ਦੇ ਨਾਗਰਿਕ ਸਨ। ਇਨ੍ਹਾਂ ਹਮਲਿਆਂ ਦੇ ਸਬੰਧ ‘ਚ 24 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ੍ਰੀਲੰਕਾ ‘ਚ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਸਖਤ ਨਿੰਦਾ ਕੀਤੀ ਹੈ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਗੱਲ ਕਰਕੇ ਦੁੱਖ ਵੀ ਜ਼ਾਹਰ ਕੀਤਾ ਹੈ।

RELATED ARTICLES
POPULAR POSTS