ਪੀਜੀਆਈ ਵੱਲੋਂ ਕਰਵਾਏ ਸਰਵੇਖਣ ਵਿੱਚ ਹੋਇਆ ਖ਼ੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼
ਪੀਜੀਆਈ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ 40 ਤੋਂ 50 ਸਾਲ ਦੀ ਉਮਰ ਦੇ ਸੱਠ ਫ਼ੀਸਦ ਪੰਜਾਬੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਦੀ 42 ਪ੍ਰਤੀਸ਼ਤ ਆਬਾਦੀ ਦਾ ਬਲੱਡ ਪ੍ਰੈਸ਼ਰ ਵੱਧ ਰਹਿੰਦਾ ਹੈ। ਪੰਜਾਬੀਆਂ ਨੂੰ ਸ਼ਰਾਬ ਅਤੇ ਤੰਬਾਕੂ ਦੀ ਲਤ ਤੇਜ਼ੀ ਨਾਲ ਨਿਗਲਣ ਲੱਗੀ ਹੈ। ਸਤਾਈ ਫ਼ੀਸਦ ਪੰਜਾਬੀ ਸ਼ਰਾਬ ਪੀਣ ਅਤੇ 13 ਪ੍ਰਤੀਸ਼ਤ ਤੰਬਾਕੂ ਖਾਣ ਦੇ ਆਦੀ ਹਨ। ਸਰਵੇਖਣ ਵਿੱਚ ਹੋਰ ਵੀ ਅਹਿਮ ਅਤੇ ਚਿੰਤਾਜਨਕ ਖ਼ੁਲਾਸੇ ਹੋਏ ਹਨ।
ਪੀ.ਜੀ.ਆਈ. ਵੱਲੋਂ ਜੂਨ 2014 ਤੋਂ ਅਗਸਤ 2015 ਦੌਰਾਨ ਇਹ ਸਰਵੇਖਣ ਕਰਵਾਇਆ ਗਿਆ ਸੀ ਅਤੇ ਇਸ ਵਿੱਚ 18 ਤੋਂ 70 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਜਾਣਕਾਰੀ ਲਈ ਗਈ ਸੀ। ਸਰਵੇਖਣ ਵਿੱਚ 40 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਰਿਪਰੋਟ ਅਨੁਸਾਰ 96 ਫ਼ੀਸਦ ਅਜਿਹੇ ਲੋਕ ਹਨ ਜਿਨ੍ਹਾਂ ਨੇ ਕਦੇ ਫਲ ਖਾਣ ਦੀ ਜ਼ਰੂਰਤ ਨਹੀਂ ਸਮਝੀ ਹੈ ਅਤੇ ਸ਼ਰਾਬ ਪੀਣ ਨੂੰ ਪਹਿਲ ਦਿੰਦੇ ਹਨ।
ਉੱਨੀ ਫ਼ੀਸਦ ਪੰਜਾਬੀ ਹਰਰੋਜ਼ ਰੱਜ ਕੇ ਸ਼ਰਾਬ ਪੀਂਦੇ ਹਨ। ਇਨ੍ਹਾਂ ਲੋਕਾਂ ਨੂੰ ਕਸਰਤ ਕਰਨ ਦੀ ਆਦਤ ਨਹੀਂ ਹੈ, ਜਿਸ ਕਰਕੇ ਮੋਟਾਪੇ ਦਾ ਵੀ ਸ਼ਿਕਾਰ ਹੋ ਰਹੇ ਹਨ। 41 ਪ੍ਰਤੀਸ਼ਤ ਦਾ ਭਾਰ ਆਮ ਨਾਲੋਂ ਕਾਫ਼ੀ ਵਧੇਰੇ ਹੈ ਜਦੋਂਕਿ ਇਨ੍ਹਾਂ ਵਿੱਚੋਂ ਅੱਸੀ ਫ਼ੀਸਦ ਤਾਂ ਓਵਰਵੇਟ ਹਨ। ਇਸੇ ਕਰਕੇ 14 ਪ੍ਰਤੀਸ਼ਤ ਸ਼ੱਕਰ ਰੋਗ ਦਾ ਸ਼ਿਕਾਰ ਹਨ ਜਦੋਂਕਿ 36 ਪ੍ਰਤੀਸ਼ਤ ਨੇ ਬਲੱਡ ਪ੍ਰੈਸ਼ਰ ਚੈੱਕ ਨਹੀਂ ਕਰਾਇਆ ਹੈ। ਸਰਵੇਖਣ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬੀ ਲੋਕ ਲੈਬਾਰਟਰੀ ਟੈਸਟਾਂ ਜਾਂ ਰੁਟੀਨ ਡਾਕਟਰੀ ਜਾਂਚ ‘ਤੇ ਪੈਸੇ ਖ਼ਰਚ ਕਰਕੇ ਖ਼ੁਸ਼ ਨਹੀਂ ਹਨ। ਸਰਵੇਖਣ ਵਿੱਚ ਸ਼ਾਮਲ ਕੀਤੇ ਲੋਕਾਂ ਵਿੱਚ ਕੇਵਲ 1.2 ਪ੍ਰਤੀਸ਼ਤ ਲੋਕ ਅਜਿਹੇ ਪਾਏ ਗਏ ਹਨ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਨਿਕਲੀ ਹੈ। ਤੰਦਰੁਸਤਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਵਧੇਰੇ ਹੈ। ਰਿਪੋਰਟ ਵਿੱਚ ਚੰਡੀਗੜ੍ਹ ਦਾ ਵੀ ਜ਼ਿਕਰ ਕੀਤਾ ਗਿਆ ਹੈ। 40 ਫ਼ੀਸਦ ਚੰਡੀਗੜ੍ਹੀਏ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ ਅਤੇ 63 ਫ਼ੀਸਦ ਦਾ ਭਾਰ ਆਮ ਨਾਲੋਂ ਵਧੇਰੇ ਹੈ। ਸਰਵੇਖਣ ਮੁਤਾਬਿਕ 22 ਫ਼ੀਸਦ ਪੰਜਾਬੀਆਂ ਨੂੰ ਤੰਬਾਕੂ ਖਾਣ ਦੀ ਆਦਤ ਹੈ ਪਰ ਇਨ੍ਹਾਂ ਵਿੱਚੋਂ 13 ਪ੍ਰਤੀਸ਼ਤ ਤਾਂ ਅਮਲੀ ਬਣ ਗਏ ਹਨ। ਤੰਬਾਕੂ ਦਾ ਸੇਵਨ ਕਰਨ ਵਾਲਿਆਂ ਵਿਚੋਂ ਪੰਜ ਫ਼ੀਸਦ ਸਿਗਰਟ ਪੀ ਰਹੇ ਹਨ ਅਤੇ ਧੂੰਆਂ ਰਹਿਤ ਤੰਬਾਕੂ ਦਾ ਸੇਵਨ ਨੌਂ ਫ਼ੀਸਦੀ ਕਰਦੇ ਹਨ। ਪੰਜਾਬ ਦੀ 27 ਫ਼ੀਸਦ ਆਬਾਦੀ ਨੂੰ ਸ਼ਰਾਬੀ ਦਾ ਨਾਂ ਦਿੱਤਾ ਜਾ ਸਕਦਾ ਹੈ।
ਇਸ ਦੇ ਉਲਟ ਪੰਜਾਬੀ ਫਲਾਂ ਅਤੇ ਸਬਜ਼ੀਆਂ ਖਰੀਦਣ ਵਿੱਚ ਕੰਜੂਸ ਹਨ। ਔਸਤਨ 95.3 ਪ੍ਰਤੀਸ਼ਤ ਫ਼ਲ ਖਾਣ ਦੀ ਲੋੜ ਨਹੀਂ ਸਮਝਦੇ ਹਨ। ਪੁਰਸ਼ਾਂ ਦੇ ਮੁਕਾਬਲੇ ਔਰਤਾਂ ਫ਼ਲ ਘੱਟ ਖਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ 60.2 ਫ਼ੀਸਦ ਪੰਜਾਬੀ ਸਰੀਰਕ ਕਸਰਤ ਨਹੀਂ ਕਰ ਰਹੇ ਹਨ।
ਸਰਵੇਖਣ ਵਿੱਚ ਸ਼ਾਮਲ ਲੋਕਾਂ ਦੀ ਲੰਬਾਈ, ਭਾਰ ਅਤੇ ਬਲੱਡ ਪ੍ਰੈਸ਼ਰ ਵੀ ਨੋਟ ਕੀਤਾ ਗਿਆ ਸੀ। ਦਿਲ ਦੀਆਂ ਬਿਮਾਰੀਆਂ ਤੋਂ 6.7 ਪ੍ਰਤੀਸ਼ਤ ਲੋਕ ਪੀੜਤ ਹਨ। ਦਿਲ ਦੇ ਮਰੀਜ਼ਾਂ ਵਿੱਚ 7.1 ਪੁਰਸ਼ ਅਤੇ 7.7 ਮਹਿਲਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਲੋਕਾਂ ਦੇ ਕਲਿਸਟਰੌਲ , ਜਿਗਰ ਅਤੇ ਗੁਰਦਿਆਂ ਆਦਿ ਦੇ ਲੈਬਾਰਟਰੀ ਟੈਸਟ ਵੀ ਕੀਤੇ ਗਏ ਹਨ। ਕੁੱਲ ਮੌਤਾਂ ਵਿੱਚੋਂ 61 ਫ਼ੀਸਦ ਅਛੂਤ ਦੀਆਂ ਬਿਮਾਰੀਆਂ ਨਾਲ ਮਰ ਰਹੇ ਹਨ, ਇਸੇ ਕਰਕੇ ਹਥਲੇ ਸਰਵੇਖਣ ਨੂੰ ਵੱਖਰਾ ਅਤੇ ਵਧੇਰੇ ਭਰੋਸੇਯੋਗ ਮੰਨਿਆ ਜਾ ਰਿਹਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …