-4.6 C
Toronto
Wednesday, December 3, 2025
spot_img
Homeਭਾਰਤਮੁਸਲਮਾਨ ਭਾਈਚਾਰੇ ਨੂੰ ਵੋਟਾਂ ਦੀ ਅਪੀਲ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ 'ਚ...

ਮੁਸਲਮਾਨ ਭਾਈਚਾਰੇ ਨੂੰ ਵੋਟਾਂ ਦੀ ਅਪੀਲ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ‘ਚ ਫਸੇ ਸਿੱਧੂ

ਨਵਜੋਤ ਸਿੱਧੂ ਖਿਲਾਫ ਕੇਸ ਦਰਜ
ਕਟਿਹਾਰ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਮੁਸਲਮਾਨ ਭਾਈਚਾਰੇ ਨੂੰ ਇਕਜੁੱਟ ਹੋ ਕੇ ਵੋਟ ਦੇਣ ਦੀ ਕੀਤੀ ਅਪੀਲ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਧੂ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚ ਆਰ ਸ੍ਰੀਨਿਵਾਸ ਨੇ ਦੱਸਿਆ ਕਿ ਸਿੱਧੂ ਖਿਲਾਫ਼ ਧਾਰਾ 123(3) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਧਾਰਾ ਉਮੀਦਵਾਰਾਂ ਵੱਲੋਂ ਭਾਰਤੀ ਨਾਗਰਿਕਾਂ ਵਿੱਚ ਧਰਮ, ਜਾਤੀ, ਫਿਰਕੇ ਅਤੇ ਭਾਸ਼ਾ ਦੇ ਅਧਾਰ ‘ਤੇ ਨਫਰਤ ਅਤੇ ਦੁਸ਼ਮਣੀ ਦੀ ਭਾਵਨਾ ਵਧਾਉਣ ਦੀਆਂ ਕੋਸ਼ਿਸ਼ਾਂ ‘ਤੇ ਰੋਕ ਲਗਾਉਂਦੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਦੀ ਫਿਰਕੂ ਬਿਆਨਬਾਜ਼ੀ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ। ਸਿੱਧੂ ਨੇ ਕਾਂਗਰਸੀ ਉਮੀਦਵਾਰ ਤਾਰਿਕ ਅਨਵਰ ਦੇ ਪੱਖ ਵਿਚ ਮੁਸਲਿਮ ਬਹੁਗਿਣਤੀ ਵਾਲੇ ਕਟਿਹਾਰ ਵਿਚ ਕਰਵਾਈ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਮੁਸਲਮਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਵੰਡਿਆ ਜਾ ਰਿਹਾ ਹੈ। ਕਟਿਹਾਰ ਦੇ ਗੁਆਂਢੀ ਹਲਕੇ ਕਿਸ਼ਨਗੰਜ ਜਿੱਥੋਂ ਏਆਈਐਮਆਈਐਮ ਨੇ ਆਪਣਾ ਉਮੀਦਵਾਰ ਉਤਾਰਿਆ ਹੈ, ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਕਿਹਾ ਕਿ ਇੱਥੇ ਓਵੈਸੀ ਜਿਹੇ ਲੋਕਾਂ ਨੂੰ ਲਿਆ ਕੇ ਵਿਰੋਧੀ ਸਥਾਨਕ ਲੋਕਾਂ ਨੂੰ ਵੰਡ ਕੇ ਜਿੱਤਣਾ ਲੋਚਦੇ ਹਨ। ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਇੱਥੇ ਘੱਟਗਿਣਤੀ ਭਾਈਚਾਰਾ ਬਹੁਗਿਣਤੀ ਵਿਚ ਹੈ। ਉਨ੍ਹਾਂ ਕਿਹਾ ਕਿ ਜੇ ਸਾਰਿਆਂ ਨੇ ਇਕਜੁੱਟ ਹੋ ਕੇ ਵੋਟ ਪਾਈ ਤਾਂ ਸਭ ਪਲਟ ਜਾਵੇਗਾ।
ਭਾਜਪਾ ਦੇ ਸੂਬਾਈ ਆਗੂ ਦੇਵੇਸ਼ ਕੁਮਾਰ ਨੇ ਕਿਹਾ ਕਿ ਉਹ ਸਿੱਧੂ ਵੱਲੋਂ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਕਾਂਗਰਸ ਦੀ ਘੱਟਗਿਣਤੀਆਂ ਨੂੰ ਭਰਮਾਉਣ ਦੀ ਨੀਤੀ ਨੂੰ ਬੇਨਕਾਬ ਕਰਦੀਆਂ ਹਨ ਤੇ ਪਾਰਟੀ ਹਾਰ ਤੋਂ ਬਚਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੰਡਪਾਊ ਹੈ। ਜਦਕਿ ਭਾਜਪਾ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ। ਭਾਜਪਾ ਨੇ ਸਿੱਧੂ ਦੀਆਂ ਟਿੱਪਣੀਆਂ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੋਲ ਜਾਣ ਬਾਰੇ ਵੀ ਕਿਹਾ ਹੈ।

RELATED ARTICLES
POPULAR POSTS