Breaking News
Home / ਭਾਰਤ / ਕੇਂਦਰ ਸਰਕਾਰ ਦਾ ਗਣਤੰਤਰ ਦਿਵਸ ਦੀ ਪੂਰਵਲੀ ਸ਼ਾਮ ਨੂੰ ਵੱਡਾ ਫੈਸਲਾ

ਕੇਂਦਰ ਸਰਕਾਰ ਦਾ ਗਣਤੰਤਰ ਦਿਵਸ ਦੀ ਪੂਰਵਲੀ ਸ਼ਾਮ ਨੂੰ ਵੱਡਾ ਫੈਸਲਾ

ਮੁਖਰਜੀ, ਨਾਨਾਜੀ ਦੇਸ਼ਮੁੱਖ ਤੇ ਹਜ਼ਾਰਿਕਾ ਨੂੰ ਭਾਰਤ ਰਤਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਆਗੂ ਪ੍ਰਣਬ ਮੁਖਰਜੀ, ਭਾਰਤੀ ਜਨਸੰਘ ਆਗੂ ਨਾਨਾਜੀ ਦੇਸ਼ਮੁਖ ਅਤੇ ਉੱਘੇ ਗਾਇਕ ਭੁਪੇਨ ਹਜ਼ਾਰਿਕਾ ਨੂੰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਦੇਸ਼ਮੁਖ ਅਤੇ ਹਜ਼ਾਰਿਕਾ ਨੂੰ ਮਰਨ ਉਪਰੰਤ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਮੁਖਰਜੀ 2012 ਤੋਂ 2017 ਵਿਚਕਾਰ ਰਾਸ਼ਟਰਪਤੀ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਖਰਜੀ ਨੇ ਵਰ੍ਹਿਆਂ ਬੱਧੀ ਬਿਨਾ ਸੁਆਰਥ ਦੇਸ਼ ਦੀ ਸੇਵਾ ਕੀਤੀ ਹੈ ਤੇ ਉਹ ਇਕ ਬੇਹੱਦ ਕੁਸ਼ਲ ਆਗੂ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੇਂਡੂ ਵਿਕਾਸ ਵਿਚ ਨਾਨਾਜੀ ਦੇਸ਼ਮੁਖ ਦਾ ਯੋਗਦਾਨ ਮਿਸਾਲੀ ਹੈ। ਉਨ੍ਹਾਂ ਕਿਹਾ ਕਿ ਦੇਸ਼ਮੁਖ ਨੇ ਹਮੇਸ਼ਾ ਲਤਾੜੇ ਹੋਇਆਂ ਦੀ ਭਲਾਈ ਲਈ ਕੰਮ ਕੀਤਾ। ਭੁਪੇਨ ਹਜ਼ਾਰਿਕਾ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੀਤ ਪੀੜ੍ਹੀ-ਦਰ-ਪੀੜ੍ਹੀ ਪਸੰਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਜ਼ਾਰਿਕਾ ਨੇ ਭਾਰਤੀ ਸੰਗੀਤ ਨੂੰ ਕੌਮਾਂਤਰੀ ਮੰਚ ‘ਤੇ ਪਛਾਣ ਦਿਵਾਈ।

ਪੰਜਾਬ ਦੇ 13 ਫਾਇਰਮੈਨਾਂ ਨੂੰ ਰਾਸ਼ਟਰਪਤੀ ਬਹਾਦਰੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਚੰਡੀਗੜ੍ਹ : ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਦੋ ਵਰ੍ਹੇ ਪਹਿਲਾਂ ਫੈਕਟਰੀ ਵਿੱਚ ਅੱਗ ਲੱਗਣ ਕਰਕੇ ਜਾਨਾਂ ਦਾਅ ‘ਤੇ ਲਾ ਕੇ ਮੌਤ ਦੇ ਮੂੰਹ ਵਿਚ ਜਾਣ ਵਾਲੇ 9 ਅਤੇ ਜ਼ਖ਼ਮੀ ਹੋਣ ਵਾਲੇ 4 ਫਾਇਰਮੈਨਾਂ ਨੂੰ ‘ਬਹਾਦਰੀ ਪੁਰਸਕਾਰ’ (ਰਾਸ਼ਟਰਪਤੀ ਗਲੈਂਟਰੀ ਐਵਾਰਡ) ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਇਹ ਖ਼ੁਲਾਸਾ ਕਰਦਿਆਂ ਦੱਸਿਆ ਕਿ ਆਜ਼ਾਦ ਮੁਲਕ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਜਦੋਂ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਕਿਸੇ ਵਿਅਕਤੀ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ ਹੋਵੇ ਜਾਂ ਜ਼ਖ਼ਮੀ ਹੋ ਗਿਆ ਹੋਵੇ। ਉਨ੍ਹਾਂ ਦੱਸਿਆ ਕਿ 20 ਨਵੰਬਰ 2017 ਨੂੰ ਵਾਪਰੇ ਹਾਦਸੇ ਦੌਰਾਨ ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਲੋੜੀਂਦੇ ਸਾਧਨਾਂ ਤੋਂ ਅੱਗ ਵਿੱਚ ਕੁੱਦ ਕੇ ਫਸੇ ਲੋਕਾਂ ਦੀਆਂ ਜਾਨਾਂ ਬਚਾਈਆਂ ਪਰ ਆਪਣਾ ਜੀਵਨ ਦਾਅ ‘ਤੇ ਲਾ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੀਆਂ ਕੁਰਬਾਨੀਆਂ ਤੇ ਬਹਾਦਰੀ ਨੂੰ ਦੇਖਦਿਆਂ ਵਿਭਾਗ ਤੇ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਬਹਾਦਰੀ ਪੁਰਸਕਾਰ ਦੇਣ ਲਈ ਕਿਹਾ ਗਿਆ ਸੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …