Breaking News
Home / ਪੰਜਾਬ / ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਹਿਮ ਫੈਸਲੇ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿਚ ਅਹਿਮ ਫੈਸਲੇ

ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਦੇ ਗਠਨ ਨੂੰ ਹਰੀ ਝੰਡੀ
ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਵਿਸ਼ੇਸ਼ ਮਤੇ ਰਾਹੀਂ ਸਵਾਗਤ ੲ ਮਤੇ ‘ਚੋਂ ਸਿੱਧੂ ਦੇ ਯਤਨਾਂ ਦਾ ਜ਼ਿਕਰ ਗਾਇਬ
ਹਲਵਾਰਾ ‘ਚ ਕੌਮਾਂਤਰੀ ਹਵਾਈ ਅੱਡਾ ਸਥਾਪਤ ਕਰਨ ਨੂੰ ਪ੍ਰਵਾਨਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਜ਼ਾਰਤ ਨੇ ਅਹਿਮ ਫ਼ੈਸਲੇ ਕਰਦਿਆਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਿਟੀ ਬਣਾਉਣ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀਸੀਸੀਬੀ) ਦੇ ਪੰਜਾਬ ਰਾਜ ਸਹਿਕਾਰੀ ਬੈਂਕ (ਪੀਐੱਸਸੀਬੀ) ਵਿਚ ਰਲੇਵੇਂ ਨੂੰ ਹਰੀ ਝੰਡੀ ਦੇਣ ਤੇ ਹਲਵਾਰਾ ਫੌਜੀ ਅੱਡੇ ਦੇ ਨਾਲ ਕੌਮਾਂਤਰੀ ਹਵਾਈ ਅੱਡਾ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਜ਼ਾਰਤ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਚਰਚਾ ਨਹੀਂ ਕੀਤੀ ਕਿਉਂਕਿ ਪੰਜਾਬ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਸਿੱਧੂ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਦਖਲ ਦਿੱਤਾ ਸੀ ਤੇ ਇਸ ਸਬੰਧੀ ਕੈਬਨਿਟ ਮੰਤਰੀ ਨੇ ਟਵੀਟ ਕਰਕੇ ਕਹਿ ਦਿੱਤਾ ਸੀ ਕਿ ਕੈਪਟਨ ਉਨ੍ਹਾਂ ਦੇ ਪਿਤਾ ਸਮਾਨ ਹਨ ਤੇ ਉਹ ਕੈਪਟਨ ਨੂੰ ਮਿਲ ਕੇ ਇਸ ਮਾਮਲੇ ਨੂੰ ਖੁਦ ਹੀ ਹੱਲ ਕਰ ਲੈਣਗੇ।
ਪੰਜਾਬ ਵਜ਼ਾਰਤ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੇ ਇਸ ਦੇ ਆਲੇ-ਦੁਆਲੇ ਦੇ ਵਿਕਾਸ ਤੇ ਸੁੰਦਰੀਕਰਨ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਸਥਾਪਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਦਮ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਵਿਸ਼ੇਸ਼ ਮਤੇ ਰਾਹੀਂ ਸਵਾਗਤ ਕੀਤਾ ਗਿਆ ਹੈ ਤੇ ਇਸ ਨੂੰ ਇਤਿਹਾਸਕ ਕਦਮ ਦੱਸਿਆ ਗਿਆ। ਵਜ਼ਾਰਤ ਨੇ ਨੋਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਲਾਂਘਾ ਖੋਲ੍ਹਣ ਦੇ ਫ਼ੈਸਲੇ ਨੂੰ ਬੂਰ ਪਿਆ ਹੈ ਪਰ ਇਸ ਵਿਚ ਕੈਬਨਿਟ ਮੰਤਰੀ ਸਿੱਧੂ ਦੇ ਯਤਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਵਜ਼ਾਰਤ ਨੇ ਜ਼ਿਲ੍ਹਾ ਪੱਧਰੀ ਸਹਿਕਾਰੀ ਬੈਂਕਾਂ ਦੇ ਪੀਐੱਸਸੀਬੀ ਵਿੱਚ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਪੀਐੱਸਸੀਬੀ ਹੁਣ ਇਕ ਵੱਡੀ ਬੈਂਕ ਬਣ ਜਾਵੇਗੀ। ਇਸ ਨਾਲ ਪੀਐੱਸਸੀਬੀ ਲਈ ਦਿਹਾਤੀ ਕਰਜ਼ੇ ਦੇ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਸਤੇ ਰਾਹ ਪੱਧਰਾ ਹੋ ਗਿਆ ਹੈ। ਇਹ ਫੈਸਲਾ ਆਰਬੀਆਈ ਦੇ ਦਿਸ਼ਾ ਨਿਰਦੇਸ਼ ਹੇਠ ਲਿਆ ਗਿਆ ਹੈ। ਇਸ ਨਾਲ ਸਹਿਕਾਰੀ ਬੈਂਕਾਂ ਨੂੰ ਆਪਣਾ ਕਾਰੋਬਾਰ ਵਧਾਉਣ ਦੀ ਇਜਾਜ਼ਤ ਮਿਲੇਗੀ ਤੇ ਇਸ ਨਾਲ ਬੈਂਕ ਦਾ ਲਾਭ ਵਧੇਗਾ। ਵਜ਼ਾਰਤ ਨੇ ਉਦਯੋਗਿਕ ਅਤੇ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਜ਼ਿਲ੍ਹਾ ਲੁਧਿਆਣਾ ਦੇ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਚ ਨਵਾਂ ਅੰਤਰਰਾਸ਼ਟਰੀ ਸਿਵਲ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਵਜ਼ਾਰਤ ਨੇ ਏਅਰਪੋਰਟਸ ਅਥਾਰਟੀ ਆਫ ਇੰਡੀਆ (ਏਏਆਈ) ਨਾਲ ਸਮਝੌਤਾ ਸਹੀਬੰਦ (ਐਮਓਯੂ) ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਸਿਵਲ ਟਰਮੀਨਲ ਦਾ ਨਿਰਮਾਣ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਕੀਤਾ ਜਾਵੇਗਾ। ਇਸ ਪ੍ਰਾਜੈਕਟ ਵਿਚ 51 ਫੀਸਦ ਹਿੱਸੇਦਾਰੀ ਏਅਰਪੋਰਟਸ ਅਥਾਰਟੀ ਆਫ ਇੰਡੀਆ ਅਤੇ 49 ਫੀਸਦ ਹਿੱਸੇਦਾਰੀ ਪੰਜਾਬ ਸਰਕਾਰ ਦੀ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀ ਹੋਵੇਗੀ। ਪੰਜਾਬ ਸਰਕਾਰ ਵੱਲੋਂ 135.54 ਏਕੜ ਜ਼ਮੀਨ ਦਿੱਤੀ ਜਾਵੇਗੀ।
ਇਸ ਦੌਰਾਨ ਵਜ਼ਾਰਤ ਨੇ ਸੂਬੇ ਦੇ ਸਾਰੇ ਈਐੱਸਆਈ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਡਾਕਟਰਾਂ ਅਤੇ ਪੈਰਾਮੈਡਿਕਸ ਦੀਆਂ 185 ਆਸਾਮੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਡਾਕਟਰਾਂ ਦੀਆਂ 55 ਅਤੇ ਪੈਰਾਮੈਡਿਕਸ ਦੀਆਂ 130 ਆਸਾਮੀਆਂ ਭਰਨ ਦਾ ਰਾਹ ਪੱਧਰਾ ਹੋ ਗਿਆ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵਜ਼ਾਰਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਪੰਜਾਬ ਜਲ ਸਰੋਤ ਬਿੱਲ 2018 ਦਾ ਖਰੜਾ ਪ੍ਰਵਾਨ : ਪੰਜਾਬ ਵਜ਼ਾਰਤ ਨੇ ਪੰਜਾਬ ਜਲ ਸਰੋਤ (ਮੈਨੇਜਮੈਂਟ ਅਤੇ ਰੈਗੂਲੇਸ਼ਨ) ਬਿੱਲ-2018 ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਉਦੇਸ਼ ਸੂਬੇ ਦੇ ਜਲ ਸਰੋਤਾਂ ਦੀ ਵਰਤੋਂ ਅਤੇ ਪ੍ਰਬੰਧ ਨੂੰ ਸਮਝਦਾਰੀ, ਢੁੱਕਵੇਂ ਅਤੇ ਤਰਕਸੰਗਤ ਢੰਗ ਨਾਲ ਯਕੀਨੀ ਬਨਾਉਣਾ ਹੈ। ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀਡਬਲਯੂਆਰਡੀਏ) ਦਾ ਇਕ ਚੇਅਰਮੈਨ ਅਤੇ ਦੋ ਮੈਂਬਰ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣਗੇ। ਅਥਾਰਟੀ ਕੋਲ ਪੀਣ ਵਾਲੇ, ਘਰੇਲੂ, ਵਪਾਰਕ ਜਾਂ ਉਦਯੋਗਿਕ ਵਰਤੋਂ ਲਈ ਪਾਣੀ ਦੀ ਸਪਲਾਈ ਲਈ ਦਰਾਂ ਸਬੰਧੀ ਨਿਰਦੇਸ਼ ਜਾਰੀ ਕਰਨ ਦਾ ਵੀ ਅਧਿਕਾਰ ਹੋਵੇਗਾ। ਬਿੱਲ ਦੇ ਖਰੜੇ ਅਨੁਸਾਰ ਸੂਬਾ ਸਰਕਾਰ ਵੱਲੋਂ ਸਲਾਹਕਾਰ ਕਮੇਟੀ ਗਠਿਤ ਕੀਤੀ ਜਾਵੇਗੀ ਜਿਸ ਦੀ ਅਗਵਾਈ ਚੇਅਰਮੈਨ ਕਰੇਗਾ।
ਇਸ ‘ਚ ਮਾਹਿਰ ਅਤੇ ਵੱਖ-ਵੱਖ ਵਿਭਾਗਾਂ ਤੋਂ ਐਕਸ ਆਫਿਸ਼ਿਓ ਮੈਂਬਰ ਲਏ ਜਾਣਗੇ ਤੇ ਅਥਾਰਟੀ ਲੋੜ ਅਨੁਸਾਰ ਆਪਣੇ ਪੱਧਰ ‘ਤੇ ਹੋਰ ਮਾਹਿਰ ਵੀ ਸ਼ਾਮਲ ਕਰ ਸਕਦੀ ਹੈ। ਇਸ ਅਥਾਰਟੀ ਕੋਲ ਵੱਖਰਾ ਫੰਡ ਹੋਵੇਗਾ, ਜਿਸ ਵਿੱਚ ਗ੍ਰਾਂਟਾਂ, ਕਰਜ਼ੇ ਪੰਜਾਬ ਸਰਕਾਰ ਵੱਲੋਂ ਜਮ੍ਹਾਂ ਕਰਵਾਏ ਜਾਣਗੇ।
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 13 ਤੋਂઠ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਵਜ਼ਾਰਤ ਦੀ ਮੀਟਿੰਗ ਵਿਚ 13 ਤੋਂ 15 ਦਸੰਬਰ ਤੱਕ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸੱਦਣ ਦਾ ਫ਼ੈਸਲਾ ਕੀਤਾ ਹੈ। ਇਜਲਾਸ 13 ਦਸੰਬਰ ਨੂੰ ਬਾਅਦ ਦੁਪਹਿਰ ਸ਼ੁਰੂ ਹੋਵੇਗਾ। 14 ਦਸੰਬਰ ਨੂੰ ਸਵੇਰੇ ਅਤੇ ਸ਼ਾਮ ਦੇ ਸੈਸ਼ਨਾਂ ਦੌਰਾਨ ਵਿਧਾਨਕ ਕੰਮਕਾਜ ਹੋਵੇਗਾ। 15 ਦਸੰਬਰ ਨੂੰ ਪ੍ਰਸਤਾਵਿਤ ਵਿਧਾਨਕ ਕੰਮਕਾਜ ਤੋਂ ਬਾਅਦ ਸਦਨ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਜਾਵੇਗਾ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …