-5.7 C
Toronto
Monday, December 8, 2025
spot_img
Homeਪੰਜਾਬਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਸ਼ਮਸ਼ੇਰ ਦੂਲੋ ਦੇ ਬਦਲੇ ਤੇਵਰ

ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਸ਼ਮਸ਼ੇਰ ਦੂਲੋ ਦੇ ਬਦਲੇ ਤੇਵਰ

ਕਿਹਾ- ਸਰਕਾਰ ਦਾ ਸਿਰਫ ਮਖੌਟਾ ਬਦਲਿਆ, ਮਾਫੀਆ ਰਾਜ ਕਾਇਮ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਤੋਂ ਬਾਅਦ ਹੁਣ ਪਾਰਟੀ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਵੀ ਚੰਨੀ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਦੂਲੋ ਨੇ ਕਿਹਾ ਕਿ ਸੂਬੇ ‘ਚ ਅੱਜ ਵੀ ਨਸ਼ਾ ਵਿਕ ਰਿਹਾ ਹੈ ਅਤੇ ਇਸ ਕਾਰਨ ਬੱਚੇ ਮਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਨਸ਼ਾ ਵਿਕ ਰਿਹਾ ਹੈ, ਸਰਕਾਰ ਇਸ ਮਾਮਲੇ ਵਿੱਚ ਕੰਮ ਕਿਉਂ ਨਹੀਂ ਕਰ ਰਹੀ?
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਤੇ ਦੂਲੋ ਦੀ ਮੁਲਾਕਾਤ ਹੋਈ ਸੀ। ਦੂਲੋ ਨੂੰ ਮਿਲਣ ਸਿੱਧੂ ਖੁਦ ਉਨ੍ਹਾਂ ਦੇ ਘਰ ਪਹੁੰਚੇ ਸਨ। ਦੂਲੋ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਛੱਤੀ ਦਾ ਅੰਕੜਾ ਸੀ, ਪਰ ਕੁਝ ਸਮੇਂ ਤੋਂ ਉਹ ਚੁੱਪ ਬੈਠੇ ਸਨ। ਹੁਣ ਅਚਾਨਕ ਸਿੱਧੂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਚੰਨੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ-ਦੂਲੋ ਦੀ ਮੁਲਾਕਾਤ ਤੋਂ ਬਾਅਦ ਸੂਬਾ ਕਾਂਗਰਸ ‘ਚ ਨਵੇਂ ਸਮੀਕਰਨ ਸਾਹਮਣੇ ਆ ਸਕਦੇ ਹਨ।
ਦੂਲੋ ਨੇ ਕਿਹਾ ਕਿ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਸਰਕਾਰ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਤੋਂ ਬਾਅਦ ਵੀ ਸਿਸਟਮ ‘ਚ ਸੁਧਾਰ ਨਹੀਂ ਹੋਇਆ। ਸਿਰਫ ਸਰਕਾਰ ਦਾ ਮੁਖੌਟਾ ਬਦਲਿਆ ਹੈ, ਮਾਫੀਆ ਰਾਜ ਅਜੇ ਵੀ ਕਾਇਮ ਹੈ। ਦੂਲੋ ਨੇ ਕਿਹਾ ਕਿ ਉਹ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਿਲ ਚੁੱਕੇ ਹਨ, ਪਰ ਕੁਝ ਨਹੀਂ ਹੋਇਆ। 100 ਦਿਨ ਇੰਤਜ਼ਾਰ ਕੀਤਾ, ਪਰ ਹੁਣ ਉਨ੍ਹਾਂ ਨੂੰ ਬੋਲਣਾ ਪਵੇਗਾ।
ਦੂਲੋ ਨੇ ਕਿਹਾ ਕਿ ਸੂਬੇ ‘ਚ ਸ਼ਰਾਬ ਮਾਫੀਆ ਵੀ ਸਰਗਰਮ ਹੈ। ਡੇਢ ਸਾਲ ਪਹਿਲਾਂ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ‘ਚ ਅੱਜ ਤਕ ਕਿਸੇ ਵੀ ਡਿਸਟਿਲਰੀ ਦੇ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਨ੍ਹਾਂ ਖੇਤਰਾਂ ‘ਚ ਇਹ ਡਿਸਟਿਲਰੀ ਚੱਲ ਰਹੀ ਹੈ, ਉਥੇ ਐਸਐਸਪੀ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਸਬੰਧਾਂ ਅਤੇ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਨਾਜਾਇਜ਼ ਸ਼ਰਾਬ ਫੈਕਟਰੀਆਂ ਕਿਸ ਦੀ ਸੁਰੱਖਿਆ ਹੇਠ ਚੱਲ ਰਹੀਆਂ ਹਨ। ਉਨ੍ਹਾਂ ਵਜ਼ੀਫ਼ਾ ਘੁਟਾਲੇ ਦੇ ਮਾਮਲੇ ਵਿੱਚ ਪ੍ਰਾਈਵੇਟ ਕਾਲਜਾਂ ਖਿਲਾਫ ਕਾਰਵਾਈ ਨਾ ਹੋਣ ‘ਤੇ ਵੀ ਸਵਾਲ ਉਠਾਏ।

 

RELATED ARTICLES
POPULAR POSTS