ਕਿਹਾ-ਡਿਊਟੀ ‘ਤੇ ਆ ਜਾਓ, ਨਹੀਂ ਤਾਂ ਨੌਕਰੀ ਤੋਂ ਕੱਢ ਦਿਆਂਗੇ
ਚੰਡੀਗੜ੍ਹ/ਬਿਊਰ ੋਨਿਊਜ਼
ਕੈਪਟਨ ਸਰਕਾਰ ਦੇ ਮੰਤਰੀ ਹੁਣ ਸਰਕਾਰੀ ਨੌਕਰੀਆਂ ‘ਤੇ ਲੱਗੇ ਹੋਏ ਵਿਅਕਤੀਆਂ ਦੀਆਂ ਨੌਕਰੀਆਂ ਖੋਹ ਕੇ ਉਹਨਾਂ ਨੂੰ ਘਰੀ ਬਿਠਾਉਣ ਦੀ ਤਿਆਰੀ ਵਿੱਚ ਹਨ। ਇਸੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਹੜਤਾਲੀ ਅਧਿਆਪਕਾਂ ਨੂੰ ਧਮਕਾਉਂਦਿਆਂ ਕਿਹਾ ਹੈ ਕਿ ਚੁੱਪ ਕਰਕੇ ਡਿਊਟੀ ‘ਤੇ ਆ ਜਾਓ, ਨਹੀਂ ਤਾਂ ਅਸੀਂ ਨੌਕਰੀਓਂ ਕੱਢਣ ਲੱਗਿਆਂ ਇਕ ਮਿੰਟ ਨਹੀਂ ਲਾਵਾਂਗੇ ।
ਓ ਪੀ ਸੋਨੀ ਨੇ ਜਿਥੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ, ਉਥੇ ਨਾਲ ਹੀ ਸਰਕਾਰੀ ਅਧਿਆਪਕਾਂ ਨੂੰ ਵੀ ਸਬਕ ਲੈਣ ਦੀ ਨਸੀਹਤ ਦਿੱਤੀ। ਸੋਨੀ ਨੇ ਦਾਅਵਾ ਕੀਤਾ ਕਿ 99 ਫ਼ੀਸਦੀ ਸਰਕਾਰੀ ਅਧਿਆਪਕ ਸਿੱਖਿਆ ਵਿਭਾਗ ਦੀਆਂ ਨੀਤੀਆਂ ਨਾਲ ਸਹਿਮਤ ਹਨ ਤੇ ਜਿਹੜੇ ਇਕ ਫ਼ੀਸਦੀ ਸਹਿਮਤ ਨਹੀਂ ਹਨ, ਉਹਨਾਂ ਨੂੰ ਵੀ ਸਹਿਮਤ ਕਰ ਲਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਜੇਕਰ ਫਿਰ ਵੀ ਹੜਤਾਲੀ ਅਧਿਆਪਕ ਸਹਿਮਤ ਨਾ ਹੋਏ ਇਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।